ਨਿਊ ਦੀਪ ਕੰਪਨੀ ਦੀ ਬੱਸ ਨੇ ਨੌਜਵਾਨ ਦਰੜਿਆ
ਮਨੋਜ ਸ਼ਰਮਾ
ਗੋਨਿਆਣਾ ਮੰਡੀ, 4 ਸਤੰਬਰ
ਇਥੇ ਜੈਤੋ ਰੋਡ ’ਤੇ ਆਕਲੀਆ ਕਾਲਜ ਆਫ਼ ਇੰਸਟੀਚਿਊਟ ਨਜ਼ਦੀਕ ਅੱਜ ਸਵੇਰ 9 ਵਜੇ ਦੇ ਕਰੀਬ ਨਿਊ ਦੀਪ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਇਕ ਨੌਜਵਾਨ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਲਖਵੀਰ ਸਿੰਘ (20) ਪੁੱਤਰ ਦੇਵਪ੍ਰੀਤ ਸਿੰਘ ਵਾਸੀ ਆਕਲੀਆ ਕਲਾਂ ਵਜੋਂ ਹੋਈ ਹੈ। ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਨਿਊ ਦੀਪ ਕੰਪਨੀ ਦੀ ਬੱਸ ਇੱਕ ਕਾਰ ਨੂੰ ਓਵਰਟੇਕ ਕਰ ਰਹੀ ਸੀ ਜਿਸ ਨੇ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਜਾ ਰਹੇ ਨੌਜਵਾਨ ਨੂੰ ਦਰੜ ਦਿੱਤਾ।
ਲੋਕਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਡਿੰਪੀ ਢਿੱਲੋਂ ਦੀ ਮਾਲਕੀ ਵਾਲੀ ਇਸ ਬੱਸ ਦੇ ਚਾਲਕ ਨੇ ਹਾਦਸਾ ਹੋਣ ਦੇ ਬਾਵਜੂਦ ਬੱਸ ਨਹੀਂ ਰੋਕੀ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਲੱਤ ਬੰਪਰ ਵਿੱਚ ਫਸਣ ਦੇ ਬਾਵਜੂਦ ਬੱਸ ਚਾਲਕ ਉਸ ਨੂੰ ਗੋਨਿਆਣਾ ਮੰਡੀ ਦੇ ਬਾਈਪਾਸ ਤੱਕ ਘੜੀਸਦਾ ਰਿਹਾ। ਇਕੱਠੇ ਹੋਏ ਲੋਕਾਂ ਨੇ ਬੱਸ ਨੂੰ ਗੋਨਿਆਣਾ ਬਾਈਪਾਸ ’ਤੇ ਰੋਕਿਆ। ਮੌਕੇ ’ਤੇ ਪੁੱਜੇ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਨੇ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਬੱਸ ਕਬਜ਼ੇ ਵਿੱਚ ਲੈ ਲਈ ਹੈ। ਇਸ ਹਾਦਸੇ ਦੀ ਖ਼ਬਰ ਮਿਲਦੇ ਹੀ ਪਿੰਡ ਆਕਲੀਆ ਕਲਾਂ ਦੇ ਸਾਬਕਾ ਸਰਪੰਚ ਸਵਰਨ ਸਿੰਘ ਆਕਲੀਆ, ਪ੍ਰੇਮ ਸਿੰਘ ਫ਼ੌਜੀ, ਜਸਪ੍ਰੀਤ ਸਿੰਘ ਸਰਦੂਲ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਸੜਕ ’ਤੇ ਜਾਮ ਲਾ ਕੇ ਬੱਸ ਕੰਪਨੀ ਅਤੇ ‘ਆਪ’ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਤਹਿਸੀਲਦਾਰ ਗੋਨਿਆਣਾ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਮ੍ਰਿਤਕ ਪਰਿਵਾਰ ਲਈ ਇਨਸਾਫ਼ ਦੇਣ ਦੀ ਗੱਲ ਕਹੀ। ਧਰਨਾਕਾਰੀ ਦੇਰ ਰਾਤ ਤੱਕ ਕਾਰਵਾਈ ਲਈ ਡਟੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਬੱਸ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਖ਼ਬਰ ਲਿਖੇ ਜਾਣ ਤੱਕ 9 ਵਜੇ ਵੀ ਧਰਨਾਕਾਰੀ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰ ਰਹੇ ਸਨ। ਥਾਣਾ ਨੇਹੀਆਂ ਵਾਲਾ ਦੇ ਮੁਖੀ ਜਗਦੇਵ ਸਿੰਘ ਤੇ ਡੀਐੱਸਪੀ ਧਰਨਾਕਾਰੀਆਂ ਨੂੰ ਸ਼ਾਂਤ ਕਰਨ ’ਚ ਜੁਟੇ ਹੋਏ ਸਨ, ਪਰ ਧਰਨਾਕਾਰੀ ਮੰਗ ’ਤੇ ਅੜੇ ਰਹੇ।