ਬੈਂਕ ਕਲੋਨੀ ਦਾ ਬੰਦ ਪਿਆ ਸੀਵਰੇਜ ਠੀਕ ਹੋਇਆ
ਪੱਤਰ ਪੇ੍ਰਕ
ਮਾਛੀਵਾੜਾ, 6 ਜੁਲਾਈ
ਸਥਾਨਕ ਸਮਰਾਲਾ ਰੋਡ ’ਤੇ ਸਥਿਤ ਬੈਂਕ ਕਲੋਨੀ ਦਾ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਿਆ ਸੀਵਰੇਜ ਅੱਜ ਚਾਲੂ ਹੋ ਗਿਆ ਜਿਸ ’ਤੇ ਵਸਨੀਕਾਂ ਵਲੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ ਅਤੇ ਪ੍ਰਧਾਨ ਡਾ. ਜਸਵੀਰ ਸਿੰਘ ਰਾਣਾ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਬੈਂਕ ਕਲੋਨੀ ਦਾ ਸੀਵਰੇਜ ਬੰਦ ਪਿਆ ਸੀ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਲਿਖਤੀ ਤੇ ਜ਼ੁਬਾਨੀ ਬੇਨਤੀਆਂ ਕੀਤੀਆਂ ਗਈਆਂ ਜਿਸ ’ਤੇ ਕੋਈ ਅਮਲ ਨਾ ਕੀਤਾ ਗਿਆ। ਹਾਲਾਤ ਇਸ ਕਦਰ ਬਦਤਰ ਹੋ ਗਏ ਸਨ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਬਦਬੂ ਘਰਾਂ ਅੰਦਰ ਤੱਕ ਆਉਣ ਲੱਗ ਪਈ ਸੀ। ਅਖੀਰ ਉਨ੍ਹਾਂ ਵਲੋਂ ਇਹ ਮਾਮਲਾ ਪੀਏ ਸੁਖਵਿੰਦਰ ਸਿੰਘ ਗਿੱਲ ਰਾਹੀਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਕਾਲੋਨੀ ਦਾ ਦੌਰਾ ਕਰਨ ਉਪਰੰਤ ਨਗਰ ਕੌਂਸਲ ਕਰਮਚਾਰੀਆਂ ਨੂੰ ਮੌਕੇ ’ਤੇ ਹੀ ਇਹ ਸਮੱਸਿਆ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਦੀ ਨਿੱਜੀ ਦਿਲਚਸਪੀ ਕਾਰਨ ਨਗਰ ਕੌਂਸਲ ਵਲੋਂ ਗੋਬਿੰਦਗੜ੍ਹ ਤੋਂ ਜੈਟਿੰਗ ਮਸ਼ੀਨ ਮੰਗਵਾ ਕੇ ਜਾਮ ਸੀਵਰੇਜ ਸਿਸਟਮ ਦੀ ਸਫ਼ਾਈ ਕਰ ਠੀਕ ਕਰਵਾਇਆ ਗਿਆ।