For the best experience, open
https://m.punjabitribuneonline.com
on your mobile browser.
Advertisement

ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ...

08:38 AM Jul 27, 2024 IST
ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ
Advertisement

ਕੁਲਦੀਪ ਸਿੰਘ ਸਾਹਿਲ

Advertisement

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ
ਜਬ ਕਭੀ ਭੀ ਸੁਨੋਗੇ ਗੀਤ ਮੇਰੇ
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ
ਆਪਣੇ ਆਖਰੀ ਸਮੇਂ ਵਿੱਚ ਮੁਹੰਮਦ ਰਫੀ ਨੇ ਇਹ ਗੀਤ ਗਾਇਆ ਸੀ। ਉਸ ਵੱਲੋਂ ਗਾਈਆਂ ਗਈਆਂ ਇਹ ਸਤਰਾਂ ਬਿਲਕੁਲ ਸੱਚ ਹਨ। ਅੱਜ ਵੀ ਕਈ ਦਹਾਕਿਆਂ ਬਾਅਦ ਸਰੋਤੇ ਮੁਹੰਮਦ ਰਫੀ ਨੂੰ ਭੁੱਲ ਨਹੀਂ ਸਕੇ। ਉਹ ਹੁਣ ਵੀ ਉਸ ਦੇ ਗਾਏ ਗੀਤ ਗੁਣਗੁਣਾਉਂਦੇ ਹਨ। ਮੁਹੰਮਦ ਰਫੀ ਜਦੋਂ ਦਸ-ਬਾਰਾਂ ਸਾਲਾ ਦਾ ਸੀ ਤਾਂ ਉਨ੍ਹਾਂ ਦੇ ਮੁਹੱਲੇ ਵਿੱਚ ਇੱਕ ਫ਼ਕੀਰ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ ਗੀਤ ਗਾ ਕੇ ਭੀਖ ਮੰਗਿਆ ਕਰਦਾ ਸਨ। ਉਸ ਦੀ ਨਕਲ ਕਰਦਿਆਂ ਉਹ ਵੀ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦਾ ਸੀ। ਕਈ ਵਾਰ ਉਹ ਉਸ ਫ਼ਕੀਰ ਦਾ ਪਿੱਛਾ ਕਰਦੇ ਹੋਏ ਬਹੁਤ ਦੂਰ ਨਿਕਲ ਜਾਂਦਾ ਸੀ। ਉਸ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦੋਂ ਬਿਜਲੀ ਚਲੇ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿੱਚ ਹੰਗਾਮਾ ਮਚ ਗਿਆ। ਇਸ ਵਿਚਕਾਰ ਮੁਹੰਮਦ ਰਫੀ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿੱਚ ਉਸ ਦੀ ਉੱਚੀ ਅਤੇ ਸੁਰੀਲੀ ਆਵਾਜ਼ ਸੁਣ ਕੇ ਸਰੋਤੇ ਹੈਰਾਨ ਰਹਿ ਗਏ।
ਮੁਹੰਮਦ ਰਫੀ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਸੀ। ਮੁਹੰਮਦ ਰਫੀ ਛੇ ਭਰਾਵਾਂ ਵਿੱਚੋਂ ਦੂਸਰੇ ਨੰਬਰ ’ਤੇ ਸੀ। ਉਸ ਨੂੰ ਲੋਕੀ ਪਿਆਰ ਨਾਲ ‘ਫਿੱਕੂ’ ਵੀ ਕਹਿੰਦੇ ਸਨ ਪਰ ਦੇਸ਼ ਜਾਣਦਾ ਹੈ ਕਿ ਉਹ ਕਿੰਨਾ ਮਿੱਠਾ ਤੇ ਸੁਰੀਲਾ ਗਾਇਕ ਸੀ। ਉਹ ਆਪਣੇ ਪਿੰਡ ਦੇ ਸਕੂਲ ਵਿੱਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕਿਆ। ਇਸੇ ਵਿਚਕਾਰ ਰਫੀ ਦੇ ਪਿਤਾ 1935 ਵਿੱਚ ਲਾਹੌਰ ਚਲੇ ਗਏ, ਜਿੱਥੇ ਉਨ੍ਹਾਂ ਨੇ ਭੱਟੀ ਗੇਟ ਵਿੱਚ ਨੂਰ ਮਹਿਲਾਂ ਵਿੱਚ ਇੱਕ ਪੁਰਸ਼ਾਂ ਦੇ ਸੈਲੂਨ ਦਾ ਕੰਮ ਸ਼ੁਰੂ ਕਰ ਦਿੱਤਾ।
ਮੁਹੰਮਦ ਰਫੀ ਦੇ ਦੁਨੀਆ ਤੋਂ ਰੁਖ਼ਸਤ ਹੋ ਜਾਣ ਦੇ ਬਾਅਦ ਵੀ ਉਸ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ। ਉਸ ਨੇ 1941 ਵਿੱਚ ‘ਸੋਹਣੀਏ ਨੀਂ, ਹੀਰੀਏ ਨੀਂ’ ਗੀਤ ਗਾਇਆ ਜੋ ਜੀਨਤ ਬੇਗ਼ਮ ਨਾਲ ਲਾਹੌਰ ਵਿੱਚ ਪੰਜਾਬੀ ਫਿਲਮ ‘ਗੁਲ ਬਲੋਚ’ ਵਾਸਤੇ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਸ ਦੀ ਗਾਇਕ ਦੇ ਤੌਰ ’ਤੇ ਸ਼ੁਰੂਆਤ ਹੋ ਗਈ। ਇਸੇ ਦੌਰਾਨ ਮੁਹੰਮਦ ਰਫੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਗਾਉਣ ਲਈ ਸੱਦਾ ਦਿੱਤਾ। 1944 ਵਿੱਚ ਰਫੀ ਮੁੰਬਈ ਚਲਾ ਗਿਆ। ਉਸ ਨੇ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿੱਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫੀ ਨੂੰ ਫਿਲਮ ਨਿਰਮਾਤਾ ਅਬਦੁਰ ਰਸ਼ੀਦ, ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ ਤੇ ਨਿਰਦੇਸ਼ਕ ਨਜ਼ੀਰ ਆਦਿ ਨਾਲ ਮਿਲਵਾਇਆ।
ਉਸ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਗਾਈ। ਉਸ ਨੂੰ ਫਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਆਵਾਜ਼ ਵਿੱਚ ਗਾਉਣ ਦੀ ਵਿਲੱਖਣ ਯੋਗਤਾ ਕਰ ਕੇ ਜਾਣਿਆ ਜਾਂਦਾ ਸੀ। 1950 ਅਤੇ 1970 ਦੇ ਵਿਚਕਾਰ ਦੇ ਸਮੇਂ ਵਿੱਚ ਰਫੀ ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋਂ ਵੱਧ ਮੰਗ ਵਾਲਾ ਗਾਇਕ ਸੀ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ ਬੜੇ ਅਦਾਕਾਰ ਲਈ ਰਫੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ।
ਉਸ ਨੇ ਹਿੰਦੀ ਤੇ ਪੰਜਾਬੀ ਤੋਂ ਇਲਾਵਾ ਹੋਰ ਵੀ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਨ੍ਹਾਂ ਵਿੱਚ ਅਸਾਮੀ, ਕੋਂਕਣੀ, ਭੋਜਪੁਰੀ, ਉੜੀਆ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ ਅਤੇ ਉਰਦੂ ਸ਼ਾਮਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਸ ਨੇ ਅੰਗਰੇਜ਼ੀ, ਫ਼ਾਰਸੀ, ਅਰਬੀ ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਸਫ਼ਰ ਦੌਰਾਨ ਉਸ ਨੇ ਲਗਭਗ 26000 ਹਜ਼ਾਰ ਗੀਤ ਗਾਏ। ਰਫੀ ਦੇ ਹਿੱਟ ਗੀਤਾਂ ਵਿੱਚੋਂ ਮੁੱਖ ਹਨ: ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ‘ਕਿਆ ਹੂਆ ਤੇਰਾ ਵਾਅਦਾ’, ‘ਵੋ ਕਸਮ ਵੋ ਇਰਾਦਾ’, ‘ਓ ਦੁਨੀਆ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖ਼ਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਣ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ਼ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫ਼ਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨੀਹੀਂਓ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਤੇ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜਹਾਜ਼ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਊਪਰ ਤੂੰ ਸੁਆਮੀ’ ਆਦਿ ਸਾਰੇ ਹੀ ਜਬਰਦਸਤ ਹਿੱਟ ਰਹੇ। ਰਫੀ ਸਾਹਿਬ ਨੇ ਛੇ ਫਿਲਮਫੇਅਰ ਐਵਾਰਡ ਅਤੇ ਇੱਕ ਨੈਸ਼ਨਲ ਫਿਲਮ ਐਵਾਰਡ ਪ੍ਰਾਪਤ ਕੀਤਾ। 1967 ਵਿੱਚ ਉਸ ਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਮਹਾਨ ਸਿਤਾਰਾ 31 ਜੁਲਾਈ 1980 ਨੂੰ ਖਾਮੋਸ਼ ਹੋ ਗਿਆ। ਬਿਨਾਂ ਸ਼ੱਕ ਕਲਾ ਅਤੇ ਸੰਗੀਤ ਪ੍ਰੇਮੀਆਂ ਨੂੰ ਉਸ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ ਪਰ ਆਪਣੇ ਬੇ-ਮਿਸਾਲ ਗੀਤਾਂ ਅਤੇ ਮਿਲਣਸਾਰ ਸ਼ਖ਼ਸੀਅਤ ਕਾਰਨ ਰਫੀ ਸਾਹਿਬ ਹਮੇਸ਼ਾ ਰਹਿੰਦੀ ਦੁਨੀਆ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।
ਸੰਪਰਕ: 94179-90040

Advertisement
Author Image

joginder kumar

View all posts

Advertisement
Advertisement
×