ਦੇਸ਼ ਭਗਤ ਅਤੇ ਕਵੀ ਮੁਨਸ਼ਾ ਸਿੰਘ ਦੁਖੀ ਦਾ ਜਨਮ ਦਿਨ ਮਨਾਇਆ
ਹਰਦਮ ਮਾਨ
ਸਰੀ: ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਦੇਸ਼ ਭਗਤ ਅਤੇ ਕਵੀ ਮੁਨਸ਼ਾ ਸਿੰਘ ਦੁਖੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਦਵਾਨ ਜੈਤੇਗ ਸਿੰਘ ਅਨੰਤ ਅਤੇ ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਨੇ ਮੁਨਸ਼ਾ ਸਿੰਘ ਦੁਖੀ ਵੱਲੋਂ ਦੇਸ਼, ਕੌਮ ਅਤੇ ਸਿੱਖ ਪੰਥ ਵਾਸਤੇ ਕੀਤੀ ਕੁਰਬਾਨੀ ਅਤੇ ਉਸ ਦੇ ਦੇਸ਼ ਭਗਤੀ ਜੀਵਨ ਬਾਰੇ ਵਿਸਥਾਰ ਵਿੱਚ ਵਿਚਾਰ ਪੇਸ਼ ਕੀਤੇ। ਸਮਾਗਮ ਦਾ ਆਗਾਜ਼ ਗੁਰਦੁਆਰਾ ਸਾਹਿਬ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਪਰੰਤ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਮੁਨਸ਼ਾ ਸਿੰਘ ਦੁਖੀ, ਜੈਤੇਗ ਸਿੰਘ ਅਨੰਤ ਅਤੇ ਡਾ. ਗੁਰਦੇਵ ਸਿੰਘ ਸਿੱਧੂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਕੌਮਾਂ ਉਹੀ ਜਿਊਂਦੀਆਂ ਹਨ ਜਿਹੜੀਆਂ ਆਪਣੇ ਵਿਰਸੇ ਤੇ ਵਿਰਾਸਤ ਨੂੰ ਯਾਦ ਰੱਖਦੀਆਂ ਹਨ। ਉਸ ਨੇ ਦੱਸਿਆ ਕਿ ਮੁਨਸ਼ਾ ਸਿੰਘ ਦੁਖੀ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਤੇ ਕ੍ਰਾਂਤੀਕਾਰੀ ਕਵੀ ਸੀ। ਉਸ ਦਾ ਜਨਮ 1 ਜਲਾਈ 1890 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਜੰਡਿਆਲਾ ਮੰਜਕੀ ਜ਼ਿਲ੍ਹਾ ਜਲੰਧਰ ਵਿੱਚ ਸੂਬੇਦਾਰ ਨਿਹਾਲ ਸਿੰਘ ਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਉਹ ਇੱਕ ਸੰਪੰਨ ਜੁਝਾਰੂ ਕਵੀ, ਪੱਤਰਕਾਰ, ਸੰਪਾਦਕ ਅਤੇ ਹੋਰ ਬੇਅੰਤ ਗੁਣਾਂ ਦਾ ਧਾਰਨੀ ਸੀ। ਕਵਿਤਾ ਉਸ ਦੀ ਜਿੰਦ ਜਾਨ ਸੀ ਤੇ ਉਹ ਪੂਰਨ ਰੂਪ ਵਿੱਚ ਕਵਿਤਾ ਨੂੰ ਸਮਰਪਿਤ ਸਨ। ਉਸ ਦੇ ਇੱਕ ਦਰਜਨ ਤੋਂ ਵੱਧ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਉਸ ਨੇ ਭਾਈ ਮੋਹਨ ਸਿੰਘ ਵੈਦ ਦੀ ਜੀਵਨੀ ਵੀ ਲਿਖੀ। ਉਹ ਤੀਖਣ ਬੁੱਧੀ ਦਾ ਮਾਲਕ ਸੀ। ਪ੍ਰਾਇਮਰੀ ਤੱਕ ਦੀ ਪੜ੍ਹਾਈ ਕਰਨ ਦੇ ਬਾਵਜੂਦ ਉਹ ਪੰਜਾਬੀ, ਹਿੰਦੀ, ਬੰਗਾਲੀ, ਚੀਨੀ, ਜਪਾਨੀ, ਅੰਗਰੇਜ਼ੀ ਭਾਸ਼ਾਵਾਂ ਦਾ ਗਿਆਤਾ ਸੀ। ਉਸ ਨੇ ਵਿਦੇਸ਼ਾਂ ਵਿੱਚ ਜਾ ਕੇ ਭਾਰਤੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ। ਉਸ ਦੀ ਕਵਿਤਾ ‘ਗ਼ਦਰ’ ਰਸਾਲੇ ਵਿੱਚ ਛਪਦੀ ਸੀ ਜੋ ਗ਼ਦਰੀ ਯੋਧਿਆਂ ਵਿੱਚ ਇੱਕ ਨਵਾਂ ਜਜ਼ਬਾ, ਸ਼ਕਤੀ ਅਤੇ ਊਰਜਾ ਪੈਦਾ ਕਰਦੀ ਸੀ।
ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਮੁਨਸ਼ਾ ਸਿੰਘ ਦੁਖੀ ਇੱਕ ਸੂਰਬੀਰ ਸੁਤੰਤਰਤਾ ਸੰਗਰਾਮੀ, ਪੂਰਨ ਗੁਰਸਿੱਖ ਸੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਦੀ ਬਿਹਤਰੀ ਅਤੇ ਕੌਮ ਦੀ ਆਜ਼ਾਦੀ ਵਾਸਤੇ ਲਾਈ। ਉਸ ਨੂੰ ਯਾਦ ਕਰਨਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਵੈਨਕੂਵਰ, ਸਰੀ ਦੀ ਜਿਸ ਧਰਤੀ ’ਤੇ ਅਸੀਂ ਬੈਠੇ ਹਾਂ ਇਸ ਧਰਤੀ ’ਤੇ ਉਸ ਦੀਆਂ ਪੈੜਾਂ ਪਈਆਂ ਹੋਈਆਂ ਹਨ। ਚੜ੍ਹਦੀ ਜਵਾਨੀ ਦੇ ਮਹੱਤਵਪੂਰਨ ਸਾਲ ਉਸ ਨੇ ਇਸੇ ਧਰਤੀ ’ਤੇ ਲਾਏ ਸਨ। ਇਸ ਕਰਕੇ ਸਾਡਾ ਇਹ ਫਰਜ਼ੀ ਬਣ ਜਾਂਦਾ ਹੈ ਕਿ ਅਸੀਂ ਉਸ ਨੂੰ ਯਾਦ ਕਰਦੇ ਰਹੀਏ। ਉਸ ਨੇ ਕਈ ਰਸਾਲਿਆਂ ਦੀ ਸੰਪਾਦਨਾ ਕੀਤੀ। ਉਸ ਨੇ ਕੌਮ ਵਾਸਤੇ, ਦੇਸ਼ ਵਾਸਤੇ, ਸਿੱਖ ਪੰਥ ਵਾਸਤੇ ਵੱਡੀ ਕੁਰਬਾਨੀ ਕੀਤੀ।
ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਮੁਨਸ਼ਾ ਸਿੰਘ ਦੁਖੀ ਜਿਹੇ ਦੇਸ਼ ਭਗਤਾਂ ’ਤੇ ਜਿੰਨਾ ਵੀ ਮਾਣ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ। ਕੈਨੇਡਾ, ਅਮਰੀਕਾ ਵਿੱਚ ਭਾਰਤੀ ਮੂਲ ਦੇ ਵਸਨੀਕਾਂ ਵਾਸਤੇ ਉਸ ਦੀ ਜੀਵਨ ਗਾਥਾ ਬਹੁਤ ਹੀ ਮਾਣਮੱਤੀ ਤੇ ਵਿਰਾਸਤੀ ਹੈ। ਕਵੀ ਹੋਣ ਦੇ ਨਾਲ ਨਾਲ ਉਹ ਵਾਰਤਕ ਜੀਵਨੀਆਂ ਦਾ ਲਿਖਾਰੀ ਵੀ ਸੀ, ਕਈ ਮਾਸਕ ਪਰਚੇ ਵੀ ਕੱਢੇ। ਭਾਰਤ ਵਿੱਚ ਉਸ ਦੀਆਂ 36 ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ ਅਤੇ 25 ਦੇ ਕਰੀਬ ਅਣਛਪੀਆਂ ਪਈਆਂ ਹਨ। ਸ. ਜੱਬਲ ਨੇ ਅੰਤ ਵਿੱਚ ਡਾ. ਗੁਰਦੇਵ ਸਿੰਘ ਸਿੱਧੂ ਅਤੇ ਜੈਤੇਗ ਸਿੰਘ ਅਨੰਤ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਬਲਬੀਰ ਸਿੰਘ ਚਾਨਾ, ਸਕੱਤਰ ਚਰਨਜੀਤ ਸਿੰਘ ਮਰਵਾਹਾ, ਸੁਰਿੰਦਰ ਸਿੰਘ ਜੱਬਲ ਅਤੇ ਜੈਤੇਗ ਸਿੰਘ ਅਨੰਤ ਨੇ ਡਾ. ਗੁਰਦੇਵ ਸਿੰਘ ਸਿੱਧੂ ਨੂੰ ‘ਰਾਮਗੜ੍ਹੀਆ ਵਿਰਾਸਤ’ ਪੁਸਤਕ ਸਨਮਾਨ ਵਜੋਂ ਭੇਟ ਕੀਤੀ।
ਸੰਪਰਕ: 1 604 308 6663