ਵੱਖ-ਵੱਖ GST ਸਲੈਬ ਸਾਹਮਣੇ ਆਉਣ ਤੋਂ ਬਾਅਦ ਵੱਡਾ ਮੁੱਦਾ, ਕੀ ਤੁਹਾਡੇ popcorn ਵਿਚ caramel ਹੈ ?
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 24 ਦਸੰਬਰ
ਜੀਐਸਟੀ ਕੌਂਸਲ ਵੱਲੋਂ ਪੌਪਕਾਰਨ (ਮੱਕੀ ਦੀਆਂ ਖਿੱਲਾਂ) ’ਤੇ ਜੀਐਸਟੀ ਦਰਾਂ ਨੂੰ ਲੈ ਕੇ ਦਿੱਤੇ ਗਏ ਤਾਜ਼ਾ ਸਪਸ਼ਟੀਕਰਨ ਨੇ ਇੱਕ ਮੁੱਦਾ ਛੇੜ ਦਿੱਤਾ ਹੈ ਅਤੇ ਸੋਸ਼ਲ ਮੀਡੀਆ ’ਤੇ ਮੀਮਜ਼ ਦੀ ਸੁਨਾਮੀ ਲਿਆ ਦਿੱਤੀ ਹੈ। ਸੋਸ਼ਲ ਮੀਡੀਆ ਵਰਤੋਂਕਾਰ ਇਸ ਵਿਸ਼ੇ ’ਤੇ ਮਜ਼ਾਕੀਆ ਅਤੇ ਚੀਜ਼ੀ ਮੀਮਜ਼ (ਤਸਵੀਰਾਂ) ਸ਼ੇਅਰ ਕਰ ਰਹੇ ਹਨ, ਜਿਸ ਨਾਲ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸ਼ਨਿੱਚਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕੀਤਾ ਹੈ ਕਿ ਕੈਰੇਮਲ ਪੌਪਕਾਰਨ ਨੂੰ ਚੀਨੀ (ਖੰਡ) ਤੋਂ ਬਣੀ ਮਠਿਆਈ ਮੰਨਦੇ ਹੋਏ ਇਸ ’ਤੇ 18 ਫੀਸਦੀ ਜੀਐੱਸਟੀ ਲੱਗੇਗਾ। ਜਦ ਕਿ ਨਮਕ ਵਾਲੇ ਅਤੇ ਸਾਦੇ ਪੌਪਕਾਰਨ ਜੇ ਪੈਕਡ ਅਤੇ ਲੇਬਲ ਕੀਤੇ ਹੋਏ ਹਨ ਤਾਂ ਇਨ੍ਹਾਂ ’ਤੇ 12 ਫੀਸਦੀ ਜੀਐੱਸਟੀ ਲੱਗੇਗਾ। ਇਸ ਤੋਂ ਇਲਾਵਾ ਖੁੱਲ੍ਹੇ ਪੈਕੇਟ ’ਤੇ 5 ਫੀਸਦੀ ਜੀਐਸਟੀ ਲੱਗੇਗਾ। ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਵਰਤੋਂਕਾਰ ਇਸ ’ਤੇ ਮਜ਼ਾਕੀਆ ਮੀਮਜ਼ (ਤਸਵੀਰਾਂ) ਸ਼ੇਅਰ ਕਰ ਰਹੇ ਹਨ।
ਸੋਸ਼ਲ ਮੀਡੀਆ ’ਤੇ ਇਕ ਵਿਅਕਤੀ ਨੇ ਸਵਾਲ ਕੀਤਾ ਕਿ ਪੌਪਕਾਰਨ ਦੇ ਵੱਖ-ਵੱਖ ਫਲੇਵਰਾਂ 'ਤੇ ਵੱਖ-ਵੱਖ ਜੀਐੱਸਟੀ ਕਿਉਂ? ਇਸ ’ਤੇ ਇਕ ਹੋਰ ਯੂਜ਼ਰ ਨੇ ਮਜ਼ਾਕੀਆ ਜਵਾਬ ਦਿੱਤਾ, ''ਇਹ ਸਭ ਲੂਣ ਅਤੇ ਕੈਰੇਮਲ ’ਤੇ ਨਿਰਭਰ ਕਰਦਾ ਹੈ।’’
ਇਕ ਹੋਰ ਵਿਅਕਤੀ ਨੇ ਨਿਰਮਲਾ ਸੀਤਾਰਮਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਕੀ ਤੁਹਾਡੇ ਪੌਪਕਾਰਨ ਵਿਚ ਕੈਰੇਮਲ ਹੈ?’’ ਨਾ ਹੀ ਇਕ ਫਿਲਮ ਦਾ ਡਾਇਲਾਗ ਵੀ ਲਿਖਿਆ, ‘‘ਕੈਰੇਮਲ ਪੌਪਕਾਰਨ ਤਾਂ ਥੈਲੀਆਂ ਵਿਚ ਸੁਨਿਆਰ ਦੀ ਦੁਕਾਨ ’ਤੇ ਮਿਲੂਗਾ।’’
ਵਿਰੋਧੀ ਪਾਰਟੀਆਂ ਨੇ ਵੀ ਚੁੱਕੇ ਸਵਾਲ
ਐਕਸ ’ਤੇ ਆਪਣੀ ਪੋਸਟ ਵਿੱਚ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਮਹੱਤਵਪੂਰਨ GST ਚੋਰੀ ਦਾ ਵੀ ਦੋਸ਼ ਲਗਾਇਆ ਹੈ। ਜੀਐਸਟੀ ਤਹਿਤ ਪੌਪਕਾਰਨ ਲਈ ਤਿੰਨ ਵੱਖ-ਵੱਖ ਟੈਕਸ ਸਲੈਬਾਂ ਦੇ ਬੇਤੁਕੇ ਫੈਸਲੇ ਨੇ ਸੋਸ਼ਲ ਮੀਡੀਆ ’ਤੇ ਮੀਮਜ਼ ਦੀ ਸੁਨਾਮੀ ਲਿਆ ਦਿੱਤੀ ਹੈ। ਇਹ ਇੱਕ ਗੰਭੀਰ ਮੁੱਦੇ ਨੂੰ ਉਜਾਗਰ ਕਰਦਾ ਹੈ: ਇੱਕ ਪ੍ਰਣਾਲੀ ਜਿਸਨੂੰ 'ਚੰਗਾ ਅਤੇ ਸਰਲ' ਹੋਣਾ ਚਾਹੀਦਾ ਸੀ ਪਰ ਤੇਜ਼ੀ ਨਾਲ ਗੁੰਝਲਦਾਰ ਹੁੰਦਾ ਜਾ ਰਿਹਾ ਹੈ।
ਸਿਆਸਤਦਾਨ ਨੇ ਲਿਖਿਆ ਕਿ ਜੀਐਸਟੀ ਦੀ ਚੋਰੀ ਵਧ ਰਹੀ ਹੈ, ਇਨਪੁਟ ਟੈਕਸ ਕ੍ਰੈਡਿਟ ਧੋਖਾਧੜੀ ਆਮ ਹੈ ਅਤੇ ਹਜ਼ਾਰਾਂ ਜਾਅਲੀ ਕੰਪਨੀਆਂ ਜੀਐਸਟੀ ਪ੍ਰਣਾਲੀ ਦੀ ‘ਖੇਡ’ ਕਰਨ ਲਈ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਰੈਕਿੰਗ ਸਪਲਾਈ ਚੇਨ ਕਮਜ਼ੋਰ ਹੈ, ਰਜਿਸਟ੍ਰੇਸ਼ਨ ਪ੍ਰਕਿਰਿਆ ਨੁਕਸਦਾਰ ਹੈ ਅਤੇ ਟਰਨਓਵਰ ਛੋਟਾਂ ਵਿੱਚ ਕਮੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜੈਰਾਮ ਰਮੇਸ਼ ਨੇ ਪੋਸਟ ਵਿਚ ਲਿਖਿਆ ਕਿ GST ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (DGGI) ਵੱਲੋਂ ਸਾਂਝੇ ਕੀਤੇ ਟੈਕਸ ਧੋਖਾਧੜੀ ਦੇ ਤਾਜ਼ਾ ਅੰਕੜੇ FY24 ਵਿੱਚ 2.01 ਲੱਖ ਕਰੋੜ ਰੁਪਏ ਦੀ GST ਚੋਰੀ ਦਾ ਖੁਲਾਸਾ ਕਰਦੇ ਹਨ।