For the best experience, open
https://m.punjabitribuneonline.com
on your mobile browser.
Advertisement

ਖ਼ਾਮੋਸ਼ ਹੋ ਗਈ ਰੇਡੀਓ ਦੀ ਕ੍ਰਿਸ਼ਮਈ ਆਵਾਜ਼

11:36 AM Feb 25, 2024 IST
ਖ਼ਾਮੋਸ਼ ਹੋ ਗਈ ਰੇਡੀਓ ਦੀ ਕ੍ਰਿਸ਼ਮਈ ਆਵਾਜ਼
Advertisement

ਕ੍ਰਿਸ਼ਨ ਕੁਮਾਰ ਰੱਤੂ

ਅਮੀਨ ਸਯਾਨੀ ਸਰੋਤਿਆਂ ਨੂੰ ਆਪਣੀ ਆਵਾਜ਼ ਨਾਲ ਕੀਲਣ ਵਾਲਾ ਅਜਿਹਾ ਰੇਡੀਓ ਪੇਸ਼ਕਾਰ ਸੀ ਜਿਸ ਨੂੰ ‘ਭਾਰਤ ਦਾ ਲੈਰੀ ਕਿੰਗ’ (ਲੈਰੀ ਕਿੰਗ ਅਮਰੀਕੀ ਲੇਖਕ ਅਤੇ ਰੇਡੀਓ ਤੇ ਟੀਵੀ ਪੇਸ਼ਕਾਰ ਸੀ) ਕਿਹਾ ਜਾਂਦਾ ਹੈ। ਰੇਡੀਓ ਦੀ ਦੁਨੀਆ ਦੀ ਇਹ ਦਮਦਾਰ ਤੇ ਕ੍ਰਿਸ਼ਮਈ ਆਵਾਜ਼ 21 ਫਰਵਰੀ ਨੂੰ ਸਦਾ ਲਈ ਖ਼ਾਮੋਸ਼ ਹੋ ਗਈ। ਅਮੀਨ ਸਯਾਨੀ ਨੇ 91 ਵਰ੍ਹਿਆਂ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖੀ ਹੈ। ਉਸ ਦੇ ਚਲਾਣੇ ਨਾਲ ਭਾਰਤੀ ਰੇਡੀਓ ਬ੍ਰਾਡਕਾਸਟਿੰਗ ਸੇਵਾ ਦਾ ਇੱਕ ਸੁਨਹਿਰੀ ਯੁੱਗ ਖ਼ਤਮ ਹੋ ਗਿਆ ਹੈ। ਰੇਡੀਓ ਸੁਣਨ ਦੇ ਸ਼ੌਕੀਨ ਲੋਕਾਂ ਦੇ ਕੰਨਾਂ ’ਚ ਅੱਜ ਵੀ ਉਸ ਦੀ ਆਵਾਜ਼ ‘ਨਮਸਕਾਰ ਬਹਿਨੋ ਔਰ ਭਾਈਓ, ਮੈਂ ਆਪਕਾ ਦੋਸਤ ਅਮੀਨ ਸਯਾਨੀ ਬੋਲ ਰਹਾ ਹੂੰ’ ਗੂੰਜਦੀ ਹੈ।
ਅਮੀਨ ਸਯਾਨੀ ਇੱਕੀ ਦਸੰਬਰ 1932 ਨੂੰ ਮੁੰਬਈ ਵਿੱਚ ਜਨਮਿਆ। ਉਸ ਦੇ ਭਰਾ ਹਾਮਿਦ ਸਯਾਨੀ ਨੇ ਆਲ ਇੰਡੀਆ ਰੇਡੀਓ, ਮੁੰਬਈ ਵਿੱਚ ਰੇਡੀਓ ਪੇਸ਼ਕਾਰ ਵਜੋਂ ਜੀਵਨ ਸ਼ੁਰੂ ਕਰਨ ਲਈ ਉਸ ਦੀ ਸਿਫ਼ਾਰਿਸ਼ ਕੀਤੀ ਸੀ। ਇਉਂ ਉਸ ਨੇ ਨੇ ਆਪਣੇ ਪੇਸ਼ੇਵਾਰ ਜੀਵਨ ਦੀ ਸ਼ੁਰੂਆਤ ਰੇਡੀਓ ਦੀ ਅੰਗਰੇਜ਼ੀ ਬਾਲ ਸੇਵਾ ’ਚ ਪੇਸ਼ਕਾਰ ਵਜੋਂ ਕੀਤੀ। 1947 ਵਿੱਚ ਦੇਸ਼ ਨੂੰ ਅੰਗਰੇਜ਼ਾਂ ਦੇ ਰਾਜ ਤੋਂ ਆਜ਼ਾਦੀ ਮਿਲਣ ਮਗਰੋਂ ਸਯਾਨੀ ਨੇ ਹਿੰਦੀ ਭਾਸ਼ਾ ਵਿੱਚ ਰੇਡੀਓ ਪੇਸ਼ਕਾਰੀ ਸ਼ੁਰੂ ਕੀਤੀ। 1952 ਵਿੱਚ ਉਹ ਰੇਡੀਓ ਸੀਲੋਨ ਦਾ ਹਿੱਸਾ ਬਣਿਆ ਅਤੇ ਉਸ ਦਾ ਸ਼ੋਅ ‘ਬਿਨਾਕਾ ਗੀਤਮਾਲਾ’ ਰੇਡੀਓ ਦੇ ਇਤਿਹਾਸ ਦਾ ਮੀਲ ਪੱਥਰ ਬਣ ਗਿਆ। ਇਸ ਸ਼ੋਅ ਵਿੱਚ ਗੀਤਕਾਰ, ਸੰਗੀਤਕਾਰ ਅਤੇ ਉਨ੍ਹਾਂ ਦੀਆਂ ਗੱਲਾਂਬਾਤਾਂ ਤੇ ਯਾਦਾਂ ਦਾ ਜ਼ਿਕਰ ਹੁੰਦਾ ਸੀ। ਉਹ 1952 ਤੋਂ 1988 ਤੱਕ ਰੇਡੀਓ ਸੀਲੋਨ ਨਾਲ ਜੁੜਿਆ ਰਿਹਾ। ਉਸ ਨੇ ਆਪਣੀ ਸਾਰੀ ਉਮਰ ਰੇਡੀਓ ਨੂੰ ਸਮਰਪਿਤ ਕਰ ਦਿੱਤੀ। ਮੈਨੂੰ ਆਪਣੇ 45 ਸਾਲ ਦੀ ਬਰਾਡਕਾਸਟਿੰਗ ਸੇਵਾ ਦੇ ਸਫ਼ਰ ਵਿੱਚ ਉਸ ਤੋਂ ਕਈ ਅਦਭੁੱਤ ਗੱਲਾਂ ਸਿੱਖਣ ਦਾ ਮੌਕਾ ਮਿਲਿਆ। ਉਹ ਰੇਡੀਓ ਦੀ ਚਲਦੀ ਫਿਰਦੀ ਡਿਕਸ਼ਨਰੀ ਅਤੇ ਲਾਇਬਰੇਰੀ ਸੀ। ਰੇਡੀਓ ਰਾਹੀਂ ਪੇਸ਼ਕਾਰੀ ਤੇ ਸਰੋਤਿਆਂ ਨਾਲ ਸਿੱਧਾ ਸੰਵਾਦ ਕਰਨ ਦੀ ਕਲਾ ਦਾ ਉਹ ਮਾਹਿਰ ਸੀ। ਕਦੇ ਉਹ ਗਾਇਕ ਬਣਨਾ ਚਾਹੁੰਦਾ ਸੀ ਪਰ ਇੱਕ ਪ੍ਰਸਿੱਧ ਰੇਡੀਓ ਪੇਸ਼ਕਾਰ ਬਣ ਗਿਆ। ਉਸ ਦਾ ਮੰਨਣਾ ਸੀ ਕਿ ਚੰਗੀ ਹਿੰਦੀ ਬੋਲਣ ਲਈ ਉਰਦੂ ਦਾ ਕੁਝ ਗਿਆਨ ਹੋਣਾ ਜ਼ਰੂਰੀ ਹੈ। ਉਸ ਦਾ ਇੱਕ ਰੇਡੀਓ ਸ਼ੋਅ ‘ਕੁਮਾਰ ਕਾ ਫਿਲਮੀ ਮੁਕੱਦਮਾ’ ਵੀ ਵਿਵਿਧ ਭਾਰਤੀ ’ਤੇ ਖ਼ੂਬ ਚੱਲਿਆ ਜੋ ਵਿਵਿਧ ਭਾਰਤੀ ਰੇਡੀਓ ਦਾ ਪਹਿਲਾ ਪ੍ਰਯੋਜਿਤ ਪ੍ਰੋਗਰਾਮ ਸੀ।
ਅਮੀਨ ਸਯਾਨੀ ਨੂੰ ਪੇਸ਼ਕਾਰੀ ਲਈ ਢੁੱਕਵੀਂ ਆਵਾਜ਼ ਦਾ ਉਤਰਾਅ ਚੜ੍ਹਾਅ ਆਪਣੀ ਮਾਂ ਕੁਲਸੁਮ ਸਯਾਨੀ ਤੋਂ ਮਿਲਿਆ। ਉਸ ਦੇ ਘਰ ਦਾ ਮਾਹੌਲ ਸਾਹਿਤਕ ਅਤੇ ਰਚਨਾਤਮਿਕ ਕਾਰਜਾਂ ਲਈ ਸਾਜ਼ਗਾਰ ਸੀ। ਉਸ ਦੀ ਮਾਂ ‘ਰਹਬਿਰ’ ਰਸਾਲੇ ਦੀ ਸੰਪਾਦਕ ਸੀ। ਅਮੀਨ ਸਯਾਨੀ ਨੇ ਤੇਰ੍ਹਾਂ ਸਾਲ ਦੀ ਉਮਰ ’ਚ ‘ਰਹਬਿਰ’ ਲਈ ਲਿਖਣਾ ਸ਼ੁਰੂ ਕਰ ਦਿੱਤਾ। ਉਸ ਦਾ ਭਰਾ ਹਮੀਦ ਸਯਾਨੀ ਰੇਡੀਓ ਪ੍ਰਸਾਰਨਕਾਰਾਂ ’ਚ ਇੱਕ ਵੱਡਾ ਨਾਮ ਸੀ।
ਅਮੀਨ ਸਯਾਨੀ ਨੇ ਆਪਣੇ ਜੀਵਨ ਵਿੱਚ 55 ਹਜ਼ਾਰ ਤੋਂ ਜ਼ਿਆਦਾ ਪ੍ਰੋਗਰਾਮ ਰਿਕਾਰਡ ਕੀਤੇ ਅਤੇ 46,000 ਤੋਂ ਜ਼ਿਆਦਾ ਰੇਡੀਓ ਜਿੰਗਲ ਪੇਸ਼ ਕੀਤੇ। ਉਸ ਦੇ ਰੇਡੀਓ ਪ੍ਰੋਗਰਾਮ ਰਿਕਾਰਡ ਕਰ ਕੇ ਬਾਅਦ ਵਿੱਚ ਖਾੜੀ ਦੇ ਦੇਸ਼ਾਂ, ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਜਾਣ ਲੱਗੇ ਸਨ। ਬੀਬੀਸੀ ਹਿੰਦੀ ਲਈ ਉਸ ਦਾ ਫਿਲਮੀ ਸਿਤਾਰਿਆਂ ਦੀ ਇੰਟਰਵਿਊ ਦਾ ਰੇਡੀਓ ਪ੍ਰੋਗਰਾਮ ਵੀ ਬੇਹੱਦ ਮਕਬੂਲ ਰਿਹਾ। ਉਹ ਕੰਮ ਲਈ ਉਤਾਵਲਾ ਰਹਿੰਦਾ। ਉਸ ਨੇ ਆਪਣੇ ਅੰਤਲੇ ਦਿਨਾਂ ਦੌਰਾਨ ਫੋਨ ’ਤੇ ਗੱਲ ਕਰਦਿਆਂ ਇੱਕ ਵਾਰ ਕਿਹਾ ਸੀ: ‘‘ਮੈਨੂੰ ਇੱਕ ਹੀ ਗਿਲਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਆਤਮਕਥਾ ਨਹੀਂ ਲਿਖ ਸਕਿਆ ਤਾਂ ਜੋ ਮੈਂ ਦੱਸ ਸਕਦਾ ਕਿ ਰੇਡੀਓ ਦੀ ਆਵਾਜ਼ ਦਾ ਜਾਦੂ ਹੁੰਦਾ ਕੀ ਹੈ।’’
ਭਾਰਤ ਸਰਕਾਰ ਦੇ ਪਦਮ ਸ੍ਰੀ ਦੇ ਨਾਲ ਨਾਲ ਉਸ ਨੂੰ ਦੁਨੀਆ ਭਰ ਦੇ ਮਾਣ ਸਨਮਾਨ ਮਿਲੇ। ਉਸ ਨੇ ਕਈ ਫਿਲਮਾਂ ਵਿੱਚ ਵੀ ਅਨਾਉਂਸਰ ਦੀ ਭੂਮਿਕਾ ਨਿਭਾਈ। ਉਸ ਦੀ ਬੁਲੰਦ ਆਵਾਜ਼ ਦੀਆਂ ਯਾਦਾਂ ਸਾਡੀਆਂ ਰੂਹਾਂ ਨੂੰ ਸਦਾ ਸਰਸ਼ਾਰ ਕਰਦੀਆਂ ਰਹਿਣਗੀਆਂ।

Advertisement

* ਲੇਖਕ ਉੱਘਾ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦਾ ਸਾਬਕਾ ਉਪ ਮਹਾਨਿਰਦੇਸ਼ਕ ਹੈ।
ਸੰਪਰਕ: 94787-30156

Advertisement

Advertisement
Author Image

sukhwinder singh

View all posts

Advertisement