ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੱਪਲੀ ਦੇ ਟਾਹਣ ਹਿੱਲ ਗਏ...

07:46 AM Apr 27, 2024 IST

ਬਲਜਿੰਦਰ ਮਾਨ

Advertisement

ਮਨੁੱਖੀ ਜ਼ਿੰਦਗੀ ਨੂੰ ਸ਼ਿੰਗਾਰਨ ਵਿੱਚ ਜਿੱਥੇ ਅਨੇਕਾਂ ਪ੍ਰਕਾਰ ਦੇ ਸਾਧਨ ਹਿੱਸਾ ਪਾਉਂਦੇ ਹਨ ਉੱਥੇ ਰੁੱਖ ਵੀ ਇਸ ਜੀਵਨ ਨੂੰ ਚਿਰੰਜੀਵ ਅਤੇ ਮਨਮੋਹਕ ਬਣਾਉਣ ਵਿੱਚ ਪਿੱਛੇ ਨਹੀਂ ਰਹਿੰਦੇ। ਆਮ ਮਨੁੱਖ ਦੀ ਗੱਲ ਤਾਂ ਇੱਕ ਪਾਸੇ ਰਹੀ ਸਗੋਂ ਮਹਾਪੁਰਖਾਂ ਨੇ ਤਾਂ ਕੁਦਰਤ ਦੀ ਗੋਦੀ ਵਿੱਚ ਬੈਠ ਕੇ ਅਲਾਹੀ ਆਨੰਦ ਹਾਸਿਲ ਕੀਤਾ। ਇੱਥੋਂ ਤੱਕ ਕਿ ਵਿਸ਼ਵ ਪ੍ਰਸਿੱਧ ਕਵੀ ਵਿਲੀਅਮ ਵਰਡਜ਼ਵਰਥ ਨੇ ਆਪਣੀਆਂ ਰਚਨਾਵਾਂ ਵਿੱਚ ਰੁੱਖਾਂ ਨੂੰ ਅਹਿਮ ਸਥਾਨ ਦਿੱਤਾ ਹੈ। ਭਾਰਤ ਦੇ ਪਹਿਲੇ ਨੋਬੇਲ ਪੁਰਸਕਾਰ ਜੇਤੂ ਕਵੀ ਰਬਿੰਦਰ ਨਾਥ ਟੈਗੋਰ ਨੇ ਵੀ ਸ਼ਾਂਤੀ ਨਿਕੇਤਨ ਬਣਾ ਕੇ ਜਸ ਖੱਟਿਆ। ਭਗਵਾਨ ਕ੍ਰਿਸ਼ਨ ਨੇ ਆਪਣੀ ਬੰਸਰੀ ਦਾ ਸੁਰ ਜਦੋਂ ਦਰੱਖਤਾਂ ’ਤੇ ਬਹਿ ਕੇ ਛੇੜਿਆ ਤਾਂ ਗੋਪੀਆਂ ਨੇ ਤਾਂ ਮੰਤਰ-ਮੁਗਧ ਹੋਣਾ ਹੀ ਸੀ ਸਗੋਂ ਕੁਦਰਤ ਰਾਣੀ ਵੀ ਆਪਣਾ ਸ਼ੋਰ-ਸ਼ਰਾਬਾ ਬੰਦ ਕਰਕੇ ਸੁਰੀਲੀ ਆਵਾਜ਼ ਵਿੱਚ ਲੀਨ ਹੋ ਗਈ। ਇੱਥੇ ਹੀ ਬਸ ਨਹੀਂ ਸਗੋਂ ਰਿਗਵੇਦ ਜੋ ਪੰਜਾਬ ਦੀ ਧਰਤੀ ’ਤੇ ਰਚਿਆ ਗਿਆ, ਉਸ ਵਿੱਚ ਵੀ ਰੁੱਖਾਂ ਬਾਰੇ ਵਰਣਨ ਮਿਲਦਾ ਹੈ। ਦੇਵੀ-ਦੇਵਤੇ ਵੀ ਰੁੱਖਾਂ ਨੂੰ ਪਿਆਰਨ ਤੋਂ ਪਿੱਛੇ ਨਹੀਂ ਰਹੇ। ਲੱਛਮੀ ਨੂੰ ਕਚਨਾਰ ਦੇ ਫੁੱਲਾਂ ਨਾਲ ਡਾਢਾ ਪ੍ਰੇਮ ਸੀ। ਮਹਾਤਮਾ ਬੁੱਧ ਨੇ ਅਧਿਆਤਮਕ ਗਿਆਨ ਬੋਹੜ ਦੇ ਰੁੱਖ ਹੇਠਾਂ ਬਹਿ ਕੇ ਹਾਸਿਲ ਕੀਤਾ।
ਪੂਰੀ ਦੁਨੀਆ ਵਿੱਚ ਦਰੱਖਤਾਂ ਦੀ ਵੰਨ-ਸੁਵੰਨਤਾ ਦਾ ਕੋਈ ਅੰਤ ਨਹੀਂ। ਮੈਕਸਿਕੋ ਵਿੱਚ 48 ਮੀਟਰ ਫੇਰ ਦੇ ਮੋਟੇ ਅਤੇ 105 ਮੀਟਰ ਤੱਕ ਉੱਚੇ ਰੁੱਖ ਮਿਲਦੇ ਹਨ। ਕਈਆਂ ਦੇ ਤਣਿਆਂ ਵਿੱਚ ਸੜਕਾਂ ਬਣਾਈਆਂ ਗਈਆਂ ਹਨ। ਸ੍ਰੀਲੰਕਾ ਵਿੱਚ ਮਹਾਰਾਜਾ ਅਸ਼ੋਕ ਦੀ ਭੈਣ ਹੱਥੀਂ ਲੱਗਿਆ ਰੁੱਖ ਅੱਜ ਵੀ ਮੌਜੂਦ ਹੈ। ਪਾਕਿਸਤਾਨ ਵਿਚਲੀ ਛਾਂਗਾ-ਮਾਗਾ ਟਾਹਲੀ ਆਪਣੀ ਪੱਕੀ ਲੱਕੜ ਲਈ ਵਿਸ਼ਵ ਪ੍ਰਸਿੱਧ ਹੈ। ਸੁਨਾਮ ਤੇ ਸਨੌਰ ਦੀਆਂ ਬੇਰੀਆਂ ਦੇ ਬੇਰਾਂ ਦਾ ਸਵਾਦ ਵੀ ਵੱਖਰਾ ਹੈ।
ਮੈਂ ਬੇਰੀਆਂ ਦੇ ਟਾਹਣ ਹਿਲਾਵਾਂ
ਪੱਕੇ-ਪੱਕੇ ਬੇਰ ਚੁਗ ਲੈ।
ਰੁੱਖਾਂ ਨੇ ਸਾਡੇ ਜੀਵਨ ਦੀ ਇਸ ਮਹਿਫਲ ਨੂੰ ਰੰਗੀਨ ਬਣਾਇਆ ਹੈ। ਪਿਆਰ ਜਿਸ ਤੋਂ ਬਗੈਰ ਇਹ ਜ਼ਿੰਦਗੀ ਅਧੂਰੀ ਹੈ ਦਾ ਪਹਿਲਾਂ ਜ਼ਿਕਰ ਕਰੀਏ ਤਾਂ ਚੰਗਾ ਹੈ। ਅੰਬ ਦਾ ਬੂਟਾ ਜੋ ਕਿਸੇ ਦੇ ਪਿਆਰ ਦੀ ਗਵਾਹੀ ਭਰਦਾ ਹੈ ਤਾਂ ਔਰਤ ਆਪਣੀ ਜਵਾਨੀ ਦੀਆਂ ਰੰਗਲੀਆਂ ਯਾਦਾਂ ਨੂੰ ਯਾਦ ਕਰਕੇ ਆਖਦੀ ਹੈ:
ਅੰਬੀ ਦਿਆ ਬੂਟਿਆ
ਕਦੇ ਤੇਰੇ ਥੱਲੇ ਬਹਿ ਕੇ
ਮੈਂ ਤੇ ਮਾਹੀ ਕੀਤਾ ਸੀ ਪਿਆਰ।
ਅੰਬਾਂ ਦੇ ਰੁੱਖਾਂ ਨੂੰ ਜਦੋਂ ਬੂਰ ਪੈਂਦਾ ਹੈ ਤਾਂ ਕੋਇਲ ਵੀ ਆਪਣੀ ਸੁਰੀਲੀ ਆਵਾਜ਼ ਨਾਲ ਟੂੰ-ਹੂੰ, ਟੂੰ-ਹੂੰ ਦਾ ਨਾਅਰਾ ਬੁਲੰਦ ਕਰਦੀ ਹੈ। ਪਰ ਮੁਟਿਆਰ ਨੂੰ ਇਹੀ ਆਵਾਜ਼ ਜੋ ਕਿਸੇ ਸਮੇਂ ਪਿਆਰੀ-ਪਿਆਰੀ ਲੱਗਦੀ ਸੀ, ਅੱਜ ਚੁਭਦੀ ਹੋਈ ਪ੍ਰਤੀਤ ਹੁੰਦੀ ਹੈ ਕਿਉਂਕਿ ਵਿਛੋੜੇ ਵਿੱਚ ਜੀਵਨ ਗੁਜ਼ਾਰਨਾ ਦੁੱਭਰ ਹੋ ਜਾਂਦਾ ਹੈ:
ਤੇਰੇ ਉੱਤੇ ਆਣ ਜਦੋਂ ਕੋਇਲ ਕੋਈ ਬੋਲਦੀ ਏ
ਮੈਥੋਂ ਹੁੰਦੇ ਨਹੀਓਂ ਬੋਲ ਉਹ ਸਹਾਰ।
ਪੰਜਾਬੀ ਲੋਕ ਬੋਲੀਆਂ ਵਿੱਚ ਕਿੱਕਰ, ਟਾਹਲੀ, ਪਿੱਪਲ, ਬੋਹੜ, ਅੰਬ, ਸ਼ਰੀਂਹ, ਤੂਤ, ਕਰੀਰ, ਬੇਰੀ, ਨਿੰਮ ਅਤੇ ਜੰਡ ਆਦਿ ਰੁੱਖਾਂ ਨੂੰ ਵਿਸ਼ੇਸ਼ ਥਾਂ ਹਾਸਿਲ ਹੈ। ਜਵਾਨੀ ਦੇ ਜੋਸ਼ ਦਾ ਅਥਾਹ ਭੰਡਾਰ ਸਾਉਣ ਮਹੀਨੇ ਦੀ ਉਡੀਕ ਤੀਬਰ ਇੱਛਾ ਨਾਲ ਕਰਦਾ ਹੈ ਤਾਂ ਕਿ ਉਹ ਆਪਣੇ ਜਜ਼ਬਿਆਂ ਦਾ ਇਜ਼ਹਾਰ ਕਰ ਸਕੇ:
ਪਿੱਪਲੀ ਦੇ ਟਾਹਣ ਹਿੱਲ ਗਏ
ਜਦੋਂ ਪੀਂਘ ਜੱਟੀ ਨੇ ਚੜ੍ਹਾਈ
ਪੱਤਿਆਂ ਨੂੰ ਰੂਪ ਚੜ੍ਹ ਗਏ
ਜੱਟੀ ਲਾ ਕੇ ਜਿਨ੍ਹਾਂ ਨੂੰ ਹੱਥ ਆਈ।
***
ਸੱਜਣਾਂ ਦੇ ਵਿਹੜੇ ਦੀ
ਕੌੜੀ ਨਿੰਮ ਨੂੰ ਪਤਾਸੇ ਲੱਗਦੇ।
ਸਾਉਣ ਦੇ ਮਹੀਨੇ ਵਿੱਚ ਲੜਕੀਆਂ, ਔਰਤਾਂ ਅਤੇ ਬੁੱਢੀਆਂ ਦੇ ਪਿਆਰ ਦਾ ਸਮੁੰਦਰ ਸਭ ਹੱਦਾਂ-ਬੰਨੇ ਟੱਪਣ ਲੱਗਦਾ ਹੈ। ਫਿਰ ਪੀਂਘ ਦੇ ਹੁਲਾਰੇ ਨਾਲ ਮੁਟਿਆਰ ਦਾ ਮਨ ਤਾਂ ਹਲੂਣਾ ਖਾਂਦਾ ਹੀ ਹੈ ਪਰ ਪਿੱਪਲ ਆਪਣੀ ਬੁੱਕਲ ਵਿੱਚ ਸਜ-ਵਿਆਹੀਆਂ ਅਤੇ ਜਵਾਨੀ ਦੀ ਦਹਿਲੀਜ਼ ’ਤੇ ਦਸਤਕ ਦਿੰਦੀਆਂ ਮੁਟਿਆਰਾਂ ਦੇਖ ਕੇ ਕਹਿ ਉੱਠਦਾ ਹੈ:
ਧੰਨ ਭਾਗ ਮੇਰੇ ਪਿੱਪਲ ਆਖੇ
ਸਾਉਣ ਵਿੱਚ ਕੁੜੀਆਂ ਪੀਂਘਾਂ ਪਾਈਆਂ।
ਰੁੱਖਾਂ ਨਾਲ ਆਦਮੀ ਦਾ ਰਿਸ਼ਤਾ ਬਹੁਤ ਨੇੜਲਾ ਹੈ ਕਿਉਂਕਿ ਰੁੱਖ ਤੇ ਮਨੁੱਖ ਦੀ ਸਾਂਝ ਸਦੀਆਂ ਪੁਰਾਣੀ ਹੈ। ਜਿੱਥੇ ਇਹ ਮਨੁੱਖੀ ਜੀਵਨ ਦੀ ਬਿਹਤਰੀ ਵਾਸਤੇ ਹਵਾ, ਲੱਕੜੀ, ਰਸ, ਫ਼ਲ, ਦਵਾਈ, ਰੰਗ ਰੋਗਨ ਅਤੇ ਪਾਣੀ ਆਦਿ ਦਾ ਪ੍ਰਬੰਧ ਕਰਦੇ ਹਨ, ਉੱਥੇ ਇਹ ਉਸ ਦੀਆਂ ਪੀੜਾਂ ਦੇ ਭਾਈਵਾਲ ਬਣਦੇ ਹੋਏ ਅਨੇਕਾਂ ਲੋੜਾਂ ਦੀ ਪੂਰਤੀ ਕਰਦੇ ਹਨ। ਜਦੋਂ ਮਿਰਜ਼ਾ ਜੰਡ ਦੇ ਹੇਠਾਂ ਮਾਰਿਆ ਜਾਂਦਾ ਹੈ ਤਾਂ ਜੰਡ ਦੇ ਪੱਤੇ ਅੱਥਰੂ ਕੇਰਦੇ ਨੇ:
ਖਰਲਾਂ ਦਾ ਜੱਟ ਮਾਰਿਆ ਅੱਜ ਹੇਠਾਂ ਮੇਰੇ।
ਪੱਤਰਾਂ ਮੇਰੇ ਕੋਮਲਾਂ ਕਈ ਅੱਥਰੂ ਕੇਰੇ।
ਅਨੇਕਾਂ ਲੋੜਾਂ ਦੀ ਪੂਰਤੀ ਕਰਨ ਵਿੱਚ ਇਨ੍ਹਾਂ ਦੀ ਭੂਮਿਕਾ ਕਾਬਲੇ ਗੌਰ ਹੈ। ਸੱਕ, ਦੁੱਧ, ਰਬੜ ਅਤੇ ਕਈ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪਦਾਰਥ ਇਨ੍ਹਾਂ ਤੋਂ ਸਾਨੂੰ ਮੁਫ਼ਤ ਮਿਲਦੇ ਹਨ। ਇਸੇ ਤਰ੍ਹਾਂ ਔਰਤ ਦੀ ਨਿਗ੍ਹਾ ਵੀ ਆਪਣੀ ਰੀਝ ਪੂਰੀ ਕਰਨ ਲਈ ਇਨ੍ਹਾਂ ’ਤੇ ਹੀ ਲੱਗੀ ਹੋਈ ਹੈ। ਉਹ ਪਤੀ ਨੂੰ ਫਰਮਾਇਸ਼ ਕਰਦੀ ਹੈ:
ਬੰਨੀ ਵਾਲਾ ਜੰਡ ਵੇਚ ਕੇ
ਮੈਨੂੰ ’ਕੱਲੀ ਨੂੰ ਪਵਾ ਦੇ ਚੁਬਾਰਾ।
ਜਾਮਣੂੰ ਅਤੇ ਖਜ਼ੂਰ ਦੀ ਮਿਠਾਸ ਵੀ ਔਰਤ ਦੇ ਮਨ ਬਹਿਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ। ਇੱਕ ਹਾਸੇ ਦੀ ਫੁਹਾਰ ਛੱਡਦੀ ਹੋਈ ਬੋਲੀ ਦਾ ਰਸ ਚੱਖੀਏ:
ਬੂਹੇ ਅੱਗੇ ਜਾਮਣੂੰ ਮੈਂ ਰੋਜ਼ ਤੋੜ-ਤੋੜ ਖਾਨੀ ਆਂ।
ਧੰਨ ਮੇਰਾ ਪਿੰਡਾ ਨੀਂ ਮੈਂ ਰੋਜ਼ ਮਾਰ ਖਾਨੀ ਆਂ।
ਲੜਕੀ ਦਾ ਬਾਬਲ ਦੇ ਵਿਹੜੇ ਵਿਚਲੇ ਰੁੱਖਾਂ ਨਾਲ ਵੀ ਇੱਕ ਰਿਸ਼ਤਾ ਨਾਤਾ ਹੁੰਦਾ ਹੈ। ਉਨ੍ਹਾਂ ਦੀ ਛਾਂ ਵਿੱਚੋਂ ਮਾਪਿਆਂ ਵਾਲਾ ਨਿੱਘ ਮਿਲਦਾ ਹੈ:
ਬਾਬੇ ਵਿਹੜੇ ਜੀ ਪੀਂਘ ਝੂਟੀਏ।
ਬਾਬਲ ਵਿਹੜੇ ਜੀ ਛਾਵਾਂ ਮਾਣੀਏ।
ਮਾਰੂਥਲ ਦੀਆਂ ਤੱਤੀਆਂ ਹਵਾਵਾਂ ਨੂੰ ਝੱਲਦਾ ਇੱਕ ਰੁੱਖ ਵੀ ਇਨਸਾਨੀ ਜੀਵਨ ਵਾਂਗ ਸਾਥ ਨੂੰ ਲੋਚਦਾ ਹੈ:
’ਕੱਲੀ ਹੋਏ ਨਾ ਵਣਾਂ ਦੇ ਵਿੱਚ ਲੱਕੜੀ
’ਕੱਲਾ ਨਾ ਹੋਵੇ ਪੁੱਤ ਜੱਟ ਦਾ।
ਪੰਜਾਬੀ ਦਾ ਆਧੁਨਿਕ ਕਵੀ ਸ਼ਿਵ ਕੁਮਾਰ ਰੁੱਖਾਂ ਦੇ ਗਲ਼ ਲੱਗ ਰੋਇਆ। ਪ੍ਰੋ. ਮੋਹਣ ਸਿੰਘ ਅਤੇ ਪੂਰਨ ਸਿੰਘ ਨੇ ਵੀ ਰੁੱਖਾਂ ਨੂੰ ਬਹੁਤ ਪਿਆਰਿਆ ਤੇ ਸਤਿਕਾਰਿਆ ਹੈ। ਮੋਹਣ ਸਿੰਘ ਦਾ ‘ਅੰਬੀ ਦਾ ਬੂਟਾ’ ਅਤੇ ਪ੍ਰੋ. ਪੂਰਨ ਸਿੰਘ ਦੀਆਂ ਇਹ ਸਤਰਾਂ ਅਮਰ ਨੇ:
ਜੀਣ ਤੇਰੇ ਪਿੱਪਲ ਤੇ ਅੰਬ ਪਿਆਰੇ।
ਜੇਕਰ ਅਜੋਕੇ ਸੰਦਰਭ ਵਿੱਚ ਵਾਚੀਏ ਤਾਂ ਸਥਿਤੀ ਬੜੀ ਨਾਜ਼ਕ ਹੁੰਦੀ ਜਾ ਰਹੀ ਹੈ। ਵਧਦੀ ਹੋਈ ਆਬਾਦੀ ਬਾਗ਼ਾਂ ਦੇ ਬਾਗ਼ ਹੜੱਪ ਕਰੀ ਗਈ ਹੈ। ਵਿਕਾਸ ਦੇ ਨਾਮ ’ਤੇ ਸਰਕਾਰਾਂ ਨੇ ਲੱਖਾਂ ਰੁੱਖਾਂ ਦਾ ਵਿਨਾਸ਼ ਕਰ ਦਿੱਤਾ ਹੈ। ਵਾਤਾਵਰਨ ਵਿਗਿਆਨੀਆਂ ਨੂੰ ਡਰ ਹੈ ਕਿ ਮਨੁੱਖੀ ਜੀਵਨ ਇਨ੍ਹਾਂ ਤੋਂ ਬਗੈਰ ਖ਼ਤਰੇ ਵਿੱਚ ਪੈ ਚੁੱਕਾ ਹੈ। ਸ਼ੁੱਧ ਹਵਾ ਦੀ ਕਮੀ ਕਾਰਨ ਅਸੀਂ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਇਨ੍ਹਾਂ ਦੇ ਆਸਰੇ ਮਨੁੱਖ ਦੀ ਭੁੱਖ ਮਿਟਾਉਣ ਵਾਲੇ ਹਜ਼ਾਰਾਂ ਜੰਗਲੀ ਜੀਵ ਆਪਣਾ ਜੀਵਨ ਬਸਰ ਕਰਦੇ ਹਨ। ਇੱਥੇ ਇਹ ਕਹਿਣਾ ਵੀ ਅਣਉਚਿਤ ਨਹੀਂ ਕਿ ਮਨੁੱਖ ਰੁੱਖਾਂ ਦੀ ਕਟਾਈ ਨਾਲ ਆਪਣੀ ਉਮਰ ਛੋਟੀ ਕਰ ਰਿਹਾ ਹੈ ਤੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਅੱਜ ਲੋੜ ਹੈ ਸਾਡੇ ਜੀਵਨ ਰੂਪੀ ਬੇੜੇ ਦੇ ਚੱਪੂਆਂ (ਰੁੱਖ) ਦੀ ਰੱਖਿਆ ਲਈ ਜੰਗੀ ਪੱਧਰ ’ਤੇ ਮੁਹਿੰਮ ਛੇੜੀ ਜਾਵੇ। ਹੁਣ ਇਹ ਬੋਲੀਆਂ ਅਤੇ ਲੋਕ ਗੀਤ ਬੀਤੇ ਦੀਆਂ ਬਾਤਾਂ ਬਣ ਚੁੱਕੇ ਹਨ। ਕਵੀ ਦੀਆਂ ਇਹ ਤੁਕਾਂ ਤਲਖ ਹਕੀਕਤਾਂ ਨੂੰ ਸਮੋਈ ਬੈਠੀਆਂ ਨੇ:
* ਕੁਝ ਰੁੱਖ ਯਾਰਾਂ ਵਰਗੇ ਲੱਗਦੇ
ਅਤੇ ਕੁਝ ਰੁੱਖ ਵਾਂਗ ਭਰਾਵਾਂ।
* ਸੁੱਕ ਗਿਆ ਚੰਨਣ ਦਾ ਬੂਟਾ
ਤੇਰੇ ਪਿੱਛੇ ਨੀਂ ਸੋਹਣੀਏ।
* ਪਿੱਪਲਾਂ ’ਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲਾਂ।
ਵੇ ਛੱਡ ਕੇ ਨਾ ਜਾਵੀਂ ਮਿੱਤਰਾ
ਦਿਲ ਦੇ ਬੋਲ ਮੈਂ ਬੋਲਾਂ।
ਸੰਪਰਕ: 98150-18947

Advertisement
Advertisement
Advertisement