For the best experience, open
https://m.punjabitribuneonline.com
on your mobile browser.
Advertisement

ਕੇਂਦਰ ਸਰਕਾਰ ਪੰਜਾਬ ਦਾ ਪੂਰਾ ਕਰਜ਼ਾ ਮੁਆਫ ਕਰੇ: ਮਨੀਸ਼ ਤਿਵਾੜੀ

06:37 AM Aug 05, 2024 IST
ਕੇਂਦਰ ਸਰਕਾਰ ਪੰਜਾਬ ਦਾ ਪੂਰਾ ਕਰਜ਼ਾ ਮੁਆਫ ਕਰੇ  ਮਨੀਸ਼ ਤਿਵਾੜੀ
ਸ੍ਰੀ ਆਨੰਦਪੁਰ ਸਾਹਿਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ।
Advertisement

ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 4 ਅਗਸਤ
ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅੱਜ ਆਪਣੀ ਜਿੱਤ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ, ਜਿਸ ਉਪਰੰਤ ਉਨ੍ਹਾਂ ਨੇ ਪੱਤਰਕਾਰਾਂ ਨਾਲ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕੀਤੀ। ਸ੍ਰੀ ਤਿਵਾੜੀ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਬਿਨਾਂ ਦੇਸ਼ ਦੀ ਤਰੱਕੀ ਦੇ ਨਹੀਂ ਹੋ ਸਕਦੀ, ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਸਿਰ ਚੜ੍ਹਿਆ ਸੰਪੂਰਨ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸੰਧਵਾਂ ਨੂੰ ਵਿਦੇਸ਼ ਜਾਣ ਦੇ ਲਈ ਵੀਜ਼ਾ ਨਾ ਮਿਲਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਨੀਸ਼ ਤਿਵਾੜੀ ਨੇ ਕਿਹਾ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਓਲੰਪਿਕ ਦੇਖਣ ਦੇ ਲਈ ਵਿਦੇਸ਼ ਜਾਣ ਦਾ ਵੀਜ਼ਾ ਨਾ ਦੇਣਾ ਅਤਿ ਦਰਜੇ ਦੀ ਘਟੀਆ ਅਤੇ ਨੀਵੇਂ ਪੱਧਰ ਦੀ ਰਾਜਨੀਤੀ ਦੀ ਨਿਸ਼ਾਨੀ ਹੈ। ਚੰਡੀਗੜ੍ਹ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਦੇ ਉਦਘਾਟਨ ਦੇ ਸਬੰਧ ਵਿੱਚ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ 24 ਘੰਟੇ ਪਾਣੀ ਮਿਲਣਾ ਚਾਹੀਦਾ, ਇਸ ਲਈ ਉਹ ਕਾਮਨਾ ਕਰਦੇ ਹਨ ਕਿ ਇਹ ਪ੍ਰਾਜੈਕਟ ਸਫਲਤਾ ਪੂਰਵਕ ਸਿਰੇ ਚੜ੍ਹੇ।
ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਬਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਗ੍ਰਿਫਤਾਰੀ ਵੀ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਇਸ ਮਾਮਲੇ ’ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਭਾਰਤ ਭੂਸ਼ਣ ਆਸ਼ੂ ਨੂੰ ਇਨਸਾਫ ਮਿਲੇਗਾ। ਇਸ ਤੋਂ ਇਲਾਵਾ ਇਲਾਕੇ ਅੰਦਰ ਹੋ ਰਹੀ ਨਾਜਾਇਜ਼ ਮਾਈਨਿੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਲੋਕ ਸਭਾ ਮੈਂਬਰ ਨੇ ਕਿਹਾ ਕਿ ਜਿਹੜੇ ਇਸ ਮਾਮਲੇ ਵਿੱਚ ਵੱਡੇ ਦੋਸ਼ੀ ਹਨ, ਉਨ੍ਹਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੇ ਕੇਵਲ ਛੋਟੇ ਲੋਕਾਂ ’ਤੇ ਪਰਚੇ ਨਹੀਂ ਦੇਣੇ ਚਾਹੀਦੇ।
ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੋ ਕੁਝ ਉਸ ਸਮੇਂ ਪੰਜਾਬ ਵਿੱਚ ਹੋਇਆ, ਉਹ ਬੇਹੱਦ ਮੰਦਭਾਗਾ ਸੀ ਤੇ ਇਸ ਮਾਮਲੇ ਵਿੱਚ ਅਪਰਾਧੀ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

Advertisement

Advertisement
Author Image

Advertisement
Advertisement
×