ਫਿਨਟੈੱਕ ਸੈਕਟਰ ਦੀ ਮਦਦ ਲਈ ਸਰਕਾਰ ਵੱਖ-ਵੱਖ ਕਦਮ ਚੁੱਕ ਰਹੀ: ਮੋਦੀ
ਮੁੰਬਈ, 30 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਚ ਕਿਹਾ ਕਿ ਕੇਂਦਰ ਸਰਕਾਰ ਫਿਨਟੈੱਕ ਸੈਕਟਰ ਨੂੰ ਹੁਲਾਰਾ ਦੇਣ ਲਈ ਨੀਤੀਗਤ ਪੱਧਰ ਉਤੇ ਵੱਖ-ਵੱਖ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਕਦਮਾਂ ਨੇ ਬੀਤੇ ਦਸ ਸਾਲਾਂ ਦੌਰਾਨ 31 ਅਰਬ ਡਾਲਰ ਦਾ ਨਿਵੇਸ਼ ਖਿੱਚਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਏਂਜਲ ਟੈਕਸ ਨੂੰ ਹਟਾਏ ਜਾਣ ਦਾ ਫ਼ੈਸਲਾ ਵੀ ਇਸ ਸੈਕਟਰ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿਚ ਹੀ ਚੁੱਕਿਆ ਗਿਆ ਇਕ ਕਦਮ ਹੈ।
ਪ੍ਰਧਾਨ ਮੰਤਰੀ ਮੋਦੀ ਇਥੇ ਗਲੋਬਲ ਫਿਨਟੈੱਕ ਫੈਸਟ (Global Fintech Fest) ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸਾਈਬਰ ਫਰਾਡਾਂ ਨੂੰ ਨੱਥ ਪਾਉਣ ਅਤੇ ਲੋਕਾਂ ਦਾ ਡਿਜੀਟਲ ਪੱਖੋਂ ਗਿਆਨ ਵਧਾਉਣ ਲਈ ਰੈਗੂਲੇਟਰਾਂ ਨੂੰ ਹੋਰ ਕਦਮ ਉਠਾਉਣ ਦਾ ਸੱਦਾ ਵੀ ਦਿੱਤਾ।
ਉਨ੍ਹਾਂ ਕਿਹਾ, ‘‘ਫਿਨਟੈੱਕ ਨੇ ਵਿੱਤੀ ਸੇਵਾਵਾਂ ਦੇ ਲੋਕਤੰਤਰੀਕਰਨ ਸਬੰਧੀ ਅਹਿਮ ਰੋਲ ਨਿਭਾਇਆ ਹੈ।’’ ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਇਹ ਸਾਰੀਆਂ ਕਾਰਵਾਈਆਂ ਭਾਰਤ ਵਾਸੀਆਂ ਦੀ ਜ਼ਿੰਦਗੀ ਦਾ ਮਿਆਰ ਸੁਧਾਰਨ ਵਿਚ ਮਦਦਗਾਰ ਹੋਣਗੀਆਂ।
ਉਨ੍ਹਾਂ ਕਿਹਾ ਕਿ ਭਾਰਤ ਵਾਸੀ ‘ਲਾਸਾਨੀ ਰਫ਼ਤਾਰ ਅਤੇ ਪੱਧਰ’ ਉਤੇ ਫਿਨਟੈੱਕ ਨੂੰ ਅਪਣਾ ਰਹੇ ਹਨ, ਜਿਸ ਦੀ ਕਿ ਦੁਨੀਆਂ ਵਿਚ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ।
ਸਮਾਗਮ ਨੂੰ ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀਆਂ ਨੇ ਲੋਕਾਂ ਦੀ ਵਿੱਤੀ ਭਾਗੀਦਾਰੀ ਵਧਾਉਣ ਵਿਚ ਬਹੁਤ ਮਦਦ ਕੀਤੀ ਹੈ। -ਪੀਟੀਆਈ