ਕਾਰ ਨਹਿਰ ’ਚ ਡਿੱਗੀ; ਮੁਟਿਆਰ ਦੀ ਮੌਤ
ਐੱਨਪੀ ਧਵਨ
ਪਠਾਨਕੋਟ, 28 ਨਵੰਬਰ
ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਸਥਿਤ ਯੂਬੀਡੀਸੀ ਨਹਿਰ ਕੋਟਲੀ ਮੁਗਲਾਂ ਵਿੱਚ ਅੱਜ ਆਈ-20 ਕਾਰ ਨਹਿਰ ’ਚ ਡਿੱਗ ਗਈ। ਕਾਰ ਵਿੱਚ ਪਿਓ-ਧੀ ਸਵਾਰ ਸਨ।
ਸਥਾਨਕ ਲੋਕਾਂ ਦੀ ਮਦਦ ਨਾਲ ਪਿਓ ਨੂੰ ਤਾਂ ਬਾਹਰ ਕੱਢ ਲਿਆ ਗਿਆ ਅਤੇ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਜਦ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਲੜਕੀ ਕਾਰ ’ਚੋਂ ਬਾਹਰ ਨਹੀਂ ਨਿਕਲ ਸਕੀ ਅਤੇ ਕਾਰ ਦੇ ਅੰਦਰ ਹੀ ਦਮ ਤੋੜ ਗਈ। ਲੋਕਾਂ ਨੇ ਕਰੇਨ ਬੁਲਾ ਕੇ ਗੱਡੀ ਨੂੰ ਬਾਹਰ ਕੱਢਿਆ ਅਤੇ ਲੜਕੀ ਦੀ ਲਾਸ਼ ਨੂੰ ਵੀ ਗੱਡੀ ਵਿੱਚੋਂ ਬਾਹਰ ਕੱਢਿਆ। ਮ੍ਰਿਤਕ ਲੜਕੀ ਦਾ ਨਾਂ ਹਰਮਨਪ੍ਰੀਤ ਕੌਰ (19) ਦੱਸਿਆ ਜਾ ਰਿਹਾ ਹੈ ਜਦ ਕਿ ਉਸ ਦੇ ਪਿਤਾ ਦਾ ਨਾਂ ਜਰਮਨਜੀਤ ਸਿੰਘ ਹੈ ਅਤੇ ਉਹ ਬਟਾਲਾ ਵਿਖੇ ਪੰਜਾਬ ਪੁਲੀਸ ਵਿੱਚ ਨੌਕਰੀ ਕਰਦਾ ਹੈ।
ਦੋਵੇਂ ਪਿਓ-ਧੀ ਗੁਰਦੁਆਰਾ ਸ਼੍ਰੀ ਬਾਰਠ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਹੇ ਸਨ। ਵਾਪਸ ਜਾਂਦੇ ਸਮੇਂ ਉਸ ਦੀ ਆਈ-20 ਕਾਰ ਪੀਬੀ-18 ਐਕਸ 4312 ਯੂਬੀਡੀਸੀ ਨਹਿਰ ਵਿੱਚ ਡਿੱਗ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਐੱਸਐੱਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਗੱਡੀ ਨਹਿਰ ਵਿੱਚ ਡਿੱਗਣ ਵਾਲੀ ਥਾਂ ਦਾ ਵੀ ਜਾਇਜ਼ਾ ਲਿਆ ਅਤੇ ਦੱਸਿਆ ਕਿ ਘਟਨਾ ਸਬੰਧੀ ਪੁਲੀਸ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ।