ਲੋਕ ਗਾਇਕੀ ਦੀ ਵਿਰਾਸਤ ਦੇ ਵਾਰਸ
ਹਰਦਿਆਲ ਸਿੰਘ ਥੂਹੀ
ਤੂੰਬੇ ਜੋੜੀ ਦੀ ਲੋਕ ਗਾਇਕੀ ਦੇ ਖੇਤਰ ਵਿੱਚ ਜਗਤ ਰਾਮ ਲਾਲਕਾ ਦਾ ਸਨਮਾਨਯੋਗ ਸਥਾਨ ਸੀ। ਅਨਾਇਤ ਕੋਟੀਏ ਨਵਾਬ ਘੁਮਾਰ ਦੀ ਗਾਇਨ ਸ਼ੈਲੀ ਨੂੰ ਅਪਣਾਉਣ ਅਤੇ ਉਸ ਦੀ ਵਿਰਾਸਤ ਨੂੰ ਅੱਗੇ ਤੋਰਨ ਵਿੱਚ ਜਗਤ ਰਾਮ ਨੇ ਵਿਸ਼ੇਸ਼ ਯੋਗਦਾਨ ਪਾਇਆ। ਉਸ ਦੀ ਮਿਲਦੀ ਰਿਕਾਰਡਿੰਗ ਨੂੰ ਸੁਣ ਕੇ ਪਤਾ ਲੱਗਦਾ ਹੈ ਕਿ ਉਹ ਇੱਕ ਪੁਖਤਾ ਗਾਇਕ ਸੀ। ਹਰਿਆਣਾ ਵਿੱਚ ਰਹਿੰਦਾ ਹੋਇਆ ਵੀ ਉਹ ਪੰਜਾਬ ਦੀ ਇਸ ਵਿਰਾਸਤੀ ਗਾਇਕੀ ਨਾਲ ਆਪਣੇ ਅੰਤ ਸਮੇਂ ਤੱਕ ਜੁੜਿਆ ਰਿਹਾ। ਜਗਤ ਰਾਮ ਲਾਲਕਾ ਦੀ ਵਿਰਾਸਤ ਨੂੰ ਅੱਗੇ ਸੰਭਾਲਿਆ ਉਸ ਦੇ ਭਰਾ ਹੰਸ ਰਾਜ ਅਤੇ ਪੁੱਤਰ ਅਸ਼ੋਕ ਕੁਮਾਰ ਨੇ। ਪਿਤਾ ਲਾਲ ਚੰਦ ਲਾਲਕਾ ਤੇ ਮਾਤਾ ਢੂੰਡੀ ਦੇਵੀ ਦੇ ਘਰ 20 ਅਪਰੈਲ 1968 ਨੂੰ ਪੈਦਾ ਹੋਏ ਹੰਸ ਰਾਜ ਨੇ 1984 ਵਿੱਚ ਭੇਵੇ (ਪਹੇਵੇ) ਦੇ ਸਰਕਾਰੀ ਸਕੂਲ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਵੱਡੇ ਭਰਾ ਨੂੰ ਗਾਉਂਦਿਆਂ ਸੁਣ ਕੇ ਉਸ ਨੂੰ ਵੀ ਸੰਗੀਤ ਨਾਲ ਲਗਾਓ ਹੁੰਦਾ ਗਿਆ। ਸਕੂਲ ਦੀ ਬਾਲ ਸਭਾ ਵਿੱਚ ਗਾਉਣ ਕਾਰਨ ਅਧਿਆਪਕਾਂ ਵੱਲੋਂ ਉਸ ਨੂੰ ਹੱਲਾਸ਼ੇਰੀ ਮਿਲਦੀ ਜਿਸ ਕਾਰਨ ਉਸ ਦਾ ਇਹ ਸ਼ੌਕ ਵਧਦਾ ਗਿਆ।
ਅਸ਼ੋਕ ਕੁਮਾਰ ਦਾ ਜਨਮ ਪਹਿਲੀ ਜਨਵਰੀ 1974 ਨੂੰ ਜਗਤ ਰਾਮ ਤੇ ਮਾਤਾ ਪਿਆਰੀ ਦੇਵੀ ਦੇ ਘਰ ਹੋਇਆ। ਉਸ ਨੇ ਸਰਕਾਰੀ ਹਾਈ ਸਕੂਲ ਮੂਨਕ ਤੋਂ ਮੈਟ੍ਰਿਕ ਪਾਸ ਕੀਤੀ। ਘਰ ਵਿੱਚ ਆਪਣੇ ਵੱਡਿਆਂ ਨੂੰ ਸੁਣ ਕੇ ਉਸ ਅੰਦਰ ਵੀ ਗਾਇਕੀ ਦੀ ਜਾਗ ਲੱਗ ਗਈ। ਕਦੇ ਕਦਾਈਂ ਥੋੜ੍ਹਾ ਮੋਟਾ ਗਾ ਵੀ ਲੈਂਦਾ, ਪ੍ਰੰਤੂ ਯਥਾਯੋਗ ਸਿਖਲਾਈ ਲਏ ਬਿਨਾਂ ਗਾਉਣ ਦਾ ਉਸ ਦਾ ਤਜਰਬਾ ਕੌੜਾ ਰਿਹਾ। ਉਸ ਨੇ ਦੱਸਿਆ, ‘‘ਪਹਿਲੀ ਵਾਰੀ ਜਦੋਂ ਮੈਂ ਸਟੇਜ ’ਤੇ ਗੀਤ ਗਾਇਆ:
ਤੇਰੇ ਦਰ ’ਤੇ ਖੜ੍ਹੇ ਭਿਖਾਰੀ, ਪਾ ਦੇ ਖੈਰ ਫ਼ਕੀਰਾਂ ਨੂੰ।
ਤੈਨੂੰ ਸੁਣਿਆ ਖੁਦਮੁਖਤਿਆਰੀ
ਬਦਲ ਦੇਵੇਂ ਤਕਦੀਰਾਂ ਨੂੰ।
ਇਹ ਗੀਤ ਮੈਂ ਕਾਪੀ ਤੋਂ ਦੇਖ ਕੇ ਗਾਇਆ। ਪਿਤਾ ਜੀ ਨੇ ਦੇਖ ਲਿਆ। ਜਦੋਂ ਸਟੇਜ ਤੋਂ ਹੇਠਾਂ ਉਤਰ ਕੇ ਪਿਤਾ ਜੀ ਕੋਲ ਆਇਆ ਤਾਂ ਉਨ੍ਹਾਂ ਨੇ ਵੱਟ ਕੇ ਚਪੇੜ ਮਾਰੀ ਤੇ ਕਿਹਾ, ‘‘ਇੱਕ ਗੀਤ ਵੀ ਯਾਦ ਕਰਕੇ ਨਹੀਂ ਗਾ ਸਕਿਆ।’’ ਉਸ ਦਿਨ ਤੋਂ ਬਾਅਦ ‘ਗੌਣ’ ਯਾਦ ਕਰਨਾ ਸ਼ੁਰੂ ਕਰ ਦਿੱਤਾ। ਪਿਤਾ ਜੀ ਨੂੰ ਗਾਉਂਦਿਆਂ ਸੁਣ ਸੁਣ ਕੇ ‘ਤਰਜ਼ਾਂ’ ਆਪਣੇ ਦਿਮਾਗ਼ ਵਿੱਚ ਬਿਠਾਈਆਂ। ਇਸ ਤਰ੍ਹਾਂ ਕਈ ਸਾਲ ਇਹ ਸਿਲਸਿਲਾ ਚੱਲਦਾ ਰਿਹਾ।’’
ਹੰਸ ਰਾਜ ਤੇ ਅਸ਼ੋਕ ਕੁਮਾਰ ਨੂੰ ਸਹੀ ਤਰੀਕੇ ਨਾਲ ਗਾਇਕੀ ਨੂੰ ਸਿੱਖਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਜਗਤ ਰਾਮ ਲਾਲਕਾ ਨੂੰ ‘ਗੁਰੂ ਸ਼ਿਸ਼’ ਪ੍ਰਣਾਲੀ ਅਧੀਨ ਵਰਕਸ਼ਾਪ ਦਿੱਤੀ ਗਈ। ਇਸ ਪ੍ਰਣਾਲੀ ਅਧੀਨ ਜਿੱਥੇ ਗੁਰੂ ਨੂੰ ਮਿਹਨਤਾਨਾ ਦਿੱਤਾ ਜਾਂਦਾ ਹੈ, ਉੱਥੇ ਸਿਖਿਆਰਥੀਆਂ ਨੂੰ ਵੀ ਵਜ਼ੀਫਾ ਦਿੱਤਾ ਜਾਂਦਾ ਹੈ। ਹੰਸ ਰਾਜ ਤੇ ਅਸ਼ੋਕ ਕੁਮਾਰ ਨੇ ਇਸ ਮੌਕੇ ਦਾ ਭਰਪੂਰ ਲਾਹਾ ਲਿਆ। ਕਿੰਗ (ਤੂੰਬੀ), ਢੋਲਕ, ਚਿਮਟਾ ਆਦਿ ਸਾਜ਼ ਵਜਾਉਣੇ ਸਿੱਖੇ। ਇਸ ਤਰ੍ਹਾਂ ਜਗਤ ਰਾਮ ਨੇ ਆਪਣੀ ਵਿਰਾਸਤ ਨੂੰ ਅੱਗੇ ਤੋਰਨ ਲਈ ਰਾਹ ਬਣਾ ਦਿੱਤਾ। ਹੌਲੀ ਹੌਲੀ ਉਹ ਜਗਤ ਰਾਮ ਨਾਲ ਪ੍ਰੋਗਰਾਮਾਂ ’ਤੇ ਜਾਣ ਲੱਗ ਪਏ।
ਹੰਸ ਰਾਜ ਤੇ ਅਸ਼ੋਕ ਕੁਮਾਰ ਉਹੀ ਰਚਨਾਵਾਂ ਸੁਣਾਉਂਦੇ ਹਨ, ਜੋ ਜਗਤ ਰਾਮ ਗਾਉਂਦਾ ਸੀ। ਇਨ੍ਹਾਂ ਵਿੱਚ ‘ਮਿਰਜ਼ਾ ਸਾਹਿਬਾਂ’, ‘ਸੱਸੀ ਪੁੰਨੂੰ’, ‘ਹੀਰ ਰਾਂਝਾ’, ‘ਸੋਹਣੀ ਮਹੀਂਵਾਲ’, ‘ਢੋਲ ਸੰਮੀ’, ‘ਰਾਜਾ ਰਸਾਲੂ’, ‘ਪੂਰਨ ਭਗਤ’, ‘ਦੁੱਲਾ ਭੱਟੀ’, ‘ਜੈਮਲ ਫੱਤਾ’, ‘ਰਾਣਾ ਪਰਤਾਪ’ ਅਤੇ ‘ਜਰਾਸੰਧ ਦਾ ਯੁੱਧ’ ਆਦਿ ਸ਼ਾਮਲ ਹਨ। ਅਨਾਇਤ ਕੋਟੀਏ ਨਵਾਬ ਘੁਮਾਰ ਅਤੇ ਹੋਰ ਸ਼ਾਇਰਾਂ ਦੀਆਂ ਰਚੀਆਂ ਇਹ ਰਚਨਾਵਾਂ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਕੋਲ ਪਹੁੰਚੀਆਂ ਹਨ।
ਜਗਤ ਰਾਮ ਦੀ ਮੌਤ ਤੋਂ ਬਾਅਦ ਹੰਸ ਰਾਜ ਤੇ ਅਸ਼ੋਕ ਕੁਮਾਰ ਨੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਨਾਲ ਸੰਪਰਕ ਕੀਤਾ। ਇਸ ਤਰ੍ਹਾਂ ਇਨ੍ਹਾਂ ਨੂੰ ਇਸ ਕੇਂਦਰ ਵੱਲੋਂ ਪ੍ਰੋਗਰਾਮ ਮਿਲਣ ਲੱਗ ਪਏ। ਇਸ ਕੇਂਦਰ ਵੱਲੋਂ ਇਹ ਗੀਤਾ ਜਯੰਤੀ ਮੇਲਾ ਕੁਰੂਕਸ਼ੇਤਰ, ਸੂਰਜ ਕੁੰਡ ਮੇਲਾ, ਸਰਸ ਮੇਲਾ ਫ਼ਰੀਦਕੋਟ, ਸਰਸ ਮੇਲਾ ਰੂਪਨਗਰ, ਸਰਸ ਮੇਲਾ ਹੁਸ਼ਿਆਰਪੁਰ, ਹਰਸ ਮੇਲਾ ਪਟਿਆਲਾ, ਸਰਸ ਮੇਲਾ ਸੰਗਰੂਰ ਆਦਿ ਮੇਲਿਆਂ ਵਿੱਚ ਕਈ ਕਈ ਦਿਨ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ। ਇਨ੍ਹਾਂ ਨਾਲ ਸਾਜ਼ਾਂ ’ਤੇ ਸਾਥ ਨਿਭਾਅ ਰਹੇ ਹਨ ਖਰੈਤੀ ਲਾਲ ਜੋੜੀ (ਅਲਗੋਜ਼ੇ) ਵਾਦਕ, ਲੱਖੀ ਰਾਮ ਢੋਲਕ ਵਾਦਕ ਅਤੇ ਸੁਨੀਲ ਕੁਮਾਰ ਢੋਲ ਮਾਸਟਰ।
ਹੰਸ ਰਾਜ ਅਤੇ ਅਸ਼ੋਕ ਕੁਮਾਰ ਦੀ ਬਹੁਤ ਸਾਰੀ ਰਿਕਾਰਡਿੰਗ ਯੂ ਟਿਊਬ ’ਤੇ ਉਪਲੱਬਧ ਹੈ। ਉਨ੍ਹਾਂ ਵੱਲੋਂ ਗਾਈਆਂ ਜਾਂਦੀਆਂ ਗਾਥਾਵਾਂ ਵਿੱਚੋਂ ਮਿਰਜ਼ੇ ਦੀ ਇੱਕ ਵੰਨਗੀ ਨਮੂਨੇ ਵਜੋਂ ਪੇਸ਼ ਹੈ:
ਜੰਡ ਜੰਡੋਰਾ ਬਾਰ ਦਾ
ਸਾਹਿਬਾਂ ਠੰਢੀ ਜੰਡ ਦੀ ਛਾਂ।
ਏਥੇ ਪਲ ਕੁ ਠੌਂਕਾ ਲਾ ਲੀਏ
ਸਾਡਾ ਜੱਗ ’ਚ ਰਹਿਜੂ ਨਾਂ।
ਸਾਹਿਬਾਂ ਭਾਈਆਂ ਬਾਝ ਨ੍ਹੀਂ ਜੋੜੀਆਂ
ਤੇ ਪੁੱਤਰਾਂ ਬਾਝ ਨ੍ਹੀਂ ਨਾਂ।
ਭਾਈ ਮਰਨ ਤੇ ਬਾਹਾਂ ਭੱਜਦੀਆਂ
ਪੁੱਤਰ ਮਰਨ ਤੇ ਜਾਂਦੇ ਨਾਂ।
ਮੈਨੂੰ ਚਾਰੇ ਕੂੰਟਾਂ ਸੁੰਨੀਆਂ
ਜਿਸ ਦਿਨ ਮਰਗੇ ਪਿਉ ਤੇ ਮਾਂ।
ਸਾਹਿਬਾਂ ਰੱਸੀਆਂ ਧਰਕੇ ਵੰਡਣਗੇ
ਔਤ ਗਿਆਂ ਦੇ ਥਾਂ।
ਪ੍ਰੋਗਰਾਮ ਕਰਨ ਦੇ ਨਾਲ ਨਾਲ ਇਹ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵੱਲੋਂ ਚੱਲ ਰਹੀ ‘ਗੁਰੂ ਸ਼ਿਸ਼’ ਪਰੰਪਰਾ ਅਧੀਨ ਆਪਣੀ ਵਿਰਾਸਤ ਨੂੰ ਅੱਗੇ ਤੋਰਨ ਲਈ ਕੁਝ ਸਿਖਾਂਦਰੂਆਂ ਨੂੰ ਇਸ ਗਾਇਕੀ ਦੀ ਸਿਖਲਾਈ ਵੀ ਦੇ ਰਹੇ ਹਨ। ਇਸ ਦੇ ਬਾਵਜੂਦ ਇਨ੍ਹਾਂ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ, ਇੱਕ ਤਾਂ ਇਨ੍ਹਾਂ ਨੂੰ ਪ੍ਰੋਗਰਾਮ ਹੀ ਘੱਟ ਮਿਲਦੇ ਹਨ ਅਤੇ ਦੂਜੀ ਗੱਲ ਪ੍ਰੋਗਰਾਮਾਂ ਦੇ ਪੈਸੇ ਵੀ ਕੋਈ ਬਹੁਤੇ ਨਹੀਂ ਮਿਲਦੇ। ਆਪਣੀ ਰੋਜ਼ੀ ਰੋਟੀ ਤੋਰਨ ਲਈ ਇਨ੍ਹਾਂ ਨੂੰ ਹੋਰ ਮਿਹਨਤ ਮਜ਼ਦੂਰੀ ਵੀ ਕਰਨੀ ਪੈਂਦੀ ਹੈ। ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਰੁਜ਼ਗਾਰ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹ ਨਿਸ਼ਚਿੰਤ ਹੋ ਕੇ ਪੰਜਾਬੀ ਲੋਕ ਸੰਗੀਤ ਤੇ ਸੱਭਿਆਚਾਰ ਨਾਲ ਜੁੜੇ ਰਹਿਣ।
ਸੰਪਰਕ: 84271-00341