ਪਲੇਠੀ ਧੀ ਦਾ ਜਨਮ
ਜਸਬੀਰ ਢੰਡ
ਇਹ ਗੱਲ 1974 ਦੀ 3 ਤੇ 4 ਜੂਨ ਦੇ ਵਿਚਕਾਰਲੀ ਰਾਤ ਦੀ ਹੈ ਜਦੋਂ ਪਹਿਲ-ਪਲੇਠੀ ਧੀ ਦਾ ਜਨਮ ਹੋਇਆ। ਉਸ ਦੇ ਜਨਮ ਵੇਲੇ ਦੇ ਘਟਨਾ-ਕ੍ਰਮ ਨੂੰ ਯਾਦ ਕਰ ਕੇ ਅੱਜ ਵੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ।
ਉਦੋਂ ਗਾਂਧੀ ਸਕੂਲ ਦੇ ਨੁੱਕਰ ਵਾਲੇ ਮਕਾਨ ਵਿੱਚ ਕਿਰਾਏ ’ਤੇ ਰਹਿੰਦੇ ਸਾਂ। ਵੱਡਾ ਪਰਿਵਾਰ ਸੀ ਪਰ ਮਕਾਨ ਵਿੱਚ ਸਿਰਫ਼ ਦੋ ਕਮਰੇ, ਮੂਹਰੇ ਵਰਾਂਡਾ ਤੇ ਵਿਹੜੇ ਵਿੱਚ ਗੁਸਲਖਾਨਾ ਤੇ ਦੂਜੇ ਪਾਸੇ ਕੜੀਆਂ-ਬਾਲਿਆਂ ਤੇ ਛਲਕੜਾ ਜਿਹਾ ਛੱਤ ਕੇ ਰਸੋਈ ਬਣਾਈ ਹੋਈ ਸੀ। ਛੱਤ ’ਤੇ ਚੜ੍ਹਨ ਲਈ ਲੱਕੜ ਦੀ ਪੌੜੀ ਸੀ ਤੇ ਉੱਪਰ ਭੰਗਣ ਦੁਆਰਾ ਬੱਠਲ ਵਿੱਚ ਚੁੱਕ ਦੇ ਲਿਜਾਣ ਵਾਲੀ ਲੈਟਰੀਨ ਸੀ। ਇਸੇ ਪੌੜੀ ’ਤੇ ਚੜ੍ਹ ਕੇ ਮੇਰੀ ਗਰਭਵਤੀ ਪਤਨੀ ਦਿਨ ਦੇ ਦਿਨ ਤੱਕ ਲੈਟਰੀਨ ਜਾਂਦੀ ਰਹੀ ਸੀ।
ਬਾਪ 1933 ਦਾ ਮੈਟ੍ਰਿਕੁਲੇਟ ਸੀ ਪਰ ਵੱਡੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਝੰਬਿਆ ਉਹ ਸਾਰੀ ਉਮਰ ਆਪਣਾ ਘਰ ਨਾ ਬਣਾ ਸਕਿਆ ਸੀ। ਅਸੀਂ ਸੱਤ ਭੈਣ-ਭਰਾ ਸਾਂ। ਬੁੱਢੀ ਅੰਨ੍ਹੀ ਦਾਦੀ ਅਤੇ ਸਹੁਰਿਆਂ ਦੁਆਰਾ ਘੱਟ ਦਹੇਜ ਮਿਲਣ ਕਾਰਨ ਛੱਡੀ ਪ੍ਰਸਿੰਨੀ ਭੂਆ। ਮੇਰੇ ਸਹੁਰੇ ਪਰਿਵਾਰ ਵਿੱਚ ਵੀ ਮੇਰੀ ਪਤਨੀ ਸਮੇਤ ਅੱਠ ਭੈਣ-ਭਰਾ ਸਨ। ਉਦੋਂ ਰਿਵਾਜ਼ ਹੀ ਇੰਨੇ-ਇੰਨੇ ਨਿਆਣਿਆਂ ਦਾ ਹੁੰਦਾ ਸੀ। ਜਦੋਂ ਮੈਂ ਸੁਰਤ ਸੰਭਾਲੀ ਤਾਂ ਖਿਝ ਜਿਹੀ ਆਉਂਦੀ... ਜੇ ਪਰਿਵਾਰ ਛੋਟੇ ਹੁੰਦੇ ਤਾਂ ਇੰਨੀ ਤੰਗੀ ਕਾਹਨੂੰ ਹੁੰਦੀ! ਵੱਡਾ ਭਰਾ ਵਿਆਹ ਕਰਾ ਕੇ ਸ਼ੁਰੂ ਤੋਂ ਹੀ ਦਿੱਲੀ ਵਸ ਗਿਆ ਸੀ। ਹੁਣ ਘਰ ਵਿੱਚ ਮੈਂ ਹੀ ਵੱਡਾ ਸਾਂ। ਪਤਨੀ ਏਡੇ ਪਰਿਵਾਰ ਦੀਆਂ ਰੋਟੀਆਂ ਪਕਾਉਂਦੀ, ਚਾਹਾਂ ਬਣਾਉਂਦੀ, ਢੇਰ ਕੱਪੜਿਆਂ ਦਾ ਧੋਂਦੀ, ਸਾਰੇ ਘਰ ਦੀ ਸਫ਼ਾਈ ਕਰਦੀ ਲਟਾ ਪੀਂਘ ਹੋਈ ਰਹਿੰਦੀ।
ਕੁੜੀ ਦੇ ਜਨਮ ਤੋਂ ਪਹਿਲਾਂ ਮਹੀਨੇ ਵਿੱਚ ਇੱਕ ਦੋ ਵਾਰ ਜ਼ਨਾਨਾ ਹਸਪਤਾਲ ਵਿੱਚ ਚੈਕ-ਅੱਪ ਕਰਵਾ ਆਉਂਦੀ ਤੇ ਜੇ ਕੋਈ ਦਵਾਈ ਮੁਫ਼ਤ ਮਿਲਦੀ ਤਾਂ ਲੈ ਆਉਂਦੀ।
ਘਰ ਸਟੇਸ਼ਨ ਦੇ ਸਾਹਮਣੇ ਸੀ ਤੇ ਜ਼ਨਾਨਾ ਹਸਪਤਾਲ ਸਟੇਸ਼ਨ ਟੱਪ ਕੇ ਡਾਕਖਾਨੇ ਵਾਲੀ ਗਲੀ ਵਿੱਚ ਘਰ ਤੋਂ ਬਹੁਤੀ ਦੂਰ ਨਹੀਂ ਸੀ। 3 ਜੂਨ ਨੂੰ ਜਦੋਂ ਉਹ ਹਸਪਤਾਲ ਗਈ ਤਾਂ ਲੇਡੀ ਡਾਕਟਰ ਨੇ ਚੈਕ-ਅੱਪ ਕਰ ਕੇ ਕਿਹਾ ਕਿ ਅੱਜ ਹੀ ਦਾਖਲ ਹੋ ਜਾ ਪਰ ਪਤਾ ਨਹੀਂ ਉਸ ਨੂੰ ਕੁਝ ਉੱਚਾ ਸੁਣਨ ਕਰ ਕੇ ਸਮਝ ਨਹੀਂ ਆਈ ਜਾਂ ਉਂਝ ਹੀ ਅਣਗਹਿਲੀ ਕਰ ਗਈ...।
ਕੁਦਰਤੀ ਇੱਕ ਦਿਨ ਪਹਿਲਾਂ ਪ੍ਰਸਿੰਨੀ ਭੂਆ ਨੂੰ ਬੁਲਾ ਲਿਆ ਗਿਆ ਸੀ ਜੋ ਬਾਦਲ ਹਸਪਤਾਲ ਵਿੱਚ ਟ੍ਰੇਂਡ ਦਾਈ ਲੱਗੀ ਹੋਈ ਸੀ। 3 ਜੂਨ ਦਾ ਸਾਰਾ ਦਿਨ ਪਤਨੀ ਪਹਿਲਾਂ ਵਾਂਗ ਕੰਮ ਕਰਦੀ ਰਹੀ। ਅੱਧੀ ਕੁ ਰਾਤ ਨੂੰ ਉਹ ਚੀਕਾਂ ਮਾਰਨ ਲੱਗੀ ਤਾਂ ਸਾਰੇ ਟੱਬਰ ਨੂੰ ਭਾਜੜ ਪੈ ਗਈ।
ਸਟੇਸ਼ਨ ’ਤੇ ਰਾਤ ਦੇ ਬਾਰਾਂ ਵਜੇ ਦੋ ਗੱਡੀਆਂ ਦੇ ਕ੍ਰਾਸ ਹੁੰਦੇ ਸਨ। ਇੱਕ ਗੱਡੀ ਦਿੱਲੀਓਂ ਆਉਂਦੀ ਤੇ ਦੂਜੀ ਫਿਰੋਜ਼ਪੁਰ ਤੋਂ, ਸ਼ਹਿਰ ਦੇ ਦੋਵੇਂ ਫਾਟਕ ਬੰਦ ਹੋ ਜਾਂਦੇ। ਰਿਕਸ਼ੇ ਵਾਲੇ ਨੂੰ ਵੀ ਲੈ ਕੇ ਆਉਂਦੇ ਤਾਂ ਫਾਟਕ ਖੁੱਲ੍ਹਣ ’ਤੇ ਹੀ ਲੰਘ ਹੋਣਾ ਸੀ। ਇੰਨਾ ਸਮਾਂ ਕਿੱਥੇ ਸੀ? ਦੋ ਜਣਿਆਂ ਨੇ ਚੀਕਾਂ ਮਾਰ ਰਹੀ ਪਤਨੀ ਨੂੰ ਡੌਲਿਓ ਫੜਿਆ, ਮਗਰ ਭੂਆ ਵਾਹਿਗੁਰੂ ਵਾਹਿਗੁਰੂ ਕਰਦੀ ਆ ਰਹੀ ਸੀ। ਕੋਲੇ ਤੇ ਪਾਣੀ ਨਾਲ ਚੱਲਣ ਵਾਲੇ ਇੰਜਣ ਜ਼ੋਰ-ਜ਼ੋਰ ਦੀ ਧੂੰਆਂ ਛੱਡ ਤੇ ਸੀਟੀਆਂ ਮਾਰ ਰਹੇ ਸਨ ਜਿਵੇਂ ਸ਼ੇਰ ਦਹਾੜ ਰਹੇ ਹੋਣ।
ਆਖਿ਼ਰੀ ਡੱਬੇ ਦੇ ਉੱਤੋਂ ਦੀ ਰੇਲਵੇ ਦੀਆਂ ਲਾਈਨਾਂ ਵਿੱਚ ਵਿਛੇ ਪੱਥਰਾਂ ਉੱਪਰ ਦੀ ਇੱਕ-ਇੱਕ ਕਦਮ ਵਾਹਿਗੁਰੂ ਵਾਹਿਗੁਰੂ ਕਰਦਿਆਂ ਟਪਾਉਂਦਿਆਂ ਅੱਜ ਵੀ ਉਹ ਸੀਨ ਯਾਦ ਕਰ ਕੇ ਧੁੜਧੁੜੀ ਆਉਂਦੀ ਹੈ... ਜਿਵੇਂ ਕਿਵੇਂ ਕਰ ਕੇ ਭੂਆ ਨੇ ਜ਼ਨਾਨਾ ਵਾਰਡ ਵਿੱਚ ਪਤਨੀ ਨੂੰ ਅਪਰੇਸ਼ਨ ਟੇਬਲ ’ਤੇ ਲਿਟਾ ਦਿੱਤਾ। ਇੱਕ ਕਰਮਚਾਰੀ ਲੇਡੀ ਡਾਕਟਰ ਨੂੰ ਬੁਲਾਉਣ ਭੇਜਿਆ ਜੋ ਹਸਪਤਾਲ ਦੇ ਕੁਆਰਟਰਾਂ ਵਿੱਚ ਹੀ ਰਹਿੰਦੀ ਸੀ ਪਰ ਉਹ ਬੁਲਾਉਣ ’ਤੇ ਵੀ ਉਸੇ ਵੇਲੇ ਨਹੀਂ ਆਈ। ਜੰਮਣ-ਪੀੜਾਂ ਨਾਲ ਪਤਨੀ ਤੜਫ ਰਹੀ ਸੀ। ਦੋ ਨਰਸਾਂ ਦੀ ਸਹਾਇਤਾ ਨਾਲ ਭੂਆ ਨੇ ਆਪ ਹੀ ਡਿਲਿਵਰੀ ਕਰਵਾ ਦਿੱਤੀ। ਕੋਈ ਅੱਧੇ ਘੰਟੇ ਬਾਅਦ ਡਾਕਟਰ ਆਈ ਤਾਂ ਸਾਰਾ ਕੁਝ ਦੇਖ ਕੇ ਭੜਕ ਗਈ, “ਤੁਸੀਂ ਕਿਸ ਦੀ ਪਰਮਿਸ਼ਨ ਨਾਲ ਸਰਕਾਰੀ ਹਸਪਤਾਲ ਵਿੱਚ ਆਪ ਹੀ ਡਿਲਿਵਰੀ ਕਰਵਾਈ? ਜੇ ਕੋਈ ਹਬੀ ਨਬੀ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ?” ਉਹ ਦਹਾੜ ਰਹੀ ਸੀ।
ਭੂਆ ਨੇ ਕਿਹਾ, “ਮੈਡਮ ਜੀ! ਤੁਸੀਂ ਬੁਲਾਏ ਤੋਂ ਆਏ ਨਹੀਂ... ਏਨੀ ਦੇਰ ਕਰ ਦਿੱਤੀ... ਫੇਰ ਹੋਰ ਅਸੀਂ ਕੀ ਕਰਦੇ?”
“ਇਸ ਨੂੰ ਕਿਹਾ ਸੀ ਅੱਜ ਹੀ ਦਾਖਲ ਹੋ ਜਾ। ਇਹ ਕਿਉਂ ਨਹੀਂ ਦਾਖਲ ਹੋਈ?” ਭੂਆ ਚੁੱਪ ਰਹੀ। ਡਾਕਟਰ ਵੀ ਬੋਲ-ਬੂਲ ਕੇ ਸ਼ਾਂਤ ਹੋ ਗਈ ਅਤੇ ਪਤਨੀ ਤੇ ਬੱਚੀ ਨੂੰ ਸੰਭਾਲਣ ਲੱਗ ਪਈ। ਘੰਟੇ ਕੁ ਬਾਅਦ ਭੂਆ ਨੇ ਮੈਨੂੰ ਘਰੇ ਭੇਜ ਦਿੱਤਾ। ਮੈਂ ਬੋਚ ਕੇ ਜਿਹੇ ਆ ਕੇ ਮੰਜੇ ’ਤੇ ਚੁੱਪ-ਚਾਪ ਲੇਟ ਗਿਆ। ਕਿਹਾ ਭਾਵੇਂ ਜਾਂਦਾ ਹੈ ਕਿ ਅੱਜ ਕੱਲ੍ਹ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਹੈ ਪਰ ਮੈਂ ਅੱਜ ਵੀ ਸੋਚਦਾ ਹਾਂ ਕਿ ਜੇ ਮੁੰਡਾ ਹੁੰਦਾ ਤਾਂ ਮੈਂ ਇੰਝ ਹੀ ਚੁੱਪ-ਚਾਪ ਲੇਟ ਜਾਂਦਾ?
ਸੰਪਰਕ: 94172-87399