ਨਿਊਜ਼ ਬਰਾਡਕਾਸਟਰਜ਼ ਫੈਡਰੇਸ਼ਨ ਦਾ ਵਫ਼ਦ ਮੋਦੀ ਨੂੰ ਮਿਲਿਆ
ਨਵੀਂ ਦਿੱਲੀ, 30 ਅਗਸਤ
ਨਿਊਜ਼ ਬਰਾਡਕਾਸਟਰਜ਼ ਫੈਡਰੇਸ਼ਨ (ਐੱਨਬੀਐੱਫ) ਦਾ ਇਕ ਵਫ਼ਦ ਬਰਾਡਕਾਸਟ ਨਿਊਜ਼ ਮੀਡੀਆ ਸੈਕਟਰ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ। ਦੇਸ਼ ਪੱਧਰੀ ਇਸ ਵਫ਼ਦ ਦੀ ਅਗਵਾਈ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੇ ਕੀਤੀ। ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਕੀਤੀ ਗਈ। ਇਸ ਵਫ਼ਦ ਵਿੱਚ ਕੁਝ ਪ੍ਰਮੁੱਖ ਖੇਤਰੀ ਤੇ ਕੌਮੀ ਬਰਾਡਕਾਸਟ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਸ ਦੌਰਾਨ ਵਫ਼ਦ ਵੱਲੋਂ ਸਨਅਤ ਲਈ ਇਕ ਦੂਰਦਰਸ਼ੀ ਰੋਡਮੈਪ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨਾਲੋਜੀ ਤੇ ਡਿਜੀਟਾਈਜ਼ੇਸ਼ਨ ਵਿਚਾਲੇ ਸਨਅਤ ਨੂੰ ਭਵਿੱਖ ਲਈ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਫੈਡਰੇਸ਼ਨ ਨੇ ਇਕ ਬਿਆਨ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨਾਲ ਇਸ ਮੀਟਿੰਗ ਦਾ ਮਕਸਦ ਮੀਡੀਆ ਖੇਤਰ ਨੂੰ ਭਾਰਤ ਦੀਆਂ ਲੋਕਤੰਤਰੀ ਕੀਮਤਾਂ ਨਾਲ ਇਕਸਾਰਤਾ ’ਚ ਅੱਗੇ ਲਿਆਉਣ ਅਤੇ ਸਾਡੇ ਜੀਵੰਤ ਲੋਕਤੰਤਰ ਦਾ ਅਹਿਮ ਥੰਮ੍ਹ ਬਣੇ ਰਹਿਣਾ ਯਕੀਨੀ ਬਣਾਉਣਾ ਸੀ।’’ -ਪੀਟੀਆਈ