ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹਿਕਾਰੀ ਸਭਾ ਦੇ ਸਕੱਤਰ ਦੀ ਕੁੱਟਮਾਰ

08:35 AM Nov 25, 2024 IST
ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਕਰਨੈਲ ਸਿੰਘ ਦਾ ਹਾਲ-ਚਾਲ ਜਾਨਣ ਪੁੱਜੇ ਵੱਖ ਵੱਖ ਜਥੇਬੰਦੀਆਂ ਦੇ ਆਗੂ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 24 ਨਵੰਬਰ
ਸਥਾਨਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਹਿਕਾਰੀ ਸਭਾ ਭੂਦਨ ਦੇ ਸਕੱਤਰ ਕਰਨੈਲ ਸਿੰਘ ਨੇ ਪੁਲੀਸ ’ਤੇ ਕਥਿਤ ਤਸ਼ੱਦਦ ਦੇ ਦੋਸ਼ ਲਾਏ ਹਨ। ਉਸ ਨੇ ਦੱਸਿਆ ਕਿ ਥਾਣਾ ਸ਼ਹਿਰੀ-1 ਦੇ ਮੁਖੀ ਸੁਰਿੰਦਰ ਭੱਲਾ ਦੀ ਅਗਵਾਈ ਵਿੱਚ ਪੁਲੀਸ ਨੇ ਉਸ ਨੂੰ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਕਰੀਬ ਬਾਰਾਂ ਰਾਤ ਘਰੋਂ ਚੁੱਕਣ ਉਪਰੰਤ ਸੀਆਈਏ ਸਟਾਫ਼ ਮਾਹੋਰਾਣਾ ਲਿਜਾ ਕੇ ਤਸ਼ੱਦਦ ਕੀਤਾ। ਕਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਅਧਿਕਾਰੀ ਨੇ ਮਾਹੋਰਾਣਾ ਵਿੱਚ ਕਥਿਤ ਤੌਰ ’ਤੇ ਉਸ ਦੇ ਸਿਰ ਅਤੇ ਦਾੜ੍ਹੀ ਦੇ ਵਾਲਾਂ ਦੀ ਬੇਅਦਬੀ ਕੀਤੀ ਅਤੇ ਇਤਰਾਜ਼ਯੋਗ ਸ਼ਬਦਾਬਲੀ ਵਰਤਦਿਆਂ ਕੁੱਟਮਾਰ ਕੀਤੀ।
ਉਸ ਨੂੰ ਪਿੰਡ ਵਾਸ‌ੀਆਂ ਦੇ ਸੀਆਈਏ ਸਟਾਫ਼ ਮਾਹੋਰਾਣਾ ਪੁੱਜਣ ’ਤੇ ਪੁਲੀਸ ਨੇ ਸ਼ਨਿੱਚਰਵਾਰ ਨੂੰ ਛੱਡਿਆ, ਜਿਸ ਉਪਰੰਤ ਉਹ ਸਰਕਾਰੀ ਹਸਪਤਾਲ ਮਾਲੇਰਕੋਟਲਾ ਦਾਖ਼ਲ ਹੋਇਆ ਅਤੇ ਉਸ ਨੇ ਲੰਘੀ ਰਾਤ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਪੁੱਜ ਕੇ ਆਪਣਾ ਡਾਕਟਰੀ ਮੁਆਇਨਾ ਕਰਵਾਇਆ ਪਰ ਅਜੇ ਤੱਕ ਪੁਲੀਸ ਉਸ ਦਾ ਬਿਆਨ ਲੈਣ ਲਈ ਨਹੀਂ ਬਹੁੜੀ। ਕਰਨੈਲ ਸਿੰਘ ਭੂਦਨ ਨੇ ਦੱਸਿਆ ਕਿ ਪੁਲੀਸ ਉਸ ਦੇ ਘਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਤੋੜਨ ਉਪਰੰਤ ਕੰਧ ਟੱਪ ਕੇ ਉਸ ਦੇ ਘਰ ’ਚ ਦਾਖ਼ਲ ਹੋਈ ਤੇ ਸਾਮਾਨ ਦੀ ਭੰਨ-ਤੋੜ ਕੀਤੀ। ਉਸ ਨੇ ਦੱਸਿਆ ਕਿ ਪੁਲੀਸ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਾਰ ਮੋਬਾਈਲ ਫੋਨ, ਦੋ ਕੈਮਰੇ, ਸੋਨੇ ਦਾ ਕੜਾ ਅਤੇ ਡੀਵੀਆਰ ਵੀ ਨਾਲ ਲੈ ਗਈ। ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਉਸ ਨਾਲ ਪਿਛਲੇ ਦਿਨੀਂ ਸਹਿਕਾਰੀ ਬੈਂਕ ਮਾਲੇਰਕੋਟਲਾ ਅੱਗੇ ਕਿਸਾਨਾਂ ਲਈ ਡੀਜ਼ਲ ਕਰਜ਼ਾ ਹੱਦ ਵਧਾਉਣ ਲਈ ਲਾਏ ਗਏ ਧਰਨੇ ਅਤੇ ਰੇਲਵੇ ਸਟੇਸ਼ਨ ’ਤੇ ਡੀਏਪੀ ਖਾਦ ਲਈ ਸੰਘਰਸ਼ ਵਿੱਚ ਉਸ ਦੀ ਅਗਵਾਈ ਅਤੇ ਸ਼ਮੂਲੀਅਤ ਤੋਂ ਖ਼ਫ਼ਾ ਸੀ।
ਦੂਜੇ ਪਾਸੇ ਥਾਣਾ ਸ਼ਹਿਰੀ-1 ਦੇ ਮੁਖੀ ਸੁਰਿੰਦਰ ਭੱਲਾ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਦਾ ਕਰਨੈਲ ਸਿੰਘ ਦੀ ਕੁੱਟਮਾਰ ਦੇ ਮਾਮਲੇ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਕਰਨੈਲ ਸਿੰਘ ਦਾ ਪਿੰਡ ਭੂਦਨ ਥਾਣਾ ਸ਼ਹਿਰੀ-1 ਦੀ ਹੱਦ ਅਧੀਨ ਪੈਂਦਾ ਹੈ।
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਅਤੇ ਕਰਨੈਲ ਸਿੰਘ ਦੇ ਪਿਤਾ ਮਾਸਟਰ ਮੱਘਰ ਸਿੰਘ ਨੇ ਮੰਗ ਕੀਤੀ ਕਿ ਉਸ ਦੇ ਪੁੱਤਰ ਕਰਨੈਲ ਸਿੰਘ ’ਤੇ ਅੰਨ੍ਹਾ ਤਸ਼ੱਦਦ ਢਾਹੁਣ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਰਨੈਲ ਸਿੰਘ ਦੀ ਮਿਜ਼ਾਜਪੁਰਸ਼ੀ ਲਈ ਹਸਪਤਾਲ ਪੁੱਜੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਗਗਨਅਜੀਤ ਸਿੰਘ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਪੁਲੀਸ ਅਧਿਕਾਰੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਹਸਪਤਾਲ ਪੁੱਜੇ ਦਿ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾਈ ਖ਼ਜ਼ਾਨਚੀ ਯਾਦਵਿੰਦਰ ਸਿੰਘ ਬਿੱਟੂ, ਡਵੀਜ਼ਨ ਪ੍ਰਧਾਨ ਗੁਰਚੇਤ ਸਿੰਘ , ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜਨਰਲ ਸਕੱਤਰ ਕੇਵਲ ਸਿੰਘ ਭੜੀ, ਕਿਰਤੀ ਕਿਸਾਨ ਯੂਨ‌ੀਅਨ ਦੇ ਬਲਾਕ ਆਗੂ ਸ਼ਮਸ਼ੇਰ ਸਿੰਘ ਆਦਮਪਾਲ ਅਤੇ ਭਰਪੂਰ ਸਿੰਘ ਫ਼ੈਜ਼ਗੜ੍ਹ ਨੇ ਮਾਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਕਰਨੈਲ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਸੋਮਵਾਰ ਨੂੰ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੁਲਾਕਾਤ ਕਰਨਗੇ ਅਤੇ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।

Advertisement

ਐੱਸਐੱਸਪੀ ਨੂੰ ਮਿਲੇਗਾ ਕਿਸਾਨ ਜਥੇਬੰਦੀਆਂ ਦਾ ਵਫ਼ਦ

ਧੂਰੀ (ਬੀਰਬਲ ਰਿਸ਼ੀ): ਕਿਰਤੀ ਕਿਸਾਨ ਯੂਨੀਅਨ ਨੇ ਸਹਿਕਾਰੀ ਸਭਾ ਭੂਦਨ ਦੇ ਸਕੱਤਰ ਨੂੰ ਘਰੋਂ ਚੁੱਕ ਕੇ ਕਥਿਤ ਤਸ਼ੱਦਦ ਕਰਨ ਵਾਲੇ ਪੁਲੀਸ ਟੀਮ ਦੀ ਤੁਰੰਤ ਮੁਅੱਤਲ ਕਰਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਹਥਨ ਅਤੇ ਬਲਾਕ ਪ੍ਰਧਾਨ ਮਾਨ ਸਿੰਘ ਸੱਦੋਵਾਲ ਨੇ ਦੱਸਿਆ ਕਿ 25 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦਾ ਸਾਂਝਾ ਵਫ਼ਦ ਮਾਲੇਰਕੋਟਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੁਲਾਕਾਤ ਕਰਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਵੇਗਾ। ਕੇਕੇਯੂ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦਾਅਵਾ ਕੀਤੇ ਕਿ ਪਿਛਲੇ ਦਿਨੀ ਮਾਲੇਕੋਟਲਾ ਵਿੱਚ ਡੀਏਪੀ ਦੀ ਘਾਟ ਅਤੇ ਕੋਆਪਰੇਟਿਵ ਵੱਲੋਂ ਕਿਸਾਨਾਂ ਨੂੰ ਡੀਜ਼ਲ ਤੇਲ ’ਤੇ ਹੱਦ ਕਰਜ਼ਾ ਘਟਾਉਣ ਸਬੰਧੀ ਹੋਏ ਸੰਘਰਸ਼ਾਂ ਦੀ ਕਥਿਤ ਰੰਜ਼ਿਸ ਕਾਰਨ ਸੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮੁਖੀ ਨੂੰ ਮਿਲਣ ਮਗਰੋਂ ਉਨ੍ਹਾਂ ਦੇ ਹੁੰਗਾਰੇ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਅਗਲੀ ਵਿਉਂਤਬੰਦੀ ਨੂੰ ਅੰਤਿਮ ਛੋਹਾਂ ਦੇਣਗੀਆਂ।

Advertisement
Advertisement