ਬੱਸ ਨੇ ਐਂਬੂਲੈਂਸ ’ਚ ਟੱਕਰ ਮਾਰੀ, ਕਈ ਜ਼ਖ਼ਮੀ
ਖੇਤਰੀ ਪ੍ਰਤੀਨਿਧ
ਪਟਿਆਲਾ, 28 ਨਵੰਬਰ
ਇੱਥੇ ਸਮਾਣਾ ਰੋਡ ਸਥਿਤ ਪਿੰਡ ਢੈਂਠਲ ਵਿੱਚ ਪੀਆਰਟੀਸੀ ਦੀ ਬੱਸ ਵੱਲੋਂ ਐਂਬੂਲੈਂਸ ’ਚ ਟੱਕਰ ਕਾਰਨ ਵਾਪਰੇ ਹਾਦਸੇ ’ਚ ਐਂਬੂਲੈਂਸ ਦੇ ਮੁਲਾਜ਼ਮ ਅਤੇ ਬੱਸ ਦੀਆਂ ਸਵਾਰੀਆਂ ਸਮੇਤ ਦਰਜਨ ਭਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਮਰੀਜ਼ ਕਰਨੈਲ ਸਿੰਘ ਨੂੰ ਜਦੋਂ ਸਿਵਲ ਹਸਪਤਾਲ ਸਮਾਣਾ ਤੋਂ ਰੈਫਰ ਕਰਨ ਮਗਰੋਂ ਐਂਬੂਲੈਂਸ ਰਾਹੀਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਜਾ ਰਿਹਾ ਸੀ ਤਾਂ ਰਾਹ ਇਹ ਹਾਦਸਾ ਵਾਪਰ ਗਿਆ।
ਐਂਬੂਲੈਂਸ ’ਚ ਇਸ ਮਰੀਜ਼ ਤੋਂ ਇਲਾਵਾ ਉਸ ਦੇ ਨਾਲ ਉਸ ਦੇ ਦੋ ਪਰਿਵਾਰਕ ਮੈਂਬਰ ਵੀ ਸਨ। ਇਸ ਹਾਦਸੇ ’ਚ ਐਂਬੂਲੈਂਸ ਵਿਚ ਮੌਜੂਦ ਪ੍ਰੇਮਪਾਲ ਨਾਮ ਦਾ ਸਿਹਤ ਕਰਮਚਾਰੀ ਵੀ ਜ਼ਖ਼ਮੀ ਹੋ ਗਿਆ। ਜਦਕਿ ਬੱਸ ਵਿਚਲੀਆਂ ਸਵਾਰੀਆਂ ’ਚੋਂ ਵੀ ਕਈ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ ਚਰਨਜੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਾਤੜਾਂ, ਅਸ਼ੀਸ਼ ਪੁੱਤਰ ਪ੍ਰਦੀਪ ਕੁਮਾਰ ਵਾਸੀ ਘੜਾਮ ਪੱਤੀ ਸਮਾਣਾ, ਮਨਜੀਤ ਕੌਰ ਪੁੱਤਰੀ ਨਿਸ਼ਾਨ ਸਿੰਘ ਵਾਸੀ ਪਿੰਡ ਮਟੌਲੀ ਪੀਐੱਸਖਨੌਰੀ, ਜੋਤੀ ਕਪੂਰ ਪੁੱਤਰ ਰਾਜੇਸ਼ ਕੁਮਾਰ ਵਾਸੀ ਪਾਤੜਾਂ ਸਮੇਤ ਪ੍ਰਿੰਸ, ਜਸਵੰਤ ਕੌਰ, ਕਰਨੈਲ ਸਿੰਘ, ਰੁਪੇਸ਼ ਕੁਮਾਰ, ਆਦੇਸ਼ ਕੁਮਾਰ, ਅਨਮੋਲ ਅਤੇ ਆਦਰਸ਼ ਆਦਿ ਸ਼ਾਮਲ ਹਨ। ਇਸ ਸਬੰਧੀ ਭਾਵੇਂ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਐਂਬੂਲੈਂਸ ਦੇ ਡਰਾਈਵਰ ਨੇ ਇਥੇ ਰਾਜਿੰਦਰਾ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਇਹ ਹਾਦਸਾ ਬੱਸ ਚਾਲਕ ਵੱਲੋਂ ਐਂਬੂਲੈਂਸ ਨੂੰ ਓਵਰ ਟੇਕ ਕਰਨ ਕਰਕੇ ਵਾਪਰਿਆ ਜਿਸ ਦੌਰਾਨ ਬੱਸ ਦੀ ਫੇਟ ਵੱਜਣ ਕਾਰਨ ਐਂਬੂਲੈਂਸ ਖਤਾਨਾ ’ਚ ਜਾ ਉਤਰੀ।