For the best experience, open
https://m.punjabitribuneonline.com
on your mobile browser.
Advertisement

ਕੋਵਿਨ ਡੇਟਾ ’ਚ ਸੰਨ੍ਹ ਦੇ ਦਾਅਵਿਆਂ ਨੂੰ ਕੇਂਦਰ ਸਰਕਾਰ ਨੇ ਨਕਾਰਿਆ

06:20 PM Jun 23, 2023 IST
ਕੋਵਿਨ ਡੇਟਾ ’ਚ ਸੰਨ੍ਹ ਦੇ ਦਾਅਵਿਆਂ ਨੂੰ ਕੇਂਦਰ ਸਰਕਾਰ ਨੇ ਨਕਾਰਿਆ
Advertisement

ਨਵੀਂ ਦਿੱਲੀ, 12 ਜੂਨ

ਮੁੱਖ ਅੰਸ਼

Advertisement

  • ਰਿਪੋਰਟਾਂ ਸ਼ਰਾਰਤਪੂਰਣ ਅਤੇ ਨਿਰਾਧਾਰ ਹੋਣ ਦਾ ਕੀਤਾ ਦਾਅਵਾ
  • ਸਿਹਤ ਮੰਤਰਾਲੇ ਮੁਤਾਬਕ ਸੀਈਆਰਟੀ-ਇਨ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ

ਕੋਵਿਨ ਪਲੈਟਫਾਰਮ ‘ਤੇ ਰਜਿਸਟਰਡ ਲਾਭਪਾਤਰੀਆਂ ਦੇ ਡੇਟਾ ‘ਚ ਸੰਨ੍ਹ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਦਾ ਅੱਜ ਕੇਂਦਰ ਸਰਕਾਰ ਨੇ ਖੰਡਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਰਿਪੋਰਟਾਂ ਸ਼ਰਾਰਤਪੂਰਣ ਅਤੇ ਨਿਰਾਧਾਰ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਦੇਸ਼ ਦੀ ਨੋਡਲ ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀ-ਇਨ ਵੱਲੋਂ ਕੀਤੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਕੋਵਿਨ ਪੋਰਟਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਡੇਟਾ ਨਿੱਜਤਾ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਬਾਰੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਤੁਰੰਤ ਹਰਕਤ ‘ਚ ਆ ਗਈ ਹੈ ਅਤੇ ਇੰਜ ਨਹੀਂ ਜਾਪਦਾ ਹੈ ਕਿ ਕੋਵਿਨ ਐਪ ਜਾਂ ਡੇਟਾਬੇਸ ‘ਚ ਸਿੱਧੇ ਤੌਰ ‘ਤੇ ਕੋਈ ਸੰਨ੍ਹ ਲੱਗੀ ਹੈ। ਉਨ੍ਹਾਂ ਕਿਹਾ,”ਇਕ ਟੈਲੀਗ੍ਰਾਮ ਬੋਟ ਫੋਨ ਨੰਬਰ ਦੀ ਐਂਟਰੀ ‘ਤੇ ਕੋਵਿਡ ਐਪ ਦੇ ਵੇਰਵੇ ਦਿਖਾ ਰਿਹਾ ਸੀ। ਡੇਟਾ ਨੂੰ ਬੋਟ ਵੱਲੋਂ ਇਕ ਡੇਟਾਬੇਸ ਤੋਂ ਲਿਆ ਗਿਆ ਜਿਸ ਤੋਂ ਜਾਪਦਾ ਹੈ ਕਿ ਇਸ ਨੂੰ ਪਹਿਲਾਂ ਚੋਰੀ ਕੀਤੇ ਗਏ ਡੇਟਾ ਨਾਲ ਜੋੜਿਆ ਗਿਆ ਹੈ। ਅਜਿਹਾ ਨਹੀਂ ਲੱਗਦਾ ਹੈ ਕਿ ਕੋਵਿਡ ਐਪ ਜਾਂ ਡੇਟਾਬੇਸ ‘ਚ ਸਿੱਧੇ ਤੌਰ ‘ਤੇ ਸੰਨ੍ਹ ਲੱਗੀ ਹੈ।” ਸਿਹਤ ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਕੋਵਿਨ ਪੋਰਟਲ ‘ਤੇ ਪਾਏ ਗਏ ਡੇਟਾ ‘ਚ ਸੰਨ੍ਹ ਲੱਗੀ ਹੈ ਜਿਸ ‘ਚ ਕੋਵਿਡ-19 ਖ਼ਿਲਾਫ਼ ਟੀਕੇ ਲਗਵਾਉਣ ਵਾਲੇ ਲੋਕਾਂ ਦਾ ਸਾਰਾ ਡੇਟਾ ਮੌਜੂਦ ਹੈ। ਮੰਤਰਾਲੇ ਨੇ ਕਿਹਾ ਕਿ ਸਿਰਫ਼ ਓਟੀਪੀ ਆਧਾਰਿਤ ਡੇਟਾ ਹੀ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਕੋਵਿਨ ਪੋਰਟਲ ‘ਚ ਡੇਟਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਗਏ ਹਨ। ਕੁਝ ਟਵਿੱਟਰ ਵਰਤੋਂਕਾਰਾਂ ਨੇ ਦਾਅਵਾ ਕੀਤਾ ਸੀ ਕਿ ਟੈਲੀਗ੍ਰਾਮ ਬੋਟ ਦੀ ਵਰਤੋਂ ਕਰਦਿਆਂ ਟੀਕੇ ਲਗਵਾ ਚੁੱਕੇ ਲੋਕਾਂ ਦੇ ਡੇਟਾ ਚੁਰਾਏ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਵਿਅਕਤੀ ਦਾ ਫੋਨ ਨੰਬਰ, ਲਿੰਗ, ਪਛਾਣ ਪੱਤਰ, ਜਨਮ ਤਰੀਕ, ਆਧਾਰ ਦੇ ਆਖਰੀ ਚਾਰ ਅੰਕ ਅਤੇ ਉਸ ਸੈਂਟਰ ਦਾ ਨਾਮ ਜਿਥੇ ਟੀਕਾ ਲਗਵਾਇਆ ਗਿਆ ਸੀ। -ਪੀਟੀਆਈ

ਵਿਰੋਧੀ ਧਿਰ ਨੇ ਜਾਂਚ ਦੀ ਮੰਗ ਕੀਤੀ

ਨਵੀਂ ਦਿੱਲੀ: ਕੋਵਿਨ ਪਲੈਟਫਾਰਮ ‘ਤੇ ਰਜਿਸਟਰ ਲੋਕਾਂ ਦੇ ਡੇਟਾ ‘ਚ ਸੰਨ੍ਹ ਲਾਉਣ ਦੇ ਦਾਅਵਿਆਂ ਦੀ ਵਿਰੋਧੀ ਧਿਰ ਨੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਹੈ ਕਿ ਉਹ ਸਖ਼ਤ ਕਾਰਵਾਈ ਕਰੇ। ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਇਹ ਅਪਰਾਧਿਕ ਅਣਗਹਿਲੀ ਦਾ ਮਾਮਲਾ ਹੈ ਅਤੇ ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਡੇਟਾ ਸੁਰੱਖਿਆ ਕਾਨੂੰਨ ਲਾਗੂ ਕਿਉਂ ਨਹੀਂ ਕਰ ਰਹੀ ਹੈ। ਕਾਰਤੀ ਨੇ ਕਿਹਾ ਕਿ ਉਸ ਸਮੇਂਤ ਹੋਰ ਲੋਕਾਂ ਦਾ ਨਿੱਜੀ ਡੇਟਾ ਜਨਤਕ ਹੋ ਗਿਆ ਹੈ। ਉਨ੍ਹਾਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਜਵਾਬ ਮੰਗਿਆ ਹੈ। ਕਾਂਗਰਸ ਤਰਜਮਾਨ ਸ਼ਮਾ ਮੁਹੰਮਦ ਨੇ ਦਾਅਵਾ ਕੀਤਾ ਕਿ ਟੈਲੀਗ੍ਰਾਮ ‘ਤੇ ਲੋਕਾਂ ਦਾ ਡੇਟਾ ਲੀਕ ਹੋ ਗਿਆ ਹੈ। ਟੀਐੱਮਸੀ ਦੇ ਕੌਮੀ ਤਰਜਮਾਨ ਸਾਕੇਤ ਗੋਖਲੇ ਨੇ ਵੀ ਵੈਸ਼ਨਵ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਗੰਭੀਰ ਕੌਮੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੀ ਅਯੋਗਤਾ ਨੂੰ ਕਦੋਂ ਤੱਕ ਅਣਗੌਲਿਆ ਕਰਦੇ ਰਹਿਣਗੇ। ਗੋਖਲੇ ਨੇ ਦਾਅਵਾ ਕੀਤਾ ਕਿ ਟੀਐੱਮਸੀ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ, ਕਾਂਗਰਸ ਆਗੂ ਪੀ ਚਿਦੰਬਰਮ, ਜੈਰਾਮ ਰਮੇਸ਼ ਤੇ ਕੇ ਸੀ ਵੇਣੂਗੋਪਾਲ, ਰਾਜ ਸਭਾ ਮੈਂਬਰ ਸੁਸ਼ਮਿਤਾ ਦੇਵ, ਅਭਿਸ਼ੇਕ ਮਨੂ ਸਿੰਘਵੀ ਅਤੇ ਸੰਜੈ ਰਾਊਤ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਦੇ ਡੇਟਾ ‘ਚ ਸੰਨ੍ਹ ਲਾਈ ਗਈ ਹੈ। ਉਸ ਨੇ ਕਈ ਪੱਤਰਕਾਰਾਂ ਦੇ ਨਾਮ ਵੀ ਲਏ ਹਨ। ਸੀਪਐੱਮ ਨੇ ਵੀ ਇਸ ਮਾਮਲੇ ਦੀ ਜਾਂਚ ਮੰਗੀ ਹੈ। -ਪੀਟੀਆਈ

Advertisement
Advertisement