ਵਿਸਤਾਰਾ ਦੀਆਂ ਚੁਣੌਤੀਆਂ
ਏਅਰ ਇੰਡੀਆ ਨਾਲ ਆਪਣਾ ਰਲੇਵਾਂ ਹੋਣ ਤੋਂ ਪਹਿਲਾਂ ਵਿਸਤਾਰਾ ਏਅਰਲਾਈਨਜ਼ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਸਿੱਝਣਾ ਪੈ ਰਿਹਾ ਹੈ। ਇਸ ਦੇ ਪਾਇਲਟ ਵਿਰੋਧ ਕਰ ਰਹੇ ਹਨ ਅਤੇ ਕੰਮ ਕਾਜ ਵਿਚ ਅੜਿੱਕੇ ਪੈਦਾ ਹੋਣ ਕਰ ਕੇ ਰਲੇਵੇਂ ਨਾਲ ਜੁੜੀਆਂ ਦਿੱਕਤਾਂ ਸਮੱਸਿਆਵਾਂ ਕਰ ਕੇ ਉਡਾਣਾਂ ਰੱਦ ਹੋ ਰਹੀਆਂ ਹਨ ਜਾਂ ਇਨ੍ਹਾਂ ਵਿਚ ਦੇਰੀ ਹੋ ਰਹੀ ਹੈ ਜਿਸ ਕਰ ਕੇ ਹਜ਼ਾਰਾਂ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਏਅਰਲਾਈਨ ਕੰਪਨੀ ਵਿਚ ਚੱਲ ਰਹੀ ਉਥਲ ਪੁਥਲ ਦੀ ਮੂਲ ਵਜ੍ਹਾ ਪਾਇਲਟਾਂ ਦੀਆਂ ਤਨਖਾਹਾਂ ਦੇ ਸੋਧੇ ਹੋਏ ਢਾਂਚੇ ਨੂੰ ਲੈ ਕੇ ਪ੍ਰਬੰਧਕਾਂ ਨਾਲ ਬਣੀ ਬੇਭਰੋਸਗੀ ਹੈ। ਦੋਵੇਂ ਕੰਪਨੀਆਂ ਦੇ ਰਲੇਵੇਂ ਦੇ ਪੇਸ਼ੇਨਜ਼ਰ ਨਵਾਂ ਤਨਖ਼ਾਹ ਢਾਂਚਾ ਲਾਗੂ ਕੀਤਾ ਗਿਆ ਸੀ ਜਿਸ ਕਰ ਕੇ ਪਾਇਲਟ ਖਫ਼ਾ ਸਨ ਅਤੇ ਬਹੁਤ ਸਾਰੇ ਪਾਇਲਟ ਬਿਮਾਰੀ ਦੀ ਛੁੱਟੀ ਲੈ ਕੇ ਚਲੇ ਗਏ ਹਨ ਜਿਸ ਕਰ ਕੇ ਉਡਾਣਾਂ ਦੇ ਸੰਚਾਲਨ ਵਿਚ ਵਿਘਨ ਪੈ ਗਿਆ ਹੈ। ਕੰਟਰੈਕਟ ਦੀਆਂ ਸੋਧੀਆਂ ਹੋਈਆਂ ਸ਼ਰਤਾਂ ਵਿਚ ਇਕ ਮੱਦ ਇਹ ਵੀ ਸ਼ਾਮਲ ਹੈ ਕਿ 70 ਘੰਟਿਆਂ ਦੀ ਬਜਾਇ 40 ਘੰਟਿਆਂ ਦੀ ਸ਼ਿਫ਼ਟ ਲਈ ਮੁਕੱਰਰ ਤਨਖਾਹ ਹੋਵੇਗੀ ਜਿਸ ਤੋਂ ਪਾਇਲਟਾਂ ਦੇ ਮਨ ਵਿਚ ਸ਼ੰਕੇ ਪੈਦਾ ਹੋ ਗਏ ਹਨ ਕਿ ਇਸ ਕਰ ਕੇ ਰਲੇਵੇਂ ਤੋਂ ਬਾਅਦ ਉਨ੍ਹਾਂ ਦੀ ਆਮਦਨ ਅਤੇ ਤਰੱਕੀ ਦੇ ਮੌਕਿਆਂ ਉੱਪਰ ਮਾੜਾ ਅਸਰ ਪੈ ਸਕਦਾ ਹੈ।
ਸੰਕਟ ਹੱਲ ਨਾ ਹੋਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਖ਼ਲਅੰਦਾਜ਼ੀ ਕਰਦੇ ਹੋਏ ਵਿਸਤਾਰਾ ਏਅਰਲਾਈਨਜ਼ ਤੋਂ ਉਡਾਣਾਂ ਰੱਦ ਹੋਣ ਤੇ ਦੇਰੀ ਹੋਣ ਬਾਬਤ ਤਫ਼ਸੀਲ ਵਿਚ ਰਿਪੋਰਟ ਮੰਗੀ ਹੈ। ਇਸ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਏਅਰਲਾਈਨ ਤੋਂ ਰੋਜ਼ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਮੁਸਾਫ਼ਰਾਂ ਦੀ ਖੱਜਲ ਖੁਆਰੀ ਨੂੰ ਘੱਟ ਕਰਨ ਲਈ ਏਅਰਲਾਈਨ ਦੇ ਕੰਮ ਕਾਜ ’ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਹਾਲਾਂਕਿ ਵਿਸਤਾਰਾ ਨੇ ਫ਼ੌਰੀ ਸੰਕਟ ਨਾਲ ਸਿੱਝਣ ਲਈ ਕਈ ਕਦਮ ਉਠਾਏ ਹਨ ਜਿਨ੍ਹਾਂ ਵਿਚ ਉਡਾਣਾਂ ਦੀ ਸੰਖਿਆ ਵਿਚ ਆਰਜ਼ੀ ਤੌਰ ’ਤੇ ਕਟੌਤੀ ਕਰਨਾ ਅਤੇ ਕੁਝ ਚੋਣਵੇਂ ਮਾਰਗਾਂ ’ਤੇ ਵੱਡੇ ਜਹਾਜ਼ ਤਾਇਨਾਤ ਕਰਨ ਅਤੇ ਪ੍ਰਭਾਵਿਤ ਮੁਸਾਫ਼ਰਾਂ ਦਾ ਕਿਰਾਇਆ ਵਾਪਸ ਕਰਨ ਦੇ ਉਪਰਾਲੇ ਸ਼ਾਮਲ ਹਨ ਪਰ ਮੌਜੂਦਾ ਸਥਿਤੀ ਨਾਲ ਸਿੱਝਣ ਲਈ ਕਈ ਹੋਰ ਵਿਆਪਕ ਉਪਰਾਲਿਆਂ ਦੀ ਲੋੜ ਹੈ। ਹੁਣ ਜਦੋਂ ਦੋਵੇਂ ਕੰਪਨੀਆਂ ਦਾ ਰਲੇਵਾਂ ਲਗਭਗ ਤੈਅ ਹੋ ਗਿਆ ਹੈ ਤਾਂ ਮੁਲਾਜ਼ਮਾਂ ਦੀ ਭਲਾਈ ਅਤੇ ਮੁਸਾਫ਼ਰਾਂ ਦੀ ਸੰਤੁਸ਼ਟੀ ਪਰਮ ਤਰਜੀਹ ਹੋਣੀ ਚਾਹੀਦੀ ਹੈ।
ਵਿਸਤਾਰਾ ਦੀਆਂ ਚੁਣੌਤੀਆਂ ਸ਼ਹਿਰੀ ਹਵਾਬਾਜ਼ੀ ਖੇਤਰ ਵਿਚ ਹੋਣ ਵਾਲੇ ਰਲੇਵਿਆਂ ਦੀਆਂ ਜਟਿਲਤਾਵਾਂ ਦੀ ਯਾਦ ਦਿਵਾਉਂਦੀਆਂ ਹਨ। ਇਸ ਉਥਲ ਪੁਥਲ ਦੇ ਸਮੇਂ ’ਚੋਂ ਗੁਜ਼ਰਨ ਲਈ ਸਰਗਰਮ ਉਪਰਾਲੇ ਅਤੇ ਆਪਸੀ ਤਾਲਮੇਲ ਦੀ ਬਹੁਤ ਜ਼ਰੂਰਤ ਹੈ। ਜਿਵੇਂ ਮੁਸਾਫ਼ਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵਿਸਤਾਰਾ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਮੂਲ ਮੁੱਦਿਆਂ ਨੂੰ ਤੇਜ਼ੀ ਨਾਲ ਸੁਲਝਾਵੇ ਅਤੇ ਆਪਣੇ ਕੰਮ ਕਾਜ ਪ੍ਰਤੀ ਭਰੋਸਾ ਬਹਾਲ ਕਰੇ।