For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਨੇ ਜਲੰਧਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

07:27 AM Aug 15, 2024 IST
ਮੁੱਖ ਮੰਤਰੀ ਨੇ ਜਲੰਧਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਜਲੰਧਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਹਤਿੰਦਰ ਮਹਿਤਾ
ਜਲੰਧਰ, 14 ਅਗਸਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਸ਼ਹਿਰ ਵਿੱਚ ਆਪਣੀ ਰਿਹਾਇਸ਼ ’ਤੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਇਨ੍ਹਾਂ ਸ਼ਿਕਾਇਤਾਂ ਦੇ ਹੱਲ ਲਈ ਢੁਕਵੇਂ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਵਚਨਬੱਧਤਾ ਦੁਹਰਾਈ। ਮੁੱਖ ਮੰਤਰੀ ਨੇ ਲੋਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੁਣ ਸਰਕਾਰਾਂ ਚੰਡੀਗੜ੍ਹ ਤੋਂ ਨਹੀਂ ਚੱਲ ਰਹੀਆਂ ਸਗੋਂ ਸੂਬੇ ਭਰ ਦੇ ਸ਼ਹਿਰਾਂ ਤੇ ਕਸਬਿਆਂ ਤੋਂ ਚਲਾਈਆਂ ਜਾ ਰਹੀਆਂ ਹਨ। ਹੁਣ ਅਧਿਕਾਰੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਪਿੰਡਾਂ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਾਝੇ ਅਤੇ ਦੁਆਬੇ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ਵਿੱਚ ਆਪਣੀ ਰਿਹਾਇਸ਼ ਰੱਖੀ ਹੈ। ਜਿਹੜੇ ਲੋਕ ਇੱਥੇ ਸ਼ਿਕਾਇਤਾਂ ਲੈ ਕੇ ਆ ਰਹੇ ਹਨ, ਉਨ੍ਹਾਂ ਦੇ ਸਾਰੇ ਕੰਮ ਸੁਚਾਰੂ ਢੰਗ ਨਾਲ ਹੋ ਰਹੇ ਹਨ।
ਇਸ ਦੌਰਾਨ ਲੁਧਿਆਣਾ ਤੋਂ ਆਈ ਇੱਕ ਔਰਤ ਨੇ ਮੁੱਖ ਮੰਤਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਉਸ ਦਾ ਮਾਮਲਾ ਸਾਲਾਂ ਤੋਂ ਲਟਕਿਆ ਹੋਇਆ ਹੈ। ਪਿਛਲੀਆਂ ਸਰਕਾਰਾਂ ’ਚੋਂ ਕਿਸੇ ਨੇ ਵੀ ਉਸ ਦਾ ਕੰਮ ਕਰਵਾਉਣ ਦੀ ਖੇਚਲ ਨਹੀਂ ਕੀਤੀ। ਹੁਣ ਮੁੱਖ ਮੰਤਰੀ ਨੇ ਉਸ ਦੀ ਗੱਲ ਸੁਣੀ ਹੈ ਅਤੇ ਉਸ ਦਾ ਕੰਮ ਕਰਵਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਹਨ।
ਇਸ ਦੌਰਾਨ ਸੁਖਵਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਇਹ ਸ਼ਲਾਘਾਯੋਗ ਕਦਮ ਹੈ। ਉਸ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਹਨ। ਪਿੰਡ ਕੋਟ ਕਲਾਂ ਤੋਂ ਆਈ ਇੱਕ ਹੋਰ ਔਰਤ ਜਸਵੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਹੀ ਉਸ ਨੂੰ ਸਹੁਰਿਆਂ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਮੁੱਖ ਮੰਤਰੀ ਨੂੰ ਮਿਲੀ ਜਿਨ੍ਹਾਂ ਨੇ ਉਸ ਦੀ ਸਮੱਸਿਆ ਦੇ ਜਲਦੀ ਹੱਲ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਉਪਰਾਲਾ ਸੂਬੇ ਦੇ ਵਸਨੀਕਾਂ ਖਾਸ ਕਰਕੇ ਆਮ ਆਦਮੀ ਲਈ ਵਰਦਾਨ ਸਾਬਤ ਹੋ ਰਿਹਾ ਹੈ।

Advertisement

ਮੁੱਖ ਮੰਤਰੀ ਅੱਜ ਜਲੰਧਰ ’ਚ ਲਹਿਰਾਉਣਗੇ ਤਿਰੰਗਾ

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣ ਵਾਲੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਣਗੇ। ਇਸ ਸਬੰਧੀ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਪੁਲੀਸ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਜਾਣ ਵਾਲੇ ਰਸਤਿਆਂ ਲਈ ਰੂਟ ਡਾਈਵਰਟ ਪਲਾਨ ਜਾਰੀ ਕੀਤਾ ਹੈ ਜੋ ਅੱਜ ਦੇਰ ਸ਼ਾਮ ਤੋਂ ਲਾਗੂ ਹੋ ਗਿਆ ਅਤੇ 15 ਅਗਸਤ ਨੂੰ ਦੁਪਹਿਰ 1 ਵਜੇ ਤੱਕ ਚੱਲੇਗਾ। ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਜਾਰੀ ਰੂਟ ਪਲਾਨ ਅਨੁਸਾਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਜਾਣ ਵਾਲੇ ਰਸਤਿਆਂ ਨੂੰ ਗੁਰੂ ਨਾਨਕ ਮਿਸ਼ਨ ਚੌਕ, ਮਸੰਦ ਚੌਕ ਅਤੇ ਏਪੀਜੇ ਕਾਲਜ ਮਹਾਵੀਰ ਮਾਰਗ ਤੋਂ ਮੋੜਿਆ ਜਾਵੇਗਾ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਨਾਲ-ਨਾਲ ਮੁੱਖ ਮਾਰਗ ਅਤੇ ਲਿੰਕ ਸੜਕਾਂ ਦੀ ਵਰਤੋਂ ਕਰਨ ਦੀ ਬਜਾਏ ਟਰੈਫਿਕ ਨੂੰ ਡਾਇਵਰਟ ਕੀਤੇ ਰਸਤਿਆਂ ਵੱਲ ਭੇਜਿਆ ਜਾਵੇਗਾ।

Advertisement

Advertisement
Author Image

joginder kumar

View all posts

Advertisement