ਮੁੱਖ ਮੰਤਰੀ ਨੇ ਵਿਧਾਇਕ ਅਤੇ ਵਜ਼ੀਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਭੇਜੇ
ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਵਰਗੇ ਹਾਲਾਤ ਨੂੰ ਦੇਖਦਿਆਂ ਸਮੁੱਚੇ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣ ਲਈ ਹਦਾਇਤ ਜਾਰੀ ਕੀਤੀ ਹੈ ਕਿ ਉਹ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਵਿਆਪਕ ਕਾਰਜ ਯੋਜਨਾ ਲਾਗੂ ਕਰੇ। ਉਨ੍ਹਾਂ ਵਜ਼ੀਰਾਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਆਪੋ ਆਪਣੇ ਖੇਤਰਾਂ ’ਚ ਮੌਜੂਦ ਰਹਿਣ ਅਤੇ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਨ ਵਾਸਤੇ ਕਿਹਾ ਹੈ। ਮੁੱਖ ਮੰਤਰੀ ਨਿੱਜੀ ਤੌਰ ’ਤੇ ਪੂਰਾ ਦਿਨ ਪ੍ਰਸ਼ਾਸਨ ਤੋਂ ਫੀਡ ਬੈਕ ਲੈਂਦੇ ਰਹੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲੀਸ ਕਪਤਾਨਾਂ ਨੂੰ ਰਾਹਤ ਕੰਮਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਵੀ ਦਿੱਤੀ। ਨੀਵੇਂ ਇਲਾਕਿਆਂ ਖ਼ਾਸ ਕਰਕੇ ਦਰਿਆਵਾਂ ਨੇੜਲੇ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਰਾਹਤ ਕੰਮਾਂ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਵਿਚ ਵੱਡੀ ਨਦੀ ਦਾ ਜਾਇਜ਼ਾ ਲਿਆ। ਉਧਰ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖਨੌਰੀ-ਮੂਨਕ ਖੇਤਰ ਵਿਚ ਘੱਗਰ ਦਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਬੇਸ਼ਕ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਪ੍ਰੰਤੂ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਹਰ ਜ਼ਿਲ੍ਹੇ ਵਿੱਚ ਵੀ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।