ਕਾਤਰੋਂ-ਹਥਨ ਸੜਕ 25 ਦਿਨਾਂ ਵਿੱਚ ਟੁੱਟਣ ਦਾ ਮਾਮਲਾ ਭਖਿਆ
ਬੀਰਬਲ ਰਿਸ਼ੀ
ਸ਼ੇਰਪੁਰ, 24 ਜੁਲਾਈ
ਇੱਥੇ ਲਗਪਗ 25 ਦਿਨ ਪਹਿਲਾਂ ਬਣੀ ਕਾਤਰੋਂ-ਹਥਨ ਸੜਕ ਟੁੱਟਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਸਬੰਧ ’ਚ ਪਿੰਡ ਚਾਂਗਲੀ ਦੇ ਪਤਵੰਤਿਆਂ ਨੇ ਮੀਟਿੰਗ ਕਰ ਕੇ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ’ਚ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਗੁਰਜੀਤ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ, ਸਾਬਕਾ ਸਰਪੰਚ ਬੀਬੀ ਦੇ ਪਤੀ ਹਰਜਿੰਦਰ ਸਿੰਘ, ਆਗੂ ਦਰਸ਼ਨ ਸਿੰਘ, ਗੁਰਦੇਵ ਸਿੰਘ ਆਦਿ ਮੋਹਤਵਰਾਂ ਨੇ ਪਿੰਡ ਚਾਂਗਲੀ ਦੀ ਹਦੂਦ ਵਿੱਚ ਸੜਕ ’ਤੇ ਦੋ ਥਾਂ ’ਤੇ ਪ੍ਰੀਮਿਕਸ ਨਾ ਪਾਉਣ ਅਤੇ ਪਾਣੀ ਦੀ ਨਿਕਾਸੀ ਲਈ ਸੜਕ ਹੇਠੋਂ ਪਾਈਆਂ ਸਾਰੀਆਂ ਹੀ ਪੁਲੀਆਂ ਨੂੰ ਬਗੈਰ ਸੁਰੱਖਿਆ ਕੰਧਾਂ ਤੋਂ ਅਧੂਰੀਆਂ ਛੱਡਣ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ। ਸਾਬਕਾ ਸਰਪੰਚ ਗੁਰਜੀਤ ਸਿੰਘ ਚਾਂਗਲੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਕਤ ਸੜਕ ਲਈ ਕਰੋੜਾਂ ਰੁਪਏ ਜਾਰੀ ਕਰਕੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਪਰ ਹੁਣ ਸੜਕ ’ਚ ਸਾਹਮਣੇ ਆ ਰਹੀਆਂ ਖਾਮੀਆਂ ’ਤੇ ਵਿਭਾਗ ਦੀ ਚੁੱਪ ਸ਼ੱਕੀ ਹੈ। ਚਾਂਗਲੀ ਅਨੁਸਾਰ ਉਹ ਇਸ ਸੜਕ ਨਾਲ ਸਬੰਧਤ ਧੂਰੀ ਹਲਕੇ ਦੇ ਪਿੰਡ ਦੇ ਪਿੰਡ ਚਾਂਗਲੀ ਤੋਂ ਇਲਾਵਾ ਕਾਤਰੋਂ ਅਤੇ ਕਲੇਰਾਂ ਦੇ ਲੋਕਾਂ ਨਾਲ ਸੰਪਰਕ ਕਰਕੇ ਸਮੂਹਿਕ ਰੂਪ ਵਿੱਚ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਪਿੰਡ ਕਾਤਰੋਂ ਦੇ ਸਾਬਕਾ ਸਰਪੰਚ ਬਹਾਦਰ ਸਿੰਘ ਬਾਗੜੀ ਨੇ ਦੱਸਿਆ ਕਿ ਕਾਤਰੋਂ-ਹਥਨ ਸੜਕ ’ਚ ਖਾਮੀਆਂ ਸਬੰਧੀ ਉਹ ਵੀ ਆਪਣੇ ਪਿੰਡ ਦੇ ਵਾਸੀਆਂ ਨਾਲ ਮੀਟਿੰਗ ਕਰਨਗੇ ਅਤੇ ਚਾਂਗਲੀ ਦੇ ਲੋਕਾਂ ਵੱਲੋਂ ਚੁੱਕੇ ਲੋਕ-ਪੱਖੀ ਮਸਲੇ ’ਤੇ ਸਰਗਰਮ ਸਹਿਯੋਗ ਦੇਣਗੇ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਜੇਈ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਧੂਰਾ ਕੰਮ ਪੂਰਾ ਕਰਵਾਇਆ ਜਾਵੇਗਾ।