For the best experience, open
https://m.punjabitribuneonline.com
on your mobile browser.
Advertisement

ਬਿਜਲੀ ਦੀਆਂ ਤਾਰਾਂ ਤੋਂ ਮੁਕਤ ਹੋਵੇਗਾ ‘ਸੋਹਣਾ ਸ਼ਹਿਰ’

08:33 AM Jul 19, 2024 IST
ਬਿਜਲੀ ਦੀਆਂ ਤਾਰਾਂ ਤੋਂ ਮੁਕਤ ਹੋਵੇਗਾ ‘ਸੋਹਣਾ ਸ਼ਹਿਰ’
ਚੰਡੀਗੜ੍ਹ ਦੇ ਸੈਕਟਰ-20 ਵਿੱਚ ਸਰਕਾਰੀ ਘਰਾਂ ਦੀਆਂ ਛੱਤਾਂ ’ਤੇ ਲਗਾਏ ਗਏ ਸੋਲਰ ਪਲਾਂਟ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 18 ਜੁਲਾਈ
ਯੂਟੀ ਪ੍ਰਸ਼ਾਸਨ ਵੱਲੋਂ ਸੋਹਣੇ ਸ਼ਹਿਰ ਚੰਡੀਗੜ੍ਹ ਨੂੰ ਸਾਲ-2030 ਤੱਕ ਦੇਸ਼ ਦੇ ਪਹਿਲੇ ਕਾਰਬਨ ਮੁਕਤ ਸ਼ਹਿਰ ਵਜੋਂ ਵਿਕਸਿਤ ਕਰਨ ਲਈ ਜ਼ੋਰ-ਸ਼ੋਰ ਨਾਲ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਵੱਲੋਂ ਸ਼ਹਿਰ ਦੀਆਂ ਇਮਾਰਤਾਂ ’ਤੇ ਸੋਲਰ ਪਲਾਂਟ ਲਗਾਏ ਜਾ ਰਹੇ ਹਨ। ਕਰੱਸਟ ਵੱਲੋਂ ਸਾਲ-2026 ਤੱਕ ਸ਼ਹਿਰ ਦੀਆਂ ਸਾਰੀ ਸਰਕਾਰੀ ਤੇ ਨਿੱਜੀ ਇਮਾਰਤਾਂ ’ਤੇ ਸੋਲਰ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਲੜੀ ਵਿੱਚ ਕਰੱਸਟ ਨੇ ਮੌਜੂਦਾ ਸਾਲ ਦੇ ਅਖੀਰ ਤੱਕ ਸ਼ਹਿਰ ਵਿੱਚ 75 ਮੈਗਾਵਾਟ ਪਾਵਰ ਦੇ ਸੋਲਰ ਪਲਾਂਟ ਲਗਾਉਣ ਦਾ ਟੀਚਾ ਮਿਥਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੱਸਟ ਵੱਲੋਂ ਜੂਨ 2024 ਤੱਕ ਸ਼ਹਿਰ ’ਚ ਇਮਾਰਤਾਂ ’ਤੇ 66 ਮੈਗਾਵਾਟ ਪਾਵਰ ਦੇ ਸੋਲਰ ਪਲਾਂਟ ਲਗਾ ਦਿੱਤੇ ਹਨ। ਇਸ ਵਿੱਚ 4815 ਸਰਕਾਰੀ ਤੇ ਨਿੱਜੀ ਇਮਾਰਤਾਂ ’ਤੇ ਸੋਲਰ ਪਲਾਂਟ ਲਗਾਏ ਗਏ ਹਨ। ਇਸ ਵਿੱਚ 952 ਸਰਕਾਰੀ ਤੇ 3863 ਨਿੱਜੀ ਇਮਾਰਤਾਂ ਸ਼ਾਮਲ ਹਨ। ਕਰੱਸਟ ਵੱਲੋਂ ਸ਼ਹਿਰ ਦੀਆਂ ਹੋਰਾਂ ਇਮਾਰਤਾਂ ’ਤੇ ਵੀ ਤੇਜ਼ੀ ਨਾਲ ਸੋਲਰ ਪਲਾਂਟ ਲਗਾਏ ਜਾ ਰਹੇ ਹਨ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਨੇ 2030 ਤੱਕ ਸ਼ਹਿਰ ਨੂੰ ਕਾਰਬਨ ਮੁਕਤ ਸ਼ਹਿਰ ਬਣਾਉਣ ਦਾ ਟੀਚਾ ਮਿਥਿਆ ਹੈ। ਇਸੇ ਕੜੀ ਵਿੱਚ ਸ਼ਹਿਰ ਵਿੱਚ ਸੋਲਰ ਪਲਾਂਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2047 ਤੱਕ ਸ਼ਹਿਰ ਨੂੰ 100 ਫ਼ੀਸਦੀ ਨਵਿਆਉਣਯੋਗ ਊਰਜਾ ’ਤੇ ਨਿਰਭਰ ਕਰ ਦਿੱਤਾ ਜਾਵੇਗਾ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਨੇ ਪਰਿਆਵਰਨ ਭਵਨ, ਬੁੜੈਲ ਜੇਲ੍ਹ ਕੰਪਲੈਕਸ ਅਤੇ ਸਾਰੇ ਸਰਕਾਰੀ ਸਕੂਲਾਂ ਵਿੱਚ ਸੋਲਰ ਪਲਾਂਟ ਰਾਹੀਂ ਊਰਜਾ ਦੀ ਸਪਲਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸੋਲਰ ਪਲਾਂਟ ਲਗਾਉਣ ਲਈ ਕੀਤੇ ਜਾ ਰਹੇ ਕਾਰਜ ਸਦਕਾ ਦਸੰਬਰ-2023 ਵਿੱਚ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੰਡੀਗੜ੍ਹ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਹੈ। ਚੰਡੀਗੜ੍ਹ ਵਿੱਚ 2.5 ਮੈਗਾਵਾਟ ਪਾਵਰ ਦਾ ਸਭ ਤੋਂ ਵੱਡਾ ਫਲੌਟਿੰਗ ਸੋਲਰ ਪਲਾਂਟ ਸੈਕਟਰ-39 ਵਿੱਚ ਸਥਿਤ ਵਾਟਰ ਵਰਕਸ ਵਿੱਚ ਲਗਾਇਆ ਗਿਆ ਹੈ। ਵਾਟਰ ਵਰਕਸ ਵਿੱਚ ਢੇਡ-ਢੇਡ ਮੈਗਾਵਾਟ ਪਾਵਰ ਦੇ ਦੋ ਹੋਰ ਸੋਲਰ ਪਲਾਂਟ ਲਗਾਏ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement