ਕੇਂਦਰ ਨੇ ਹਥਿਆਰਬੰਦ ਬਲਾਂ ਦੀਆਂ 20 ਹੋਰ ਕੰਪਨੀਆਂ ਮਨੀਪੁਰ ਭੇਜੀਆਂ
ਨਵੀਂ ਦਿੱਲੀ:
ਕੇਂਦਰ ਨੇ ਮਨੀਪੁਰ ’ਚ ਹਾਲਾਤ ਵਿਗੜਨ ਅਤੇ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਮਗਰੋਂ ਉਥੇ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫਜ਼) ਦੀਆਂ 20 ਹੋਰ ਕੰਪਨੀਆਂ ਭੇਜ ਦਿੱਤੀਆਂ ਹਨ। ਸੂਤਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਰਾਤ ਜਵਾਨਾਂ ਨੂੰ ਉਡਾਣਾਂ ਰਾਹੀਂ ਉਥੇ ਫੌਰੀ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੀਆਰਪੀਐੱਫ ਨਾਲ ਮੁਕਾਬਲੇ ’ਚ 10 ਸ਼ੱਕੀ ਦਹਿਸ਼ਤਗਰਦ ਮਾਰੇ ਗਏ ਸਨ। ਇਨ੍ਹਾਂ ਦਹਿਸ਼ਤਗਰਦਾਂ ਨੇ ਜਿਰੀਬਾਮ ਜ਼ਿਲ੍ਹੇ ਦੇ ਜਾਕੂਰਾਢੋਰ ਵਿਖੇ ਸੀਆਰਪੀਐੱਫ ਕੈਂਪ ਨੇੜੇ ਬੋਰੋਬੇਕਰਾ ਪੁਲੀਸ ਸਟੇਸ਼ਨ ’ਤੇ ਹਮਲਾ ਕਰਕੇ ਆਧੁਨਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਮੁਕਾਬਲੇ ਮਗਰੋਂ ਸੁਰੱਖਿਆ ਬਲਾਂ ਨੇ ਮੌਕੇ ਤੋਂ ਹਥਿਆਰਾਂ ਦਾ ਭਾਰੀ ਜ਼ਖ਼ੀਰਾ ਬਰਾਮਦ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਮਨੀਪੁਰ ਰਵਾਨਾ ਕੀਤੀਆਂ ਗਈਆਂ 20 ਕੰਪਨੀਆਂ ’ਚ ਸੀਆਰਪੀਐੱਫ ਦੀਆਂ 15 ਅਤੇ ਬੀਐੱਸਐੱਫ ਦੀਆਂ 5 ਕੰਪਨੀਆਂ ਸ਼ਾਮਲ ਹਨ। ਸੂਬੇ ’ਚ ਪਹਿਲਾਂ ਤੋਂ 198 ਕੰਪਨੀਆਂ ਤਾਇਨਾਤ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਮਈ ’ਚ 200 ਵਿਅਕਤੀਆਂ ਦੀ ਹੱਤਿਆ ਮਗਰੋਂ ਉਥੇ ਭੇਜਿਆ ਗਿਆ ਸੀ। ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਇਹ ਸਾਰੀਆਂ ਯੂਨਿਟਾਂ 30 ਨਵੰਬਰ ਤੱਕ ਮਨੀਪੁਰ ਸਰਕਾਰ ਦੇ ਅਧੀਨ ਰਹਿਣਗੀਆਂ। -ਪੀਟੀਆਈ