ਬਿਨਾਂ ਪ੍ਰਵਾਨਗੀ ਸਟਾਕ ਰੱਖਣ ’ਤੇ ਖਾਦ ਵਿਕਰੇਤਾ ਦਾ ਲਾਇਸੈਂਸ ਰੱਦ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਨਵੰਬਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਡੀਏਪੀ ਅਤੇ ਹੋਰ ਖਾਦਾਂ ਦੀ ਚੈਕਿੰਗ ਦੌਰਾਨ ਮੈਸ ਸ਼ਾਰਦਾ ਐਗਰੋ ਕੈਮੀਕਲਜ਼, ਘੱਗਾ ਵੱਲੋਂ ਖਾਦ ਦਾ ਬਿਨਾਂ ਪ੍ਰਵਾਨਗੀ ਸਟਾਕ ਰੱਖਣ ਕਾਰਨ ਲਾਇਸੈਂਸ ਰੱਦ ਕੀਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿਸਾਨ ਜਥੇਬੰਦੀਆਂ ਵੱਲੋਂ ਘੱਗਾ ਦੇ ਖਾਦ ਵਿਕਰੇਤਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਵੀ ਦਿੱਤਾ ਗਿਆ ਸੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸੇ ਦੌਰਾਨ ਮੈਸ ਸ਼ਾਰਦਾ ਐਗਰੋ ਕੈਮੀਕਲਜ਼ ਘੱਗਾ ਦੇ ਰਿਕਾਰਡ ਦੀ ਜਦ ਜਾਂਚ ਕੀਤੀ ਗਈ ਤਾਂ ਫਰਮ ਵੱਲੋਂ ਆਪਣੇ ਕੋਲ ਮੌਜੂਦ ਖਾਦ ਦੀ ਅਡੀਸ਼ਨ ਆਪਣੇ ਫਰਟੀਲਾਈਜ਼ਰ ਲਾਇਸੈਂਸ ਵਿੱਚ ਨਹੀਂ ਕਰਵਾਈ ਗਈ ਸੀ ਅਤੇ ਦੁਕਾਨ ਅਤੇ ਗੁਦਾਮ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਫ਼ਰਮ ਵੱਲੋਂ ਬਿਨਾਂ ਅਡੀਸ਼ਨ ਕਰਵਾਏ ਵੱਡੀ ਮਾਤਰਾ ਵਿੱਚ ਯੂਰੀਆ ਖਾਦ ਅਤੇ ਕੁਝ ਹੋਰ ਖਾਦਾਂ ਸਟੋਰ ਕੀਤੀ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਫ਼ਰਮ ਦੀ ਸੇਲ ਤੁਰੰਤ ਬੰਦ ਕਰਵਾ ਦਿੱਤੀ ਗਈ ਹੈ ਤੇ ਫ਼ਰਮ ਖਿਲਾਫ਼ ਖਾਦ ਲਾਇਸੈਂਸ ਦੀਆਂ ਸ਼ਰਤਾਂ ਅਤੇ ਖਾਦ ਕੰਟਰੋਲ ਆਰਡਰ 1985 ਦੀ ਧਾਰਾ 8 ਦੀ ਉਲੰਘਣਾ ਦੀ ਕਾਰਵਾਈ ਕਰਦਿਆਂ ਫ਼ਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬੀਜਾਂ, ਕੀਟਨਾਸ਼ਕਾਂ ਅਤੇ ਖਾਦਾਂ ਦੀ ਵਿਕਰੀ ਤੇ ਸਪਲਾਈ ’ਤੇ ਨੇੜਿਓਂ ਨਜ਼ਰ ਰੱਖਣ ਲਈ ਟੀਮਾਂ ਖਾਦਾਂ ਦੇ ਸਟਾਕ ਦੀ ਲਗਾਤਾਰ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਨੂੰ ਵੀ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ):
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਹਦਾਇਤ ਉੱਤੇ ਅੱਜ ਭਵਾਨੀਗੜ੍ਹ ਸਬ ਡਵੀਜ਼ਨ ਵਿੱਚ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਚਹਿਲ ਅਤੇ ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਕਰਨਬੀਰ ਰੰਧਾਵਾ ਨੇ ਦੱਸਿਆ ਕਿ ਅੱਜ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਦੀ ਸਾਂਝੀ ਟੀਮ ਵੱਲੋਂ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਚੰਨੋਂ, ਨਦਾਮਪੁਰ ਅਤੇ ਭੜੋ ਵਿੱਚ ਸਥਿਤ ਖਾਦ ਦੀਆਂ ਵੱਖ-ਵੱਖ ਦੁਕਾਨਾਂ ਅਤੇ ਗੁਦਾਮਾਂ ਵਿੱਚ ਜਾ ਕੇ ਡੀਏਪੀ ਖਾਦ ਸਬੰਧੀ ਸਟਾਕ ਰਜਿਸਟਰਾਂ ਅਤੇ ਮਾਲ ਦੀ ਜਾਂਚ ਕੀਤੀ ਗਈ ਅਤੇ ਸਰਕਾਰ ਦੇ ਵੰਡ ਸਬੰਧੀ ਮਾਪਦੰਡਾਂ ਨੂੰ ਘੋਖਿਆ ਗਿਆ। ਉਨ੍ਹਾਂ ਕਿਹਾ ਕਿਜੇ ਵੀ ਥਾਂ ਉੱਤੇ ਕਿਸੇ ਡੀਲਰ ਖਿਲਾਫ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਮਰਗੜ੍ਹ (ਰਾਜਿੰਦਰ ਜੈਦਕਾ):
ਇਥੇ ਐੱਸਡੀਐਮ ਅਮਰਗੜ੍ਹ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਟੀਮ ਸਮੇਤ ਕਿਸਾਨਾਂ ਨੂੰ ਡੀਏਪੀ ਖਾਦ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪਿੰਡ ਮੰਨਵੀ, ਚੌਦਾ, ਭੁਰਥਲ ਮੰਡੇਰ, ਜਲਾਲਗੜ੍ਹ, ਰੁੜਕੀ ਕਲ੍ਹਾਂ ਪਿੰਡਾਂ ਵਿੱਚ ਕਰੀਬ 10 ਫਰਟੀਲਾਈਜ਼ਰ ਅਤੇ ਪੈਸਟੀਸਾਈਡ ਡੀਲਰਾਂ ਦੀ ਚੈਕਿੰਗ ਕੀਤੀ। ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ, ਖੇਤੀਬਾੜੀ ਇੰਸਪੈਕਟਰ ਡਾ. ਇੰਦਰਦੀਪ ਕੌਰ ਸਮੇਤ ਟੀਮ ਮੌਜੂਦ ਸਨ। ਉਕਤ ਪਿੰਡਾਂ ਵਿੱਚ ਸਥਿਤ ਖਾਦ ਦੀਆਂ ਵੱਖ-ਵੱਖ ਦੁਕਾਨਾਂ ਅਤੇ ਗੁਦਾਮਾਂ ਵਿੱਚ ਜਾ ਕੇ ਡੀਏਪੀ ਖਾਦ ਸਬੰਧੀ ਸਟੋਕ ਰਜਿਸਟਰਾਂ ਅਤੇ ਮਾਲ ਦੀ ਜਾਂਚ ਕੀਤੀ ਗਈ।
ਡੀਏਪੀ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਵਿਰੁੱਧ ਹੇਵੇੇਗੀ ਸਖ਼ਤ ਕਾਰਵਾਈ
ਪਟਿਆਲਾ (ਸਰਬਜੀਤ ਸਿੰਘ ਭੰਗੂ):
ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਡੀਏਪੀ ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਖਾਦ ਵਿਕਰੇਤਾਵਾਂ ਦੀ ਚੈਕਿੰਗ ਕਰਦੇ ਰਹਿਣ ਦੀਆਂ ਹਦਾਇਤਾਂ ਕਰਦਿਆਂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਖਾਦ ਵਿਕਰੇਤਾ ਡੀਏਪੀ ਖਾਦ ਦਾ ਭੰਡਾਰਨ ਨਾ ਕਰੇ ਅਤੇ ਕਿਸਾਨਾਂ ਨੂੰ ਖਾਦ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ। ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਦਿਆਂ, ਉਨ੍ਹਾਂ ਕਿਹਾ ਕਿ ਉਹ ਖੁਦ ਵੀ ਖਾਦ ਦੇ ਸਟਾਕ ਦੀ ਜਾਂਚ ਲਈ ਅਚਨਚੇਤ ਦੌਰੇ ਕਰਨਗੇ ਅਤੇ ਸਮੂਹ ਐੱਸਡੀਐੱਮਜ਼ ਵੀ ਆਪਣੀ ਸਬ-ਡਿਵੀਜ਼ਨ ਅੰਦਰ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ ਕਰਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਉਨ੍ਹਾ ਕਿਹਾ ਕਿ ਖਾਦ ਦੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਕਰਨ ਵਾਲ਼ੇ ਖਾਦ ਵਿਕਰੇਤਾ ਖ਼ਿਲਾਫ਼ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ। ਡੀਏਪੀ ਖਾਦ ਸਬੰਧੀ ਸ਼ਿਕਾਇਤ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨੰਬਰ ਜਾਰੀ ਕੀਤੇ ਹਨ। ਬਲਾਕ ਪਟਿਆਲਾ ਲਈ ਗੁਰਮੀਤ ਸਿੰਘ (97791-60950), ਰਾਜਪੁਰਾ ਲਈ ਜਪਿੰਦਰ ਸਿੰਘ (79735-74542), ਬਲਾਕ ਘਨੌਰ ਲਈ ਅਨੁਰਾਗ ਅੱਤਰੀ (97819-90390), ਸਮਾਣਾ ਅਤੇ ਪਾਤੜਾਂ ਬਲਾਕਾਂ ਲਈ ਸਤੀਸ਼ ਕੁਮਾਰ (97589-00047), ਭੁਨਰਹੇੜੀ ਅਤੇ ਸਨੌਰ ਵਾਸਤੇ ਅਵਨਿੰਦਰ ਸਿੰਘ ਮਾਨ (80547-04471) ਤੇ ਨਾਭਾ ਦੇ ਕਿਸਾਨਾ ਲਈ ਬਲਾਕ ਖੇਤੀਬਾੜੀ ਅਫ਼ਸਰ ਜੁਪਿੰਦਰ ਸਿੰਘ ਗਿੱਲ ਦਾ 97805-60004 ਫੋਨ ਨੰਬਰ ਜਾਰੀ ਕੀਤੇ ਗਏ ਹਨ।