ਕੈਨੇਡੀਅਨ ਸੰਸਦ ਮੈਂਬਰ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੀ ਅਲੋਚਨਾ ਕੀਤੀ
ਵੈਨਕੂਵਰ (ਕੈਨੇਡਾ), 25 ਜੂਨ
ਕੈਨੇਡੀਅਨ ਸੰਸਦ ਮੈਂਬਰ ਨੇ ਸਿੱਖ ਵੱਖਵਾਦੀ ਅਤੇ ਭਾਰਤ ਵੱਲੋਂ ਅਤਿਵਾਦੀ ਕਰਾਰ ਦਿੱਤੇ ਗਏ ਹਰਦੀਪ ਸਿੰਘ ਨਿੱਝਰ ਦੀ ਬਰਸੀ ਮੌਕੇ ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਮੌਨ ਰੱਖਣ ਦੀ ਆਲੋਚਨਾ ਕੀਤੀ ਹੈ।
ਨੇਪੀਅਨ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਆਪਣੀ ਹੀ ਸਰਕਾਰ ਦੇ ਰੁਖ ਤੋਂ ਅਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਇੱਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜਦ ਸੰਸਦ ਮੌਨ ਰੱਖਣ ਦਾ ਫ਼ੈਸਲਾ ਕਰਦੀ ਹੈ ਤਾਂ ਉਹ ਕੁੱਝ ਮਹਾਨ ਕੈਨੇਡੀਅਨਾਂ ਲਈ ਹੁੰਦਾ ਹੈ, ਜਿਨ੍ਹਾਂ ਨੇ ਦੇਸ਼ਵਾਸੀਆਂ ਦੀ ਜ਼ਿੰਦਗੀ ਲਈ ਮਹਾਨ ਸੇਵਾ ਕੀਤੀ ਹੋਵੇ। ਨਿੱਝਰ ਉਨ੍ਹਾਂ ਵਿਚੋਂ ਇੱਕ ਨਹੀਂ ਸੀ। ਆਰੀਆ ਨੇ ਨਿੱਝਰ ਦੀ ਹੱਤਿਆ ਨੂੰ ਵਿਦੇਸ਼ ਸਰਕਾਰ ਨਾਲ ਜੋੜਨ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਨਿੱਝਰ ਦੇ ਰੁਤਬੇ ਨੂੰ ਉੱਚਾ ਚੁੱਕਣ ਦੀ ਆਲੋਚਨਾ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰੀ ਦੇ ਇਕ ਗੁਰਦੁਆਰੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਹਰਦੀਪ ਨਿੱਝਰ ਦੀ ਬਰਸੀ ਮੌਕੇ 18 ਜੂਨ ਨੂੰ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੌਨ ਰੱਖਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਦੇ ਤਾਰ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਕੂਟਨੀਤਿਕ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ।
ਆਰੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸਹਿਯੋਗੀ ਅਤੇ ਖਾਲਿਸਤਾਨ ਵੱਖਵਾਦੀ ਲਹਿਰਾਂ ਦਾ ਵਿਰੋਧ ਕਰਨ ਲਈ ਜਾਣਿਆ ਜਾਂਦਾ ਹੈ। ਆਰੀਆ ਨੇ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿੱਝਰ ਨਕਲੀ ਪਾਸਪੋਰਟ ਦੀ ਵਰਤੋਂ ਕਰਕੇ ਕੈਨੇਡਾ ਵਿਚ ਦਾਖ਼ਲ ਹੋਇਆ ਸੀ, ਹਿੰਸਾ ਨੂੰ ਹੁਲਾਰਾ ਦਿੰਦਾ ਸੀ ਅਤੇ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਕਰ ਰਹੇ ਸਿੱਖ ਵੱਖਵਾਦੀਆਂ ਨਾਲ ਜੁੜਿਆ ਹੋਇਆ ਸੀ। -ਏਐੱਨਆਈ