ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪੁਲੀਸ ਮੁਲਾਜ਼ਮ ਹਲਾਕ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਦੇ ਨਾਂਗਲੋਈ ਖੇਤਰ ਵਿੱਚ ਬੀਤੀ ਦੇਰ ਰਾਤ ਦਿੱਲੀ ਪੁਲੀਸ ਕਾਂਸਟੇਬਲ ਦੇ ਸਿਰ ਵਿੱਚ ਉਸ ਸਮੇਂ ਗੰਭੀਰ ਸੱਟਾਂ ਲੱਗੀਆਂ ਜਦੋਂ ਇੱਕ ਕਾਰ ਉਸ ਨੂੰ ਸੜਕ ’ਤੇ ਘੜੀਸਦੀ ਹੋਈ ਲੈ ਗਈ। ਪੁਲੀਸ ਕਾਂਸਟੇਬਲ ਸੰਦੀਪ (30) ਸਿਵਲ ਕੱਪੜਿਆਂ ਵਿੱਚ ਸੀ ਅਤੇ ਆਪਣੀ ਮੋਟਰਸਾਈਕਲ ’ਤੇ ਪੈਟਰੋਲਿੰਗ ਡਿਊਟੀ ਉੱਤੇ ਸੀ। ਇੱਕ ਵੈਗਨ ਆਰ ਕਾਰ ਨੇ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਕਾਂਸਟੇਬਲ ਨੇ ਡਰਾਈਵਰ ਨੂੰ ਕਾਰ ਹੌਲੀ ਕਰਨ ਲਈ ਕਿਹਾ। ਕਾਰ ਚਾਲਕ ਨੇ ਰਫਤਾਰ ਹੌਲੀ ਕਰਨ ਦੀ ਬਜਾਏ ਪਿੱਛੇ ਤੋਂ ਸੰਦੀਪ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ਅਤੇ ਪੁਲੀਸ ਮੁਲਾਜ਼ਮ ਸੜਕ ’ਤੇ ਕਰੀਬ 10 ਮੀਟਰ ਤੱਕ ਘਸੀਟਦੇ ਗਏ। ਸੰਦੀਪ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਸੋਨੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮਗਰੋਂ ਪੱਛਮ ਵਿਹਾਰ ਦੇ ਬਾਲਾਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੰਦੀਪ ਆਪਣੇ ਪਿੱਛੇ ਮਾਂ, ਪਤਨੀ ਅਤੇ ਪੰਜ ਸਾਲ ਦਾ ਪੁੱਤਰ ਛੱਡ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪੁਲੀਸ ਮੁਲਾਜ਼ਮ ਕਾਰ ਡਰਾਈਵਰ ਨੂੰ ਵਾਹਨ ਹੌਲੀ ਕਰਨ ਦਾ ਇਸ਼ਾਰਾ ਕਰ ਰਿਹਾ ਹੈ ਪਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਵਿੱਚ ਦੋ ਜਣੇ ਸਵਾਰ ਸਨ। ਉਹ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਨੇ ਇਸ ਸਬੰਧੀ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕੇਸ ਦਰਜਕਰਨ ਮਗਰੋਂ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
ਵੈਲਡਿੰਗ ਕਰਦੇ ਸਮੇਂ ਧਮਾਕਾ, ਇੱਕ ਮੌਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਬਾਹਰੀ ਇਲਾਕੇ ਦਵਾਰਕਾ ਦੇ ਪਿੰਡ ਭਰਥਲ ਵਿੱਚ ਟੈਂਕਰ ਦੀ ਵੈਲਡਿੰਗ ਕਰਦੇ ਸਮੇਂ ਹੋਏ ਧਮਾਕੇ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 3 ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦਵਾਰਕਾ ਥਾਣਾ ਪੁਲੀਸ ਸੈਕਟਰ-3 ਨੂੰ ਧਮਾਕਾ ਹੋਣ ਦੀ ਸੂਚਨਾਂ ਮਿਲੀ ਤੇ ਟੀਮ ਮੌਕੇ ’ਤੇ ਪਹੁੰਚੀ। ਟੀਮ ਨੇ ਦੇਖਿਆ ਕਿ ਕੁੱਝ ਲੋਕ ਇੱਕ ਟੈਂਕਰ ਦੀ ਵੈਲਡਿੰਗ ਕਰ ਰਹੇ ਸਨ ਤੇ ਇਸ ਦੌਰਾਨ ਉਹ ਫਟ ਗਿਆ। ਦੱਸਿਆ ਗਿਆ ਹੈ ਕਿ ਟੈਂਕਰ ਵਿੱਚ ਪਹਿਲਾਂ ਜਲਣਸ਼ੀਲ ਪਦਾਰਥ ਭਰਿਆ ਹੋਇਆ ਸੀ ਪਰ ਜਦੋਂ ਵੈਲਡਿੰਗ ਕੀਤੀ ਜਾ ਰਹੀ ਸੀ ਤਾਂ ਉਹ ਖਾਲੀ ਸੀ। ਪੁਲੀਸ ਵੱਲੋਂ ਇਸ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਟੈਂਕਰ ਗਰਮ ਹੋਣ ਕਾਰਨ ਅੰਦਰ ਗੈਸ ਇੱਕਠੀ ਹੋ ਗਈ ਤੇ ਜਲਣਸ਼ੀਲ ਪਦਾਰਥ ਦੀ ਸੁੱਕੀ ਪਰਤ ਟੈਂਕਰ ਦੇ ਅੰਦਰ ਜਮ੍ਹਾਂ ਹੋਵੇਗੀ ਤੇ ਇਹ ਫਟ ਗਿਆ।