ਸਿਸਵਾਂ ਨਦੀ ਦੀ ਡੀ-ਸਿਲਟਿੰਗ ਦਾ ਮਾਮਲਾ ਫਸਿਆ
ਜਗਮੋਹਨ ਸਿੰਘ
ਰੂਪਨਗਰ, 13 ਜੂਨ
ਜ਼ਿਲ੍ਹਾ ਰੂਪਨਗਰ ਦੇ ਪਿੰਡ ਬੰਨ੍ਹਮਾਜਰਾ ਤੋਂ ਦੁਲਚੀਮਾਜਰਾ ਤੱਕ ਸਿਸਵਾਂ ਨਦੀ ਦੀ ਡੀ-ਸਿਲਟਿੰਗ ਸਬੰਧੀ ਠੇਕੇਦਾਰਾਂ ਤੇ ਸਥਾਨਕ ਲੋਕਾਂ ਵਿਚਕਾਰ ਚੱਲ ਰਹੇ ਰੇੜਕੇ ਨੂੰ ਖ਼ਤਮ ਕਰਨ ਸਬੰਧੀ ਅੱਜ ਜਲ ਸਰੋਤ-ਕਮ-ਖਣਨ ਵਿਭਾਗ ਰੂਪਨਗਰ ਦੇ ਐਕਸੀਅਨ ਹਰਸ਼ਾਂਤ ਵਰਮਾ ਨੇ ਪਿੰਡ ਮੁਗਲਮਾਜਰੀ ਪਹੁੰਚ ਕੇ ਮੌਕਾ ਦੇਖਿਆ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਸਾਬਕਾ ਬਲਾਕ ਸਮਿਤੀ ਮੈਂਬਰ ਨਰਿੰਦਰ ਸਿੰਘ ਮਾਵੀ, ਬਬਲਾ ਸਰਪੰਚ ਗੋਸਲਾਂ ਤੇ ਹਰਮਨਜੀਤ ਸਿੰਘ ਸਰਪੰਚ ਸੀਹੋਂਮਾਜਰਾ ਦੀ ਅਗਵਾਈ ਅਧੀਨ ਇਕੱਤਰ ਹੋਏ ਪਿੰਡ ਬੰਨ੍ਹਮਾਜਰਾ, ਸੋਤਲ, ਸੀਹੋਂਮਾਜਰਾ, ਗੋਸਲਾਂ, ਦੁਲਚੀਮਾਜਰਾ, ਮੁਗਲਮਾਜਰੀ ਤੇ ਅਧਰੇੜਾ ਆਦਿ ਪਿੰਡਾਂ ਦੇ ਆਗੂਆਂ ਨੇ ਐਕਸੀਅਨ ਨੂੰ ਡੀ-ਸਿਲਟਿੰਗ ਰੋਕਣ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਸਿਸਵਾਂ ਨਦੀ ਲੋਕਾਂ ਦੀਆਂ ਜ਼ਮੀਨਾਂ ਨਾਲੋਂ ਪਹਿਲਾਂ ਹੀ ਕਾਫ਼ੀ ਨੀਵੀਂ ਵਗਦੀ ਹੈ। ਨਦੀ ਨੇ ਕਦੇ ਵੀ ਕੋਈ ਨੁਕਸਾਨ ਨਹੀਂ ਕੀਤਾ ਤੇ ਨਦੀ ਨੂੰ ਹੋਰ ਡੂੰਘਾ ਕੀਤਾ ਜਾਣਾ ਵਾਜ਼ਬ ਨਹੀਂ ਹੈ। ਉਨ੍ਹਾਂ ਇਹ ਵੀ ਇਤਰਾਜ਼ ਜ਼ਾਹਰ ਕੀਤਾ ਕਿ ਡੀ-ਸਿਲਟਿੰਗ ਕਰਨ ਵਾਲੇ ਠੇਕੇਦਾਰਾਂ ਨੇ ਲਗਪਗ 500 ਟਿੱਪਰ ਮਿੱਟੀ ਚੁੱਕ ਲਈ ਹੈ ਤੇ ਕਈ ਦਰੱਖਤ ਵੀ ਵੱਢ ਦਿੱਤੇ ਹਨ, ਪਰ ਹਾਲੇ ਤੱਕ ਕਿਸੇ ਵੀ ਪੰਚਾਇਤ ਜਾਂ ਕਿਸਾਨ ਨੂੰ ਪ੍ਰਤੀ ਫੁੱਟ ਦੋ ਰੁਪਏ ਦੇ ਹਿਸਾਬ ਨਾਲ ਬਣਦੀ ਰਾਇਲਟੀ ਦਾ ਇੱਕ ਰੁਪਿਆ ਵੀ ਨਹੀਂ ਦਿੱਤਾ ਤੇ ਨਾ ਹੀ ਹਾਲੇ ਤੱਕ ਕਿਸੇ ਪੰਚਾਇਤ ਜਾਂ ਕਿਸਾਨ ਦਾ ਬੈਂਕ ਖਾਤਾ ਨੰਬਰ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਨਿਸ਼ਾਨਦੇਹੀ ਮੌਕੇ ਵੀ ਪੰਚਾਇਤਾਂ ਜਾਂ ਜ਼ਮੀਨ ਮਾਲਕਾਂ ਨੂੰ ਮੌਕੇ ’ਤੇ ਨਹੀਂ ਸੱਦਿਆ ਗਿਆ।
ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਐਕਸੀਅਨ ਹਰਸ਼ਾਂਤ ਵਰਮਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਲਕੇ ਹਰ ਪਿੰਡ ਦੇ ਤਿੰਨ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫਤਰ ਆ ਕੇ ਆਪਣੇ ਲਿਖਤੀ ਇਤਰਾਜ਼ ਦੇਣ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਪਿੰਡ ਵਾਸੀ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ।
ਇਸ ਮੌਕੇ ਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਦੁਲਚੀਮਾਜਰਾ, ਦਵਿੰਦਰ ਸਿੰਘ ਸਰਪੰਚ ਸੋਤਲ, ਸੁਰਿੰਦਰ ਸਿੰਘ ਸੋਤਲ, ਲਾਲਾ ਸੋਤਲ, ਰਵਿੰਦਰ ਸਿੰਘ ਸੋਤਲ, ਸ਼ਿਆਮ ਸਿੰਘ, ਦਰਸ਼ਨ ਸਿੰਘ ਸੋਤਲ ਬਾਬਾ ਆਦਿ ਸਮੇਤ ਹੋਰ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।