ਦੋ ਮੁਲਜ਼ਮ ਦਸ ਕੁਇੰਟਲ ਚੂਰਾ ਪੋਸਤ ਸਣੇ ਕਾਬੂ
ਸੁਰਜੀਤ ਮਜਾਰੀ
ਨਵਾਂ ਸ਼ਹਿਰ, 28 ਨਵੰਬਰ
ਇੱਥੋਂ ਦੀ ਪੁਲੀਸ ਨੇ ਅੱਜ ਨਸ਼ਿਆਂ ਨੂੰ ਠੱਲ੍ਹ ਪਾਉਂਦਿਆਂ ਟਰੱਕ ’ਤੇ ਲੱਦੇ 10 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਥਾਣਾ ਮਾਹਿਲਪੁਰ ਦੇ ਪਿੰਡ ਬਹਿਬਲਪੁਰ ਵਾਸੀ ਗੁਰਮਿੰਦਰ ਭਾਟੀਆ ਉਰਫ਼ ਗਿੰਦਾ (25) ਅਤੇ ਪਿੰਡ ਬਿੰਝੋਂ ਵਾਸੀ ਸ਼ਿੰਗਾਰਾ ਸਿੰਘ (44) ਵਜੋਂ ਹੋਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਟਰੱਕ (ਪੀ ਬੀ 02, ਐਫ ਐਸ 8788) ’ਤੇ ਇਸ ਨਸ਼ੇ ਨੂੰ ਸਪਲਾਈ ਕਰਨ ਲਈ ਜਾ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਐੱਸਪੀ ਡਾ. ਮੁਕੇਸ਼ ਕੁਮਾਰ ਤੇ ਉਪ ਪੁਲੀਸ ਕਪਤਾਨ ਰਾਜ ਕੁਮਾਰ ਦੀ ਅਗਵਾਈ ਵਿੱਚ ਸੀਆਈਏ ਸਟਾਫ ਦੇ ਇੰਸਪੈਕਟਰ ਅਵਤਾਰ ਸਿੰਘ ਨੇ ਇਨ੍ਹਾਂ ਦੋਵਾਂ ਜਣਿਆਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਹੰਸਰੋਂ ਤੋਂ ਧਰਮਕੋਟ ਵਾਲੀ ਸੰਪਰਕ ਸੜਕ ’ਤੇ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਨਵਾਂ ਸ਼ਹਿਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਮੁੱਢਲੀ ਪੁੱਛ-ਗਿੱਛ ਨਾਲ ਪਤਾ ਚੱਲਿਆ ਕਿ ਉਹ ਇਹ ਨਸ਼ਾ ਪਿੰਡ ਖੋਜਾ ਵਾਸੀ ਦਵਿੰਦਰ ਕੁਮਾਰ ਉਰਫ਼ ਲਾਲ ਦੇ ਕਹਿਣ ’ਤੇ ਲੈ ਕੇ ਆਏ ਸਨ।
ਪੁਲੀਸ ਨੇ ਨਸ਼ੀਲੇ ਪਦਾਰਥ ਨਸ਼ਟ ਕੀਤੇ
ਅੰਮ੍ਰਿਤਸਰ (ਟਨਸ): ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਵੱਲੋਂ ਐੱਨਡੀਪੀਐੱਸ ਐਕਟ ਅਧੀਨ ਦਰਜ ਵੱਖ-ਵੱਖ ਕੇਸਾਂ ਵਿੱਚ ਬਰਾਮਦ 56 ਕਿਲੋ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਇਸ ਸਬੰਧ ਵਿਚ ਬਣੀ ਡਰੱਗ ਡਿਸਪੋਜ਼ਲ ਕਮੇਟੀ ਜਿਸ ਵਿੱਚ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਆਲਮ ਵਿਜੈ ਸਿੰਘ ਡੀਸੀਪੀ (ਲਾਅ ਐਂਡ ਆਰਡਰ), ਨਵਜੋਤ ਸਿੰਘ ਏਡੀਸੀਪੀ (ਡਿਟੈਕਟਿਵ), ਕੁਲਦੀਪ ਸਿੰਘ ਏਸੀਪੀ (ਡਿਟੈਕਟਿਵ) ਸ਼ਾਮਲ ਹਨ, ਦੀ ਨਿਗਰਾਨੀ ਹੇਠ ਅੱਜ ਇੱਥੇ ਖੰਨਾ ਪੇਪਰ ਮਿੱਲ ਵਿੱਚ ਨਸ਼ੀਲੇ ਪਦਾਰਥ ਨਸ਼ਟ ਕੀਤੇ ਹਨ। ਪੁਲੀਸ ਨੇ ਐੱਨਡੀਪੀਐੱਸ ਐਕਟ ਅਧੀਨ 182 ਵੱਖ-ਵੱਖ ਮੁਕੱਦਿਆਂ ਵਿੱਚ ਬਰਾਮਦ ਵੱਖ ਵੱਖ ਨਸ਼ੀਲੇ ਪਦਾਰਥਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ।