ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੋਝ ਲਹਿ ਗਿਆ

08:36 AM Jul 27, 2024 IST

ਦਰਸ਼ਨ ਸਿੰਘ ਆਸ਼ਟ (ਡਾ.)

Advertisement

ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹ ਗਿਆ ਸੀ। ਇਸ ਸਾਲ ਵੀ ਵਿਦਿਆਰਥੀਆਂ ਦੇ ਸਿਰਜਣ ਮੁਕਾਬਲਿਆਂ ਦੀ ਤਿਆਰੀ ਸ਼ੁਰੂ ਹੋ ਰਹੀ ਸੀ। ਇਹ ਮੁਕਾਬਲੇ ਪਹਿਲਾਂ ਤਹਿਸੀਲ ਪੱਧਰ ’ਤੇ ਹੋਣੇ ਸਨ। ਫਿਰ ਜ਼ਿਲ੍ਹਾ ਪੱਧਰ ’ਤੇ ਅਤੇ ਫਿਰ ਰਾਜ ਪੱਧਰ ’ਤੇ।
ਪਵਨ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਦੋਸਤਾਂ ਵਿੱਚ ਸ਼ੇਖਚਿੱਲੀ ਵਾਲੀਆਂ ਗੱਲਾਂ ਕਰਦਾ ਰਹਿੰਦਾ ਸੀ। ਪੜ੍ਹਾਈ ਵਿੱਚ ਵੀ ਬਹੁਤਾ ਠੀਕ ਨਹੀਂ ਸੀ। ਉਸ ਦੀ ਲਿਖਾਈ ਕੁਝ ਚੰਗੀ ਜ਼ਰੂਰ ਸੀ ਪਰ ਏਨੀ ਖ਼ੁਸ਼ਖ਼ਤ ਵੀ ਨਹੀਂ ਸੀ ਕਿ ਮੁਕਾਬਲੇ ਵਿੱਚ ਕੋਈ ਇਨਾਮ ਹਾਸਲ ਕਰ ਸਕੇ। ਪਵਨ ਮੁਕਾਬਲਿਆਂ ਬਾਰੇ ਸੋਚਣ ਲੱਗਾ। ਉਸ ਦੇ ਮਨ ਵਿੱਚ ਇੱਕ ਯੋਜਨਾ ਆਈ, ‘‘ਚਾਚਾ ਜੀ! ਪੂਰੇ ਜੁਗਾੜੀ ਨੇ। ਉਨ੍ਹਾਂ ਨਾਲ ਗੱਲ ਕਰਕੇ ਦੇਖਦਾ ਹਾਂ। ਜਦੋਂ ਸੁੰਦਰ ਲਿਖਾਈ ਮੁਕਾਬਲੇ ਵਿੱਚ ਮੈਂ ਪਹਿਲਾ ਇਨਾਮ ਜਿੱਤਿਆ ਤਾਂ ਦੋਸਤਾਂ ਮਿੱਤਰਾਂ ਨੇ ਦੰਦਾਂ ਹੇਠਾਂ ਜੀਭਾਂ ਦੇ ਲੈਣੀਆਂ ਨੇ। ਸਕੂਲ ਤਾਂ ਕੀ, ਗਲੀ-ਮੁਹੱਲੇ ਵਿੱਚ ‘ਪਵਨ ਪਵਨ’ ਹੋ ਜਾਣੀ ਏ।’’
ਸ਼ਾਮ ਨੂੰ ਪਵਨ ਦੇ ਚਾਚਾ ਜੀ ਘਰ ਆਏ। ਉਨ੍ਹਾਂ ਨਾਲ ਉਸ ਦਾ ਹਾਸਾ-ਮਜ਼ਾਕ ਚੱਲਦਾ ਰਹਿੰਦਾ ਸੀ। ਉਹ ਅਜੇ ਮੋਬਾਈਲ ’ਤੇ ਕਿਸੇ ਨਾਲ ਕੋਈ ਗੱਲ ਕਰਨ ਹੀ ਲੱਗੇ ਸਨ ਕਿ ਪਵਨ ਨੇ ਉਨ੍ਹਾਂ ਹੱਥੋਂ ਮੋਬਾਈਲ ਖੋਹ ਲਿਆ ਤੇ ਹੌਲੀ ਜਿਹੀ ਬੋਲਿਆ,‘‘ਚਾਚਾ ਜੀ, ਇੱਕ ਘੁੰਡੀ ਅੜ ਗਈ ਏ। ਕੱਢਣੀ ਏ।’’
ਚਾਚਾ ਜੀ ਥੋੜ੍ਹਾ ਗੁੱਸੇ ਵਿੱਚ ਬੋਲੇ, ‘‘ਤੇਰੀਆਂ ਘੁੰਡੀਆਂ ਅੜੀਆਂ ਈ ਰਹਿੰਦੀਆਂ ਨੇ। ਕਦੇ ਆਪ ਵੀ ਕੱਢ ਲਿਆ ਕਰ? ਲਿਆ ਮੋਬਾਈਲ ਫੜਾ ਮੇਰਾ...।’’
ਪਵਨ ਨੇ ਚਾਚਾ ਜੀ ਨੂੰ ਮੋਬਾਈਲ ਫੜਾ ਦਿੱਤਾ। ਫਿਰ ਉਸ ਨੇ ਚਾਚਾ ਜੀ ਦੇ ਕੰਨ ਵਿੱਚ ਘੁਸਰ-ਮੁਸਰ ਕੀਤੀ।
‘‘ਬਸ! ਏਡਾ ਕੁ ਕੰਮ ਏ? ਮੈਂ ਸੋਚਿਆ ਪਤਾ ਨਹੀਂ ਕਿਹੜਾ ਪਹਾੜ ਖੋਦਣ ਨੂੰ ਕਹੇਂਗਾ?’’ ਚਾਚਾ ਜੀ ਨੇ ਕਿਹਾ।
ਪਵਨ ਖ਼ੁਸ਼ ਹੋ ਗਿਆ। ਤਹਿਸੀਲ ਪੱਧਰ ਦੇ ਮੁਕਾਬਲੇ ਵਿੱਚ ਕੇਵਲ ਇੱਕ ਦਿਨ ਬਾਕੀ ਸੀ। ਸ਼ਾਮ ਵੇਲੇ ਚਾਚਾ ਜੀ ਕੋਲ ਇੱਕ ਨੌਜਵਾਨ ਆਇਆ। ਉਹ ਚਾਚਾ ਜੀ ਦਾ ਜਾਣੂ ਸੀ। ਚਾਚਾ ਜੀ ਨੇ ਉਨ੍ਹਾਂ ਨਾਲ ਪਵਨ ਦੀ ਜਾਣ-ਪਛਾਣ ਵੀ ਕਰਵਾਈ। ਫਿਰ ਦੋਵੇਂ ਜਣੇ ਬਾਹਰ ਚਲੇ ਗਏ।
ਮੁਕਾਬਲੇ ਦਾ ਦਿਨ ਆ ਗਿਆ। ਮੁਕਾਬਲੇ ਵਾਲਾ ਸਕੂਲ ਰੰਗ ਬਿਰੰਗੀਆਂ ਝੰਡੀਆਂ ਨਾਲ ਸਜਾਇਆ ਹੋਇਆ ਸੀ। ਇੱਥੇ ਤਹਿਸੀਲ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਹੋਣੇ ਸਨ। ਹੋਰਨਾਂ ਮੁਕਾਬਲਿਆਂ ਦੇ ਨਾਲ ਸੁੰਦਰ ਲਿਖਾਈ ਦਾ ਮੁਕਾਬਲਾ ਵੀ ਸ਼ੁਰੂ ਹੋਇਆ। ਪਵਨ ਮਨ ਹੀ ਮਨ ਬੜਾ ਖ਼ੁਸ਼ ਹੋ ਰਿਹਾ ਸੀ। ਉਸ ਦੀ ਖ਼ੁਸ਼ੀ ਦਾ ਕਾਰਨ ਸੀ ਚਾਚਾ ਜੀ ਦਾ ਦੋਸਤ, ਜਿਹੜੇ ਰਾਤੀਂ ਉਨ੍ਹਾਂ ਦੇ ਘਰ ਆਏ ਸਨ। ਸੁੰਦਰ ਲਿਖਾਈ ਦੇ ਮੁਕਾਬਲੇ ਦੇ ਜੱਜ ਉਹੀ ਸਨ।
ਮੁਕਾਬਲੇ ਦਾ ਸਮਾਂ ਖ਼ਤਮ ਹੋ ਗਿਆ। ਹੁਣ ਸਾਰੇ ਵਿਦਿਆਰਥੀ ਨਤੀਜੇ ਦੀ ਉਡੀਕ ਕਰਨ ਲੱਗੇ। ਮੰਚ ਤੋਂ ਇੱਕ-ਇੱਕ ਕਰਕੇ ਨਤੀਜਿਆਂ ਦਾ ਐਲਾਨ ਹੋਣ ਲੱਗਾ। ਚਾਣਚੱਕ ਮਾਈਕ ਵਿੱਚੋਂ ਆਵਾਜ਼ ਆਈ, ‘‘ਸੁੰਦਰ ਲਿਖਾਈ ਮੁਕਾਬਲੇ ਵਿੱਚੋਂ ਪਵਨ ਕੁਮਾਰ, ਜਮਾਤ ਛੇਵੀਂ...ਫਸਟ।’’
ਪਵਨ ਨੇ ਆਪਣਾ ਨਾਂ ਸੁਣਦਿਆਂ ਸਾਰ ਖ਼ੁਸ਼ੀ ਨਾਲ ਕਿਲਕਾਰੀ ਮਾਰੀ ਪਰ ਪੰਡਾਲ ਵਿੱਚ ਬੈਠੇ ਵਿਦਿਆਰਥੀਆਂ ਦੀ ਘੁਸਰ-ਮੁਸਰ ਹੋਣ ਲੱਗ ਪਈ, ‘‘ਹੈਂ? ਪਵਨ ਫਸਟ? ਇਹਦੀ ਲਿਖਾਈ ਇੰਨੀ ਵਧੀਆ ਨਹੀਂ ਕਿ ਫਸਟ ਆ ਸਕੇ? ਇਹ ਕੀ ਹੋ ਗਿਆ?’’
‘‘ਹੋਣਾ ਕੀ ਏ? ਸ਼ਰੇਆਮ ਗੜਬੜ।’’ ਕਿਸੇ ਹੋਰ ਦੀ ਆਵਾਜ਼ ਆਈ।
ਗੁਰਮੁਖ ਦੀ ਲਿਖਾਈ ਦਾ ਸਾਰੇ ਲੋਹਾ ਮੰਨਦੇ ਸਨ। ਪਿਛਲੇ ਸਾਲ ਉਹ ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲੇ ਨੰਬਰ ’ਤੇ ਆਇਆ ਸੀ ਪਰ ਅੱਜ ਉਹ ਦੂਜੇ ਨੰਬਰ ’ਤੇ ਆਇਆ। ਇਸ ਐਲਾਨ ਨਾਲ ਕਈ ਚਿਹਰੇ ਉਦਾਸ ਹੋ ਗਏ। ਪਵਨ ਨੂੰ ਮੁੱਖ ਮਹਿਮਾਨ ਵੱਲੋਂ ਇੱਕ ਸੁਨਹਿਰੀ ਟਰਾਫੀ, ਪ੍ਰਮਾਣ-ਪੱਤਰ ਅਤੇ ਇੱਕ ਚਿੱਟਾ ਲਿਫ਼ਾਫ਼ਾ ਮਿਲਿਆ। ਇਸ ਵਿੱਚ ਪੰਜ ਸੌ ਰੁਪਏ ਦਾ ਨੋਟ ਸੀ।
ਪਵਨ ਖ਼ੁਸ਼ੀ ਖ਼ੁਸ਼ੀ ਘਰ ਆਇਆ ਪ੍ਰੰਤੂ ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੇ ਹੱਥ ਵਿੱਚ ਫੜੀ ਟਰਾਫੀ, ਪ੍ਰਮਾਣ ਪੱਤਰ ਅਤੇ ਪੰਜ ਸੌ ਰੁਪਏ ਦੇ ਨੋਟ ਵਾਲਾ ਲਿਫ਼ਾਫ਼ਾ ਭਾਰੇ ਹੋ ਰਹੇ ਹੋਣ। ਉਸ ਨੇ ਮੰਮੀ-ਪਾਪਾ ਨਾਲ ਵੀ ਇਹ ਖ਼ੁਸ਼ੀ ਸਾਂਝੀ ਕੀਤੀ। ਪਵਨ ਨੇ ਡਰਾਇੰਗ ਰੂਮ ਵਿੱਚ ਆ ਕੇ ਟਰਾਫੀ ਅਤੇ ਪ੍ਰਮਾਣ-ਪੱਤਰ ਸਜਾ ਦਿੱਤੇ। ਰਾਤੀਂ ਪਵਨ ਸੌਣ ਲੱਗਾ ਪਰ ਉਸ ਨੂੰ ਨੀਂਦ ਨਾ ਆਈ। ਆਖ਼ਿਰ ਉਸਲਵੱਟੇ ਲੈਦਿਆਂ ਉਸ ਨੂੰ ਨੀਂਦ ਆ ਹੀ ਗਈ। ਉਸ ਨੂੰ ਇੱਕ ਸੁਪਨਾ ਆਇਆ। ਉਸ ਨੇ ਸੁਪਨੇ ਵਿੱਚ ਵੇਖਿਆ, ਉਸ ਵੱਲੋਂ ਲਿਆਂਦੀ ਟਰਾਫੀ, ਪ੍ਰਮਾਣ-ਪੱਤਰ ਅਤੇ ਚਿੱਟੇ ਰੰਗ ਵਾਲਾ ਲਿਫ਼ਾਫ਼ਾ ਉਸ ਵੱਲ ਵੇਖ ਕੇ ਜ਼ੋਰ ਨਾਲ ਹੱਸ ਰਹੇੇ ਸਨ।
ਪਵਨ ਕੁਝ ਘਾਬਰ ਗਿਆ, ‘‘ਤੁਸੀਂ ਮੇਰੇ ਵੱਲ ਦੇਖ ਕਿਉਂ ਹੱਸ ਰਹੇ ਹੋ? ਮੈਂ ਪਹਿਲੇ ਨੰਬਰ ’ਤੇ ਆ ਕੇ ਤੁਹਾਨੂੰ ਜਿੱਤ ਕੇ ਲਿਆਇਆ ਹਾਂ, ਪਰ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ।’’
‘‘ਹਾ ਹਾ... ਪਰ ਇਹ ਤਾਂ ਦੱਸ ਕਿਵੇਂ ਆਇਆ ਏਂ ਪਹਿਲੇ ਨੰਬਰ ’ਤੇ?’’ ਟਰਾਫੀ ਨੇ ਪੁੱਛਿਆ।
‘‘ਹਾ ਹਾ..ਜਿੱਤ ਕਿਵੇਂ ਪ੍ਰਾਪਤ ਕੀਤੀ ਏ? ਸਭ ਨੂੰ ਪਤੈ...। ਤੂੰ ਸਾਨੂੰ ਹੱਕਦਾਰ ਕੋਲੋਂ ਖੋਹ ਕੇ ਲਿਆਇਆ ਏਂ।’’ ਪ੍ਰਮਾਣ ਪੱਤਰ ਬੋਲਿਆ।
‘‘ਕੀ ਤੂੰ ਸਚਮੁੱਚ ਮੇਰਾ ਹੱਕਦਾਰ ਏਂ? ਆਪਣੇ ਦਿਲ ’ਤੇ ਹੱਥ ਧਰ ਕੇ ਦੱਸ?’’ ਪੰਜ ਸੌ ਰੁਪਏ ਦਾ ਨੋੋਟ ਲਿਫ਼ਾਫ਼ੇ ਵਿੱਚੋਂ ਨਿਕਲ ਕੇ ਉਸ ਨੂੰ ਪੁੱਛਣ ਲੱਗਾ।
‘‘ਕੀ ਮੇਰਾ ਵੀ ਹੱਕਦਾਰ ਏਂ?’’ ਟਰਾਫੀ ਬੋਲੀ।
‘‘ਕੀ ਤੂੰ ਸਾਡੇ ਨਾਲ ਨਜ਼ਰ ਮਿਲਾ ਸਕੇਂਗਾ?’’ ਪ੍ਰਮਾਣ ਪੱਤਰ ਬੋਲਿਆ।
‘‘ਤੂੰ ਹੱਕਦਾਰ ਦਾ ਉਤਰਿਆ ਹੋਇਆ ਚਿਹਰਾ ਨਹੀਂ ਸੀ ਵੇਖਿਆ? ਉਸ ਦੇ ਦਿਲ ’ਤੇ ਕੀ ਗੁਜ਼ਰੀ ਹੋਵੇਗੀ?’’
‘‘ਤੇਰੇ ਚਾਚਾ ਜੀ... ਜੱਜ...।...ਹੇਰਾਫੇਰੀ?’’
ਪਵਨ ਨੂੰ ਜਾਪਿਆ ਜਿਵੇਂ ਉਸ ਨੂੰ ਅਣਗਿਣਤ ਸਵਾਲਾਂ ਨੇ ਘੇਰ ਲਿਆ ਹੋਵੇ। ਉਨ੍ਹਾਂ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਉਹ ਡਰਾਇੰਗ ਰੂਮ ਵਿੱਚ ਆਇਆ। ਟਰਾਫੀ, ਪ੍ਰਮਾਣ ਪੱਤਰ ਅਤੇ ਪੰਜ ਸੌ ਰੁਪਏ ਦਾ ਨੋਟ ਚਿੱਟੇ ਲਿਫ਼ਾਫ਼ੇ ਵਿੱਚ ਉਵੇਂ ਹੀ ਪਿਆ ਸੀ। ਉਸ ਨੇ ਉਨ੍ਹਾਂ ਵੱਲ ਵੇਖਿਆ, ਉਸ ਨੂੰ ਜਾਪਿਆ, ਜਿਵੇਂ ਤਿੰਨਾਂ ਨੇ ਉਸ ਨੂੰ ਦੇਖ ਕੇ ਮੂੰਹ ਮੋੜ ਲਏ ਹੋਣ।
ਚਾਣਚੱਕ ਉੁਸ ਨੇ ਗੁਰਮੁਖ ਦੇ ਘਰ ਦੀ ਘੰਟੀ ਵਜਾ ਦਿੱਤੀ। ਇੱਕ ਵੱਡੇ ਲਿਫ਼ਾਫ਼ੇ ਵਿੱਚ ਟਰਾਫੀ, ਪ੍ਰਮਾਣ ਪੱਤਰ ਤੇ ਪੰਜ ਸੌ ਰੁਪਏ ਦਾ ਨੋਟ ਸੀ। ਪਵਨ ਨੇ ਗੁਰਮੁਖ ਨੂੰ ਇੱਕ ਇੱਕ ਕਰਕੇ ਤਿੰਨੇ ਚੀਜ਼ਾਂ ਸੌਂਪ ਦਿੱਤੀਆਂ। ਫਿਰ ਕਹਿਣ ਲੱਗਾ, ‘‘ਗੁਰਮੁਖ, ਮੈਨੂੰ ਪਤਾ ਹੈ, ਤੂੰ ਮੁਕਾਬਲੇ ਵਿੱਚ ਪਹਿਲੇ ਨੰਬਰ ’ਤੇ ਆਉਣਾ ਸੀ ਪਰ...। ਪਹਿਲੇ ਨੰਬਰ ਦਾ ਹੱਕਦਾਰ ਤੂੰ ਹੈਂ, ਮੈਂ ਨਹੀਂ। ਕੀ ਮੈਨੂੰ ਖ਼ਿਮਾ ਨਹੀਂ ਕਰੇਂਗਾ? ਚਾਚਾ ਜੀ ਨੂੰ ਮੈਂ ਹੀ ਮਜਬੂਰ ਕੀਤਾ ਸੀ। ਅੱਗੋਂ ਉਨ੍ਹਾਂ ਨੇ ਆਪਣੇ ਦੋਸਤ ਨੂੰ ਅਜਿਹਾ ਕਰਨ ਲਈ ਕਿਹਾ ਸੀ।’’ ਪਵਨ ਨੇ ਗੁਰਮੁਖ ਨੂੰ ਦਿਲ ਖੋਲ੍ਹ ਕੇ ਸਾਰੀ ਗੱਲਬਾਤ ਦੱਸ ਦਿੱਤੀ।
ਗੁਰਮੁਖ ਬੋਲਿਆ, ‘‘ਪਵਨ, ਗ਼ਲਤ ਢੰਗ ਅਪਣਾ ਕੇ ਹੱਕਦਾਰਾਂ ਦਾ ਹੱਕ ਖੋਹਣਾ ਬੱਜਰ ਪਾਪ ਏ। ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਤੂੰ ਸਮੇਂ ਸਿਰ ਜਾਗ ਪਿਆ ਏਂ। ਰਹੀ ਟਰਾਫ਼ੀ, ਪ੍ਰਮਾਣ ਪੱਤਰ ਤੇ ਪੰਜ ਸੌ ਰੁਪਏ ਦੀ ਗੱਲ। ਇਹ ਤੂੰ ਹੀ ਰੱਖ ਲੈ। ਸਮਝ ਮੇਰੇ ਕੋਲ ਈ ਨੇ।’’
‘‘ਨਹੀਂ ਪਵਨ, ਇਨਾਮ ਦਾ ਅਸਲ ਹੱਕਦਾਰ ਤੂੰ ਹੀ ਹੈਂ। ਕੀ ਤੂੰ ਸਾਨੂੰ ਮੁਆਫ਼ ਨਹੀਂ ਕਰੇਂਗਾ?’’
ਗੁਰਮੁਖ ਨੇ ਪਵਨ ਨੂੰ ਗਲਵੱਕੜੀ ਵਿੱਚ ਲੈ ਲਿਆ। ਪਵਨ ਉੱਚੀ ਆਵਾਜ਼ ਵਿੱਚ ਖ਼ੁਸ਼ੀ ਨਾਲ ਬੋਲਿਆ, ‘‘ਧੰਨਵਾਦ ਗੁਰਮੁਖ ਵੀਰ।’’ ਨਾਲ ਹੀ ਉਸ ਦੀ ਜਾਗ ਖੁੱਲ੍ਹ ਗਈ। ਉਹ ਅੱਭੜਵਾਹੇ ਉੱਠ ਬੈਠਾ।
‘‘ਕੀ ਹੋਇਆ ਬੇਟੇ? ਕੋਈ ਸੁਪਨਾ ਆ ਰਿਹਾ ਸੀ?’’ ਮੰਮੀ ਨੇ ਪੁੱਛਿਆ।
ਪਵਨ ਅੱਖਾਂ ਮਲਦਾ ਊਂਘਦਾ ਬੋਲਿਆ, ‘‘ਹਾਂ ਮੰਮਾ...। ਇਕ ਵਧੀਆ ਸੁਪਨਾ ਆਇਆ ਸੀ। ਜਿਸ ਤੋਂ ਮੈਂ ਸਬਕ ਸਿੱਖਿਆ ਹੈ।’’
ਪਵਨ ਨੇ ਮੰਮੀ ਨੂੰ ਜੱਫ਼ੀ ਪਾ ਲਈ ਤੇ ਉਹ ਫਿਰ ਸੌਂ ਗਿਆ। ਉਸ ਨੂੰ ਲੱਗਿਆ, ਜਿਵੇਂ ਉਸ ਦੇ ਸਿਰ ਤੋਂ ਵੱਡਾ ਬੋਝ ਲਹਿ ਗਿਆ ਹੋਵੇ। ਸਵੇਰ ਹੋਈ ਤਾਂ ਪਵਨ ਮੰਮੀ ਨੂੰ ਸੁਪਨਾ ਸੁਣਾ ਰਿਹਾ ਸੀ।
ਸੰਪਰਕ: 98144-23703

Advertisement
Advertisement
Advertisement