ਮੁੱਖ ਮੰਤਰੀ ਵੱਲੋਂ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਇੱਥੇ ਇੱਕ ਨਿੱਜੀ ਸਕੂਲ ਵਿੱਚ ਮਰਨ ਵਾਲੇ 12 ਸਾਲਾ ਲੜਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਅਤੇ ਘਟਨਾ ਦੀ ਪੂਰੀ ਜਾਂਚ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕਾਨੂੰਨ ਅਤੇ ਵਿਵਸਥਾ ਖਤਮ ਹੋ ਗਈ ਹੈ ਅਤੇ ਇਸ ਦਾ ਅਸਰ ਬੱਚਿਆਂ ’ਤੇ ਵੀ ਪੈ ਰਿਹਾ ਹੈ। ਛੇਵੀਂ ਜਮਾਤ ਦੇ ਵਿਦਿਆਰਥੀ ਪ੍ਰਿੰਸ (12) ਦੀ ਆਪਣੇ ਸਕੂਲ ਵਿੱਚ ਕੁਝ ਵਿਦਿਆਰਥੀਆਂ ਨਾਲ ਝਗੜੇ ਤੋਂ ਬਾਅਦ ਮੌਤ ਹੋ ਗਈ ਜਦੋਂ ਉਸ ਦੇ ਮੋਢੇ ਨਾਲ ਉਨ੍ਹਾਂ ਦਾ ਮੋਢਾ ਖਹਿ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਉਸ ਦੇ ਇੱਕ ਸਹਿਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਤਿਸ਼ੀ ਨੇ ਕੁਸਮਪੁਰ ਪਹਾੜੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਵਿੱਚ ਬੱਚੇ ਦੀ ਮੌਤ ਬਹੁਤ ਦੁਖਦਾਈ ਹੈ। ਅਸੀਂ ਸਿੱਖਿਆ ਵਿਭਾਗ ਵੱਲੋਂ ਜਾਂਚ ਕਰਵਾ ਰਹੇ ਹਾਂ ਅਤੇ ਜੇ ਸਕੂਲ ਦੀ ਕੋਈ ਲਾਪ੍ਰਵਾਹੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪ੍ਰਿੰਸ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਵਸੰਤ ਵਿਹਾਰ ਵਿੱਚ ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿੱਤਾ। ਬਾਅਦ ਵਿੱਚ, ਐਕਸ ’ਤੇ ਇੱਕ ਪੋਸਟ ਵਿੱਚ, ਮੁੱਖ ਮੰਤਰੀ ਨੇ ਕੌਮੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਅੱਜ ਦਿੱਲੀ ਵਿੱਚ ਅਪਰਾਧ ਫੈਲ ਰਿਹਾ ਹੈ, ਕਾਨੂੰਨ ਵਿਵਸਥਾ ਖਤਮ ਗਈ ਹੈ। ਹਿੰਸਾ, ਕਤਲ ਅਤੇ ਗੋਲੀਬਾਰੀ ਆਮ ਹੋ ਗਈ ਹੈ। ਇਸ ਦਾ ਅਸਰ ਬੱਚਿਆਂ ’ਤੇ ਵੀ ਪੈ ਰਿਹਾ ਹੈ। ਇਹ ਬਹੁਤ ਚਿੰਤਾਜਨਕ ਹੈ। ਦਿੱਲੀ ਦੀ ਕਾਨੂੰਨ ਵਿਵਸਥਾ ਅਤੇ ਪੁਲੀਸ ਕੇਂਦਰ ਦੇ ਅਧੀਨ ਆਉਂਦੇ ਹਨ। ਜ਼ਿਕਰਯੋੋਗ ਹੈ ਕਿ ਪ੍ਰਿੰਸ ਦੀ ਮੌਤ ਮਗਰੋਂ ਮਾਪਿਆਂ ਅਤੇ ਸਥਾਨਕ ਲੋਕਾਂ ਵਿੱਚ ਗੁੱਸਾ ਫੈਲ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ ਅਤੇ ਇਨਸਾਫ਼ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਸ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।
ਮ੍ਰਿਤਕ ਲੜਕੇ ਦਾ ਸਾਥੀ ਗ੍ਰਿਫ਼ਤਾਰ
ਦੱਖਣ-ਪੱਛਮੀ ਦਿੱਲੀ ਦੇ ਨਿੱਜੀ ਸਕੂਲ ਦੇ ਉਸ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਉਪਰ ਉਸ ਦੇ ਇੱਕ ਸਾਥੀ ਨੂੰ ਕਥਿਤ ਕਤਲ ਕਰਨ ਦੇ ਦੋਸ਼ ਹਨ। ਐੱਫਆਈਆਰ ਅਨੁਸਾਰ ਵਿਦਿਆਰਥੀ ਕਥਿਤ ਤੌਰ ’ਤੇ ਲੜਕੇ ਨੂੰ ਸਕੂਲ ਵਿੱਚ ਘੜੀਸਣ ਵਿੱਚ ਸ਼ਾਮਲ ਸੀ, ਡਿੱਗਣ ਤੋਂ ਪਹਿਲਾਂ, ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਅਤੇ ਬੇਹੋਸ਼ ਹੋ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੌਰਾਨ ਮੁੰਡਾ ਆਪਣੇ ਸਹਿਪਾਠੀ ਨੂੰ ਧੱਕਾ ਮਾਰਦਾ ਦਿਖਾਈ ਦਿੰਦਾ ਹੈ। ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਲੜਕੇ ਦਾ ਸਿਰ ਕੰਧ ਨਾਲ ਟਕਰਾਇਆ ਗਿਆ ਸੀ। ਨਾਬਾਲਗ ਨੇ ਪੁਲੀਸ ਨੂੰ ਦੱਸਿਆ ਕਿ ਇੱਕ ਮਾਮੂਲੀ ਮੁੱਦੇ ’ਤੇ ਬਹਿਸ ਹੋਈ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ, ਅਧਿਆਪਕਾਂ ਅਤੇ ਹੋਰ ਸਟਾਫ ਨੂੰ ਪੁੱਛਗਿੱਛ ਲਈ ਬੁਲਾਏ ਜਾਣ ਦੀ ਸੰਭਾਵਨਾ ਹੈ। ਨਾਬਾਲਗ ਦਾ ਪਿਤਾ ਏਜੰਸੀ ਵਿੱਚ ਕੰਮ ਕਰਦਾ ਹੈ ਜੋ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਵਿੱਚ ਸਹਾਇਤਾ ਕਰਦੀ ਹੈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਬਾਹਰ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਬੱਚੇ ਦੇ ਚਾਚੇ ਨੇ ਪੁਲੀਸ ’ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ’ਤੇ ਡਾਂਗਾਂ ਵਰ੍ਹਾਉਣ ਦਾ ਦੋਸ਼ ਲਗਾਇਆ। ਉਸ ਨੇ ਦਾਅਵਾ ਕੀਤਾ ਕਿ ਲੜਕੇ ਦਾ ਅੰਤਿਮ ਸੰਸਕਾਰ ਕਰਨ ਲਈ ਉਨ੍ਹਾਂ ਨੂੰ ਜ਼ਬਰਦਸਤੀ ਲਿਜਾਇਆ ਗਿਆ ਸੀ। ਉਨ੍ਹਾਂ ਨੇ ਕਈ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਜੋ ਸਾਡੇ ਸਮਰਥਨ ਲਈ ਆਏ ਸਨ। ਉਧਰ ਪੁਲੀਸ ਅਧਿਕਾਰੀ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਤੰਗ ਨਹੀਂ ਕੀਤਾ ਅਤੇ ਅੰਤਿਮ ਸੰਸਕਾਰ ਲਈ ਮਜਬੂਰ ਨਹੀਂ ਕੀਤਾ। ਇੱਕ ਅਧਿਕਾਰੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ। ਬੱਚੇ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਈਡਬਲਿਊਐੱਸ ਸ਼੍ਰੇਣੀ ਵਿੱਚੋਂ ਸੀ। ਲੜਕੇ ਦਾ ਪਿਤਾ ਨਾਲੀਆਂ ਦੀ ਮੁਰੰਮਤ ਕਰਦਾ ਹੈ ਜਦੋਂਕਿ ਉਸ ਦੀ ਮਾਂ ਘਰੇਲੂ ਕੰਮ ਕਰਦੀ ਹੈ। ਚਾਚੇ ਨੇ ਦੱਸਿਆ ਕਿ ਪ੍ਰਿੰਸ ਸਕੂਲ ਦੀ ਟੀਮ ਲਈ ਫੁਟਬਾਲ ਖੇਡਦਾ ਸੀ ਅਤੇ ਕਈ ਤਗਮੇ ਜਿੱਤੇ ਸਨ। ਉਸ ਦਾ ਸੁਪਨਾ ਫੁਟਬਾਲਰ ਬਣਨ ਦਾ ਸੀ।