ਕੇਂਦਰ ਨੇ ਨਵੀਆਂ ਖੋਜਾਂ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ: ਸੀਤਾਰਮਨ
ਬੰਗਲੂਰੂ, 9 ਨਵੰਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵਾਲ ਕੀਤਾ ਕਿ ਜੇ ਪਿੱਤਰ ਸੱਤਾ ਭਾਰਤ ’ਚ ਮਹਿਲਾਵਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੁੰਦੀ ਤਾਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੀ ਸੀ? ਸੀਤਾਰਮਨ ਨੇ ਅੱਜ ਇੱਥੇ ਸੀਐੱਮਐੱਸ ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੇ ਨੌਜਵਾਨਾਂ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ’ਤੇ ਚਰਚਾ ਕੀਤੀ।
ਮਹਿਲਾ ਸ਼ਕਤੀਕਰਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਪਿੱਤਰ ਸੱਤਾ ਇੱਕ ਧਾਰਨਾ ਹੈ ਜਿਸ ਦੀ ਕਾਢ ਖੱਬੇਪੱਖੀਆਂ ਨੇ ਕੀਤੀ ਹੈ। ਉਨ੍ਹਾਂ ਸਮਾਗਮ ’ਚ ਹਾਜ਼ਰ ਵਿਦਿਆਰਥਣਾਂ ਨੂੰ ਸਲਾਹ ਦਿੱਤੀ, ‘ਤੁਸੀਂ ਸ਼ਾਨਦਾਰ ਸ਼ਬਦਾਵਲੀ ਦੇ ਧੋਖੇ ’ਚ ਨਾ ਆਓ। ਜੇ ਤੁਸੀਂ ਆਪਣੇ ਲਈ ਖੜ੍ਹੀਆਂ ਹੋਵੋਗੀਆਂ ਅਤੇ ਤਰਕ ਨਾਲ ਗੱਲ ਕਰੋਗੀਆਂ ਤਾਂ ਪਿੱਤਰ ਸੱਤਾ ਤੁਹਾਨੂੰ ਆਪਣੇ ਸੁਫ਼ਨੇ ਪੂਰੇ ਕਰਨ ਤੋਂ ਨਹੀਂ ਰੋਕੇਗੀ।’ ਸੀਤਾਰਮਨ ਨੇ ਹਾਲਾਂਕਿ ਮੰਨਿਆ ਕਿ ਮਹਿਲਾਵਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲਦੀਆਂ ਅਤੇ ਉਨ੍ਹਾਂ ਨੂੰ ਹੋਰ ਸਹੂਲਤਾਂ ਦੀ ਲੋੜ ਹੈ।
ਕੇਂਦਰੀ ਮੰਤਰੀ ਨੇ ਭਾਰਤ ’ਚ ਭਾਰਤ ’ਚ ਨਵੀਆਂ ਖੋਜਾਂ ਲਈ ਸੰਭਾਵਨਾਵਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਇਸ ਲਈ ਮਾਹੌਲ ਬਣਾ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਸਿਰਫ਼ ਨੀਤੀ ਬਣਾ ਕੇ ਨਵੀਆਂ ਖੋਜਾਂ ਕਰਨ ਵਾਲਿਆਂ ਦੀ ਹਮਾਇਤ ਨਹੀਂ ਕਰ ਰਹੇ ਬਲਕਿ ਭਾਰਤ ਸਰਕਾਰ ਯਕੀਨੀ ਬਣਾ ਰਹੀ ਹੈ ਕਿ ਇਨ੍ਹਾਂ ਨਵੀਆਂ ਖੋਜਾਂ ਲਈ ਬਾਜ਼ਾਰ ਵੀ ਮਿਲੇ।’ ਉਨ੍ਹਾਂ ਇਸ ਸੰਦਰਭ ’ਚ ਮਿਸਾਲ ਵਜੋਂ ਐੱਮਐੱਸਐੱਮਈ ਲਈ ਮੁਹੱਈਆ ਸਹਾਇਤਾ ਪ੍ਰਬੰਧ ਦਾ ਹਵਾਲਾ ਦਿੱਤਾ। ਉਨ੍ਹਾਂ ਅਨੁਸਾਰ ਸਰਕਾਰੀ ਖਰੀਦ ’ਚ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ 40 ਫੀਸਦ ਖਰੀਦ ਐੱਮਐੱਸਐੱਮਈ ਤੋਂ ਰਹੀ ਹੈ। -ਪੀਟੀਆਈ