ਪੀਏਯੂ ਦੇ ਖੋਜ ਪ੍ਰਾਜੈਕਟ ਨੂੰ ਕੌਮੀ ਪੱਧਰ ’ਤੇ ਸਰਵੋਤਮ ਪੁਰਸਕਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਪੀਏਯੂ ਵਿੱਚ ਜਾਰੀ ਪੋਸ਼ਕ ਤੱਤਾਂ ਸਬੰਧੀ ਆਈਸੀਏਆਰ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰਾਜੈਕਟ ਨੂੰ ਰਾਸ਼ਟਰੀ ਪੱਧਰ ’ਤੇ ਸਭ ਤੋਂ ਵਧੀਆ ਕੇਂਦਰ ਦਾ ਪੁਰਸਕਾਰ ਹਾਸਲ ਹੋਇਆ ਹੈ। ਭੂਮੀ ਵਿਗਿਆਨ ਵਿਭਾਗ ਵਿੱਚ ਇਹ ਪ੍ਰਾਜੈਕਟ ਮਿੱਟੀ ਅਤੇ ਪੌਦਿਆਂ ਵਿੱਚ ਸੂਖਮ ਪੋਸ਼ਕ ਤੱਤਾਂ ਸਬੰਧੀ ਖੋਜ ਕਰ ਰਿਹਾ ਹੈ।
ਇਹ ਐਵਾਰਡ 2018-2022 ਤੱਕ ਕੀਤੇ ਕਾਰਜ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ ਉੜੀਸਾ ਵਿੱਚ ਹੋਈ ਵਰਕਸ਼ਾਪ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਡਾ. ਐੱਸ ਐੱਸ ਧਾਲੀਵਾਲ, ਡਾ. ਵਿਵੇਕ ਸ਼ਰਮਾ, ਡਾ. ਵਿੱਕੀ ਸਿੰਘ ਅਤੇ ਡਾ. ਮਨਮੀਤ ਕੌਰ ਸ਼ਾਮਲ ਹੋਏ। ਇਸ ਵਰਕਸ਼ਾਪ ਦੌਰਾਨ ਸੂਖਮ ਪੋਸ਼ਕ ਤੱਤਾਂ ਦੇ ਸਬੰਧੀ ਕੀਤੀ ਖੋਜ ਸਦਕਾ ਲੁਧਿਆਣਾ ਕੇਂਦਰ ਨੂੰ ਸਰਵੋਤਮ ਰਾਸ਼ਟਰੀ ਕੇਂਦਰ ਐਲਾਨਿਆ ਗਿਆ। ਇਸ ਦੌਰਾਨ 23 ਹੋਰ ਕੇਂਦਰਾਂ ਦੇ ਕੰਮ ਕਾਜ ਦਾ ਮੁਲਾਂਕਣ ਵੀ ਕੀਤਾ ਗਿਆ ਸੀ। ਪੀਏਯੂ. ਨੇ ਇਸ ਸਨਮਾਨ ਨੂੰ 1970 ਤੋਂ ਬਾਅਦ 52 ਸਾਲ ਮਗਰੋਂ ਹਾਸਲ ਕੀਤਾ ਹੈ। ਇਸ ਐਵਾਰਡ ਅਤੇ ਪ੍ਰਸ਼ੰਸਾ ਪੱਤਰ ਨੂੰ ਪ੍ਰਾਜੈਕਟ ਦੇ ਮੁੱਖ ਨਿਗਰਾਨ ਡਾ. ਐੱਸ ਐੱਸ ਧਾਲੀਵਾਲ ਨੇ ਹਾਸਲ ਕੀਤਾ।
ਭੋਜਨ ਪ੍ਰਾਸੈਸਿੰਗ ਮਾਹਿਰਾਂ ਨੂੰ ਸਬਜ਼ੀਆਂ ਤੇ ਫ਼ਲਾਂ ਲਈ ਵਿਸ਼ੇਸ਼ ਪ੍ਰਾਜੈਕਟ ਮਿਲਿਆ
ਪੀਏਯੂ ਦੇ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਸਥਿਤ ਪ੍ਰਾਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮਾਹਿਰਾਂ ਡਾ. ਸੰਧਿਆ, ਡਾ. ਮਨਿੰਦਰ ਕੌਰ ਅਤੇ ਡਾ. ਗੁਰਵੀਰ ਕੌਰ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਵਿਸ਼ੇਸ਼ ਖੋਜ ਪ੍ਰਾਜੈਕਟ ਨਾਲ ਨਿਵਾਜ਼ਿਆ ਹੈ। ਇਹ ਪ੍ਰਾਜੈਕਟ ਫਲਾਂ ਅਤੇ ਸਬਜ਼ੀਆਂ ਵਿੱਚ ਮਾਈਕ੍ਰੋਬਾਈਲ ਸੁਰੱਖਿਆ ਅਤੇ ਗੁਣਵੱਤਾ ਵਧਾਉਣ ਲਈ ਪਲਾਜ਼ਮਾ ਪ੍ਰਣਾਲੀ ਵਿਕਸਿਤ ਕਰਨ ਲਈ ਕਾਰਜ ਕਰੇਗਾ। ਇਸ ਪ੍ਰਾਜੈਕਟ ਵਿੱਚ ਕੁੱਲ 39.5 ਲੱਖ ਰੁਪਏ ਦੀ ਇਮਦਾਦ ਖੋਜ ਲਈ ਹਾਸਲ ਹੋਵੇਗੀ।