ਝੋਨੇ ਦੀ ਲਿਫਟਿੰਗ ਨਾ ਹੋਣ ’ਤੇ ਰਾਏਧਰਾਣਾ ’ਚ ਸੜਕ ਜਾਮ
ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਨਵੰਬਰ
ਲਹਿਰਾਗਾਗਾ-ਪਾਤੜਾਂ ਮੁੱਖ ਸੜਕ ’ਤੇ ਪਿੰਡ ਰਾਏਧਰਾਣਾ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਚੁਕਾਈ ਨਾ ਹੋਣ ’ਤੇ ਅੱਕੇ ਕਿਸਾਨਾਂ ਨੇ ਅੱਜ ਮੰਡੀ ਅੱਗੇ ਸੜਕ ਜਾਮ ਕਰ ਦਿੱਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਰੱਜ ਕੇ ਬੇਕਦਰੀ ਕੀਤੀ ਜਾ ਰਹੀ ਹੈ।
ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਮਹੀਨਿਆ ਤੋਂ ਮੰਡੀਆਂ ਵਿੱਚ ਰੁਲ ਰਹੀ ਹੈ। ਕਿਸਾਨਾਂ ਨੂੰ ਨਮੀ ਚੈੱਕ ਕਰਨ ਦੇ ਬਹਾਨੇ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਣਦਾ ਰੋਲ ਨਹੀਂ ਨਿਭਾਇਆ ਜਾ ਰਿਹਾ ਹੈ, ਜਿਸ ਤੋਂ ਅੱਕ ਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਅੱਜ ਸੜਕ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਡਾ. ਸ਼ੀਸ਼ਪਾਲ ਨੇ ਦੱਸਿਆ ਕਿ ਇਹ ਮਾਰਕੀਟ ਕਮੇਟੀ ਦਿੜ੍ਹਬਾ ਤੇ ਟਰੱਕ ਯੂਨੀਅਨ ਪਾਤੜਾਂ ਵਿੱਚ ਅਤੇ ਵਿਧਾਨ ਸਭਾ ਲਹਿਰਾਗਾਗਾ ਪੈਣ ਕਰਕੇ ਮੁਸ਼ਕਿਲ ਆ ਰਹੀ ਹੈ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਰਾਏਧਰਾਣਾ ਅਨਾਜ ਮੰਡੀ ਦਾ ਮਾਮਲਾ ਨਿਬੇੜਣ ਦੀ ਹਦਾਇਤ ਕਰਨਗੇ ਤਾਂ ਜੋ ਕਿਸਾਨਾਂ, ਆੜ੍ਹਤੀਆਂ, ਟਰੱਕ ਯੂਨੀਅਨ ਦੇ ਵਰਕਰਾਂ ਨੂੰ ਔਖ ਨਾ ਆਵੇ।
ਇਸ ਮੌਕੇ ਸਤਿਗੁਰ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿਕਰ ਸਿੰਘ ਹਥੌਆ ਨੇ ਵੀ ਸੰਬੋਧਨ ਕੀਤਾ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚੇ ਸਨ ਪਰ ਸੜਕ ਜਾਮ ਹੋਣ ਕਾਰਨ ਆਵਾਜਾਈ ਬਦਲਵੇਂ ਰਸਤੇ ’ਤੇ ਲੰਘਾਈ ਜਾ ਰਹੀ ਸੀ।