ਮੇਰੇ ਕਰੀਅਰ ਦਾ ਸਭ ਤੋਂ ਬਿਹਤਰੀਨ ਗੀਤ ‘ਲੇਕੇ ਪ੍ਰਭੂ ਕਾ ਨਾਮ’: ਸਲਮਾਨ ਖਾਨ
ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਕਿਹਾ ਕਿ ‘ਟਾਈਗਰ-3’ ਦਾ ਗੀਤ ‘ਲੇਕੇ ਪ੍ਰਭੂ ਕਾ ਨਾਮ’ ਮੇਰੇ ਕਰੀਅਰ ਦੇ ਸਭ ਤੋਂ ਬਿਹਤਰੀਨ ਗੀਤਾਂ ’ਚੋਂ ਇੱਕ ਹੈ। ਸਲਮਾਨ ਖਾਨ ਦੀ ਇਹ ਫਿਲਮ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਸਲਮਾਨ ਤੀਜੀ ਵਾਰ ‘ਟਾਈਗਰ’ ਦੀ ਫਰੈਂਚਾਇਜ਼ੀ ’ਚ ਅਦਾਕਾਰਾ ਕੈਟਰੀਨਾ ਕੈਫ ਨਾਲ ਕੰਮ ਕਰਨ ਜਾ ਰਿਹਾ ਹੈ। ਦੋਵੇਂ ਅਦਾਕਾਰ ਦੁਬਾਰਾ ਜਾਸੂਸ ਏਜੰਟਾਂ ਦੇ ਕਿਰਦਾਰ ਟਾਈਗਰ ਅਤੇ ਜ਼ੋਯਾ ਦੀ ਭੂਮਿਕਾ ਨਿਭਾਉਣਗੇ। ਸਲਮਾਨ ਨੇ ਕਿਹਾ,‘‘ਮੈਂ ਤੇ ਕੈਟਰੀਨਾ ਨੇ ਇਕੱਠਿਆਂ ਕਈ ਵਧੀਆ ਗੀਤ ਕੀਤੇ ਹਨ ਅਤੇ ਮੈਂ ਸਮਝਦਾ ਹਾਂ ਕਿ ਜਦੋਂ ਵੀ ਅਸੀਂ ਇਕੱਠੇ ਕੋਈ ਗੀਤ ਕਰਦੇ ਹਾਂ ਤਾਂ ਲੋਕਾਂ ਦੀਆਂ ਉਮੀਦਾਂ ਅਸਮਾਨ ਛੂਹ ਜਾਂਦੀਆਂ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ‘ਲੇਕੇ ਪ੍ਰਭੂ ਕਾ ਨਾਮ’ ਲੋਕਾਂ ਨੂੰ ਬਹੁਤ ਪਸੰਦ ਆਵੇਗਾ।” ਅਦਾਕਾਰ ਨੇ ਕਿਹਾ,‘‘ਇਹ ਡਾਂਸ ਟਰੈਕ ਮੈਨੂੰ ਬਹੁਤ ਪਸੰਦ ਹੈ। ਇਹ ਸ਼ਾਇਦ ਮੇਰੇ ਕਰੀਅਰ ਦੇ ਸਭ ਤੋਂ ਵਧੀਆ ਡਾਂਸ ਟਰੈਕਾਂ ’ਚੋਂ ਇੱਕ ਹੈ। ਮੈਂ ਤੇ ਕੈਟਰੀਨਾ ਖੁਸ਼ਕਿਸਮਤ ਰਹੇ ਹਾਂ ਕਿ ਅਸੀਂ ਦੁਨੀਆਂ ਭਰ ਵਿੱਚ ਲੋਕਾਂ ਦਾ ਮਨੋਰੰਜਨ ਕੀਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ‘ਲੇਕੇ ਪ੍ਰਭੂ ਕਾ ਨਾਮ’ ਵੀ ਵਿਸ਼ਵ ਪੱਧਰ ’ਤੇ ਹਿੱਟ ਹੋਵੇਗਾ। ਇਹ ਇੱਕ ਪਾਰਟੀ ਟਰੈਕ ਹੈ, ਜਿਸ ਨੂੰ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ ਤੇ ਪ੍ਰੀਤਮ ਵੱਲੋਂ ਸੰਗੀਤ ਦਿੱਤਾ ਗਿਆ ਹੈ। ਇਸ ਨੂੰ ਅਰਿਜੀਤ ਸਿੰਘ ਤੇ ਨਿਖਿਤਾ ਗਾਂਧੀ ਨੇ ਗਾਇਆ ਹੈ। ਫਿਲਮ ‘ਟਾਈਗਰ-3’ ਇਸ ਸਾਲ 12 ਨਵੰਬਰ ਦੀਵਾਲੀ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ