For the best experience, open
https://m.punjabitribuneonline.com
on your mobile browser.
Advertisement

ਭਾਜਪਾ ਵਫ਼ਦ ਜਬਰ-ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲਿਆ

07:42 AM Aug 05, 2024 IST
ਭਾਜਪਾ ਵਫ਼ਦ ਜਬਰ ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲਿਆ
Advertisement

ਅਯੁੱਧਿਆ, 4 ਅਗਸਤ
ਭਾਰਤੀ ਜਨਤਾ ਪਾਰਟੀ ਦਾ ਵਫ਼ਦ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਅੱਜ ਅਯੁੱਧਿਆ ਪਹੁੰਚਿਆ।
ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਰਾਜ ਸਭਾ ਮੈਂਬਰ ਬਾਬੂਰਾਮ ਨਿਸ਼ਾਦ ਨੇ ਕਿਹਾ ਕਿ ਟੀਮ ਨੇ ਪੀੜਤ ਪਰਿਵਾਰ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਹੈ ਅਤੇ ਰਿਪੋਰਟ ਤਿਆਰ ਕਰਕੇ ਭਾਜਪਾ ਦੇ ਓਬੀਸੀ ਮੋਰਚਾ ਦੇ ਕੌਮੀ ਪ੍ਰਧਾਨ ਕੇ ਲਕਸ਼ਮਣ ਨੂੰ ਸੌਂਪੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਜਬਰ ਜਨਾਹ ਮਾਮਲੇ ਦਾ ਮੁੱਖ ਮੁਲਜ਼ਮ ਮੋਇਦ ਖਾਨ ਸਮਾਜਵਾਦੀ ਪਾਰਟੀ ਦਾ ਮੈਂਬਰ ਹੈ ਅਤੇ ਫੈਜ਼ਾਬਾਦ ਤੋਂ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਦੀ ਟੀਮ ਦਾ ਹਿੱਸਾ ਹੈ। ਪੀੜਤ ਪਰਿਵਾਰ ਨੂੰ ਮਿਲਣ ਵਾਲੇ ਭਾਜਪਾ ਦੇ ਵਫ਼ਦ ’ਚ ਰਾਜ ਸਭਾ ਮੈਂਬਰ ਸੰਗੀਤਾ ਬਲਵੰਤ ਬਿੰਦ ਅਤੇ ਪਛੜੇ ਵਰਗਾਂ ਦੀ ਭਲਾਈ ਬਾਰੇ ਰਾਜ ਮੰਤਰੀ (ਆਜ਼ਾਦ ਚਾਰਜ) ਨਰੇਂਦਰ ਕਸ਼ਿਅਪ ਵੀ ਸ਼ਾਮਲ ਸਨ।
ਸ੍ਰੀ ਨਿਸ਼ਾਦ ਨੇ ਕਿਹਾ, ‘ਅਸੀਂ ਜਬਰ ਜਨਾਹ ਪੀੜਤਾ ਦੀ ਮਾਂ ਤੇ ਹੋਰਾਂ ਨਾਲ ਵਿਸਥਾਰਤ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਹੈ। ਸਰਕਾਰ ਨੇ ਜੋ ਕਾਰਵਾਈ ਕਰਨੀ ਸੀ, ਕੀਤੀ ਜਾ ਚੁੱਕੀ ਹੈ। ਅਸੀਂ ਮੁਲਜ਼ਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ। ਅਸੀਂ ਇਸ ਦੀ ਤਹਿ ਤੱਕ ਜਾਵਾਂਗੇ ਅਤੇ ਜਾਂਚ ਕਰਾਵਾਂਗੇ।’ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸਰਕਾਰ ਵੱਲੋਂ ਮੁਲਜ਼ਮ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਹੈ।
ਇਸੇ ਦੌਰਾਨ ਸਪਾ ਮੁਖੀ ਅਖਿਲੇਸ਼ ਯਾਦਵ ਵੱਲੋਂ ਮੁਲਜ਼ਮਾਂ ਦਾ ਡੀਐੱਨਏ ਟੈਸਟ ਕਰਾਉਣ ਸਬੰਧੀ ਮੰਗ ’ਤੇ ਪ੍ਰਤੀਕਿਰਿਆ ਦਿੰਦਿਆਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਯਾਦਵ ਨੂੰ ਮੁਸਲਿਮ ਵੋਟ ਬੈਂਕ ਦੀ ਫਿਕਰ ਹੈ ਅਤੇ ਇਸ ਲਈ ਉਹ ਦੋਵਾਂ ਮੁਲਜ਼ਮਾਂ ਦਾ ਡੀਐੱਨਏ ਟੈਸਟ ਕਰਾਉਣ ਦੀ ਮੰਗ ਕਰ ਰਹੇ ਹਨ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ‘ਕਾਂਗਰਸ ਦਾ ਮੋਹਰਾ’ ਅਖਿਲੇਸ਼ ਯਾਦਵ ਇਸ ਮਾਮਲੇ ’ਚ ਅਦਾਲਤ ਦੀ ਗੱਲ ਕਰਕੇ ਗੁੰਮਰਾਹ ਨਾ ਕਰੇ। ਉਨ੍ਹਾਂ ਐਕਸ ’ਤੇ ਕਿਹਾ, ‘ਜਬਰ ਜਨਾਹ ਪੀੜਤਾ ਲਈ ਸਰਕਾਰ ਚੰਗੇ ਤੋਂ ਚੰਗਾ ਇਲਾਜ ਪ੍ਰਬੰਧ ਕਰਵਾਏਗੀ। ਲੜਕੀ ਦੀ ਜ਼ਿੰਦਗੀ ਦੀ ਰਾਖੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।’
ਇਸ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਅੱਜ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਅਯੁੱਧਿਆ ’ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਮਾਮਲੇ ਦੀ ਸੰਵੇਦਨਸ਼ੀਲਤਾ ਤੇ ਗੰਭੀਰਤਾ ਨੂੰ ਦੇਖਦਿਆਂ ਇਸ ਦਾ ਨੋਟਿਸ ਲਵੇ ਅਤੇ ਆਪਣੀ ਨਿਗਰਾਨੀ ਹੇਠ ਜਬਰ ਜਨਾਹ ਪੀੜਤਾ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਵੇ। ਅਖਿਲੇਸ਼ ਯਾਦਵ ਨੇ ਐਕਸ ’ਤੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਬਦਨੀਅਤ ਲੋਕਾਂ ਦਾ ਅਜਿਹੀਆਂ ਘਟਨਾਵਾਂ ਦਾ ਸਿਆਸੀਕਰਨ ਦਾ ਮਨਸੂਬਾ ਕਦੀ ਕਾਮਯਾਬ ਨਹੀਂ ਹੋਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਪੁਲੀਸ ਨੇ 30 ਜੁਲਾਈ ਨੂੰ ਇੱਕ ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ ’ਚ ਅਯੁੱਧਿਆ ਜ਼ਿਲ੍ਹੇ ਦੇ ਭਦਰਸਾ ’ਚ ਬੇਕਰੀ ਚਲਾਉਣ ਵਾਲੇ ਮੋਇਦ ਖਾਨ ਤੇ ਉਸ ਦੇ ਕਰਮਚਾਰੀ ਰਾਜੂ ਖਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਦੋ ਮਹੀਨੇ ਪਹਿਲਾਂ ਲੜਕੀ ਨਾਲ ਜਬਰ ਜਨਾਹ ਕੀਤਾ ਸੀ ਅਤੇ ਇਸ ਘਟਨਾ ਦੀ ਰਿਕਾਰਡਿੰਗ ਵੀ ਕੀਤੀ ਸੀ। -ਪੀਟੀਆਈ

Advertisement

ਉੱਤਰ ਪ੍ਰਦੇਸ਼ ਦੇ ਮੰਤਰੀ ਨਰੇਂਦਰ ਕੁਮਾਰ ਕਸ਼ਿਅਪ ਅਯੁੱਧਿਆ ’ਚ ਪੀੜਤ ਪਰਿਵਾਰ ਨੂੰ ਮਿਲ ਕੇ ਆਉਂਦੇ ਹੋਏ। -ਫੋਟੋ: ਪੀਟੀਆਈ
Advertisement
Author Image

Advertisement
Advertisement
×