ਲੋਕਾਂ ਦੇ ਬੁਨਿਆਦੀ ਮੁੱਦਿਆਂ ’ਤੇ ਗੱਲ ਕਰਨ ਤੋਂ ਭੱਜੇ ਸਿਆਸੀ ਧਿਰਾਂ ਦੇ ਉਮੀਦਵਾਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਮਈ
ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਲੋਕਾਂ ਦੇ ਬੁਨਿਆਦੀ ਮੁੱਦਿਆਂ ’ਤੇ ਪਾਰਟੀ ਅਤੇ ਉਨ੍ਹਾਂ ਦੇ ਨਿੱਜੀ ਵਿਚਾਰ ਜਾਨਣ ਲਈ ਸਥਾਨਕ ਅਨਾਜ ਮੰਡੀ ’ਚ ਸਾਂਝੀ ਸਟੇਜ ਲਗਾ ਕੇ ਸੰਵਾਦ ਪ੍ਰੋਗਰਾਮ ਕੀਤਾ ਗਿਆ। ਭਾਵੇਂ ਚੋਣ ਲੜ ਰਹੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਪ੍ਰੋਗਰਾਮ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਹੀ ਸ਼ਾਮਲ ਹੋਏ ਜਦੋਂਕਿ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ’ਚੋਂ ਕਿਸੇ ਨੇ ਵੀ ਸ਼ਮੂਲੀਅਤ ਨਹੀਂ ਕੀਤੀ। ਪ੍ਰੋਗਰਾਮ ’ਚ ਵੱਡੀ ਤਾਦਾਦ ’ਚ ਕਿਰਤੀ ਵਰਗ ਨਾਲ ਸਬੰਧਤ ਔਰਤਾਂ ਸ਼ਾਮਲ ਹੋਈਆਂ।
ਲੋਕ ਸਭਾ ਚੋਣ ਦੌਰਾਨ ਇਹ ਨਿਵੇਕਲਾ ਪ੍ਰੋਗਰਾਮ ਡੈਮੋਕ੍ਰੈਟਿਕ ਮਨਰੇਗਾ ਫਰੰਟ, ਡੈਮੋਕ੍ਰੈਟਿਕ ਮਿੱਡ-ਡੇਅ ਮੀਲ ਕੁੱਕ ਫਰੰਟ, ਆਈਡੀਪੀ ਅਤੇ ‘ਪਿੰਡ ਬਚਾਓ-ਪੰਜਾਬ ਬਚਾਓ’ ਵੱਲੋਂ ਇਸ ਮਕਸਦ ਨਾਲ ਕਰਵਾਇਆ ਗਿਆ ਤਾਂ ਜੋ ਸਾਰੇ ਉਮੀਦਵਾਰ ਇੱਕ ਦੂਜੇ ਨਾਲ ਮਿਲ ਬੈਠ ਕੇ ਸੱਭਿਅਕ ਤਰੀਕੇ ਨਾਲ ਸੰਵਾਦ ਕਰ ਕੇ ਲੋਕ ਮਸਲਿਆਂ ਨੂੰ ਗੰਭੀਰਤਾ ਨਾਲ ਸਮਝਣ ਦਾ ਯਤਨ ਕਰਨ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਪਿਆਰੇ ਲਾਲ ਗਰਗ, ਹਮੀਰ ਸਿੰਘ, ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਅਤੇ ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਨੇ ਕਿਹਾ ਕਿ ਸੰਵਾਦ ਪ੍ਰੋਗਰਾਮ ਦੌਰਾਨ ਕਿਸੇ ਉਮੀਦਵਾਰ ਨੂੰ ਸਵਾਲ ਨਹੀਂ ਕਰਨੇ ਸਨ, ਸਗੋਂ ਉਨ੍ਹਾਂ ਦੇ ਲੋਕ ਮੁੱਦਿਆਂ ਬਾਰੇ ਵਿਚਾਰ ਜਾਨਣ ਲਈ ਸਾਂਝੀ ਸਟੇਜ ਲਗਾਈ ਸੀ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਲੋਕਾਂ ’ਚ ਲੋਕ ਮੁੱਦਿਆਂ ਦੀ ਗੱਲ ਨਹੀਂ ਕਰਦੇ, ਉਹਨ੍ਹਾਂ ਤੋਂ ਸੰਸਦ ਵਿਚ ਲੋਕ ਮੁੱਦਿਆਂ ਦੀ ਗੱਲ ਕਰਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ’ਚ ਡੀਐੱਮਐੱਫ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਡੈਮੋਕ੍ਰੈਟਿਕ ਮਿੱਡ-ਡੇਅ ਮੀਲ ਕੁੱਕ ਫਰੰਟ ਦੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਪਿੰਡ ਬਚਾਓ-ਪੰਜਾਬ ਬਚਾਓ ਦੇ ਡਾ. ਏਐਸ ਮਾਨ, ਆਈਡੀਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਅਤੇ ਫਲਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ, ਖ਼ੁਦਕੁਸ਼ੀਆਂ, ਐਮਐਸਪੀ ਗਾਰੰਟੀ ਕਾਨੂੰਨ, ਮਨਰੇਗਾ ਤਹਿਤ ਰੁਜ਼ਗਾਰ, ਬੇਰੁਜ਼ਗਾਰੀ ਭੱਤੇ ਆਦਿ ਅਨੇਕਾਂ ਮੁੱਦੇ ਹਨ ਜਿਨ੍ਹਾਂ ਬਾਰੇ ਉਮਦੀਵਾਰਾਂ ਦੇ ਵਿਚਾਰ ਜਾਨਣੇ ਸਨ।
ਪ੍ਰੋਗਰਾਮ ’ਚ ਸਮਾਜ ਸੇਵੀ ਪਾਲੀ ਰਾਮ ਬਾਂਸਲ, ਡੀਐਮਐਫ਼ ਦੇ ਸੂਬਾ ਸਕੱਤਰ ਹਰਦੀਪ ਕੌਰ ਪਾਲੀਆ, ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਘਾਸੀਵਾਲ, ਨਿਰਮਲ ਸਿੰਘ ਉਭਿਆ, ਕੁੱਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਹਿਨਾਜ਼ ਬੇਗਮ, ਪਰਮਜੀਤ ਕੌਰ ਨਰੈਣਗੜ੍ਹ, ਆਈਡੀਪੀ ਦੇ ਗੁਰਮੀਤ ਸਿੰਘ ਥੂਹੀ, ਮਨਪ੍ਰੀਤ ਰਾਜਪੁਰਾ, ਕਿਰਨਜੀਤ ਕੌਰ ਝੁਨੀਰ, ਚੰਦ ਸਿੰਘ ਰੋਗਲਾ, ਦਲਵੀਰ ਸਿੰਘ ਧੂਰੀ, ਸੈਂਸੀ ਸਿੰਘ ਜਖੇਪਲ, ਰਾਮ ਲਾਲ ਆਦਿ ਸ਼ਾਮਲ ਸਨ।