ਪਨਸਪ ਦੇ ਚੇਅਰਮੈਨ ਨੇ ਅਧਿਆਪਕਾਂ ਨੂੰ ਬੂਟੇ ਵੰਡੇ
ਦਲਬੀਰ ਸੱਖੋਵਾਲੀਆ
ਬਟਾਲਾ, 6 ਅਗਸਤ
ਪੰਜਾਬ ਪਨਸਪ ਚੇਅਰਮੈਨ ਅਤੇ ‘ਆਪ’ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਲਬੀਰ ਸਿੰਘ ਪੰਨੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਕਰਪੁਰਾ ’ਚ ਬੂਟੇ ਲਗਾਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਅਤੇ ਪਿੰਡ ਦੇ ਹੋਰ ਮੋਹਤਬਰਾਂ ਨੂੰ ਪੌਦਿਆਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਲੰਘੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਵਾਤਾਵਰਨ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਇਹ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਹੈ। ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਦੇ ਸਹਿਯੋਗ ਨਾਲ ਅੱਜ ਇਥੇ ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨੂੰ ਬੂਟੇ ਵੀ ਵੰਡੇ। ਚੇਅਰਮੈਨ ਪੰਨੂੰ ਨੇ ਦੱਸਿਆ ਕਿ ਸੂਬੇ ਦੀ ‘ਆਪ’ ਸਰਕਾਰ ਨੇ ਪੰਜਾਬ ਨੂੰ ਸ਼ੁੱਧ ਵਾਤਾਵਰਨ ਦੇਣ ਲਈ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ।
ਵਾਤਾਵਰਨ ਸੁਸਾਇਟੀ ਨੇ ਸੱਤਵਾਂ ਜੰਗਲ ਲਾਇਆ
ਸ਼ਾਹਕੋਟ (ਪੱਤਰ ਪ੍ਰੇਰਕ): ਵਾਤਾਵਰਨ ਸੁਸਾਇਟੀ ਲੋਹੀਆਂ ਖਾਸ ਨੇ ਇਸ ਸੀਜ਼ਨ ਦਾ ਪਹਿਲਾ ਅਤੇ ਹੁਣ ਤੱਕ ਦਾ ਸੱਤਵਾਂ ਜੰਗਲ ਪਿੰਡ ਗਿੱਦੜਪਿੰਡੀ ਵਿਚ ਲਗਾਇਆ ਹੈ। 3 ਕਨਾਲਾਂ ਵਿਚ ਲਗਾਏ ਇਸ ਜੰਗਲ ਵਿਚ 51 ਕਿਸਮਾਂ ਦੇ 600 ਬੂਟੇ ਲਗਾਏ ਗਏ ਹਨ। ਲਖਵਿੰਦਰ ਸਿੰਘ ਗਿੱਦੜਪਿੰਡੀ ਨੇ ਜੰਗਲ ਵਾਸਤੇ ਆਪਣੇ ਦਾਦਾ ਬਚਨ ਸਿੰਘ ਅਤੇ ਪਿਤਾ ਸਰਵਣ ਸਿੰਘ ਦੀ ਯਾਦ ਵਿਚ ਜ਼ਮੀਨ ਦਾਨ ਕਰ ਕੇ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਜੰਗਲ ਲਗਾਉਣ ਮੌਕੇ ਜ਼ਮੀਨ ਦਾਨੀ ਦੇ ਪਰਿਵਾਰਕ ਮੈਂਬਰ ਨਿਰੰਜਨ ਕੌਰ, ਬਲਵਿੰਦਰ ਕੌਰ, ਨਿਰਮਲ ਸਿੰਘ, ਰਣਧੀਰ ਸਿੰਘ, ਰਘੁਬੀਰ ਸਿੰਘ, ਸਰਤਾਜ ਸਿੰਘ, ਗੁਰਤਾਜ ਸਿੰਘ ਅਤੇ ਰਣਬੀਰ ਸਿੰਘ ਮੌਜੂਦ ਸਨ। ਜੰਗਲ ਲਗਾਉਣ ਵਿਚ ਮੁਖਤਿਆਰ ਸਿੰਘ, ਸਿਮਰ ਸੰਧਾ, ਭਜਨ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਭਰਪੂਰ ਯੋਗਦਾਨ ਪਾਇਆ ਗਿਆ।