For the best experience, open
https://m.punjabitribuneonline.com
on your mobile browser.
Advertisement

ਪੁਆਧ ਖੇਤਰ ਦੀਆਂ ਰਣ-ਭੂਮੀਆਂ

08:01 AM Nov 08, 2023 IST
ਪੁਆਧ ਖੇਤਰ ਦੀਆਂ ਰਣ ਭੂਮੀਆਂ
ਚੱਪੜਚਿੜੀ ਸਥਤਿ ਫ਼ਤਹਿ ਮੀਨਾਰ।
Advertisement

ਬਹਾਦਰ ਸਿੰਘ ਗੋਸਲ

Advertisement

ਸਿੱਖ ਗੁਰੂ ਸਾਹਿਬਾਨ ਅਤੇ ਬਾਅਦ ਵਿੱਚ ਸਿੰਘਾਂ ਨੂੰ ਆਪਣੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਅਨੇਕਾਂ ਜੰਗਾਂ ਲੜਨੀਆਂ ਪਈਆਂ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈ. ਨੂੰ ਖਾਲਸਾ ਫ਼ੌਜ ਦੀ ਸਥਾਪਨਾ ਤੋਂ ਬਾਅਦ ਇਹ ਜੰਗਾਂ ਹੋਰ ਵੀ ਫੈਸਲਾਕੁਨ ਹੁੰਦੀਆਂ ਗਈਆਂ। ਇਨ੍ਹਾਂ ’ਚੋਂ ਹੇਠ ਲਿਖੀਆਂ ਥਾਵਾਂ ਪੰਜਾਬ ਦੇ ਪੁਆਧੀ ਖੇਤਰ ਨਾਲ ਸਬੰਧਤ ਹਨ:
• ਸ੍ਰੀ ਆਨੰਦਪੁਰ ਸਾਹਿਬ: ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਧਰਮ ਯੁੱਧ ਲੜਨੇ ਪਏ ਕਿਉਂਕਿ ਇਹ ਪਵਿੱਤਰ ਧਰਤੀ ਪਹਾੜੀ ਰਾਜਾਂ ਦੇ ਨਾਲ ਲੱਗਦੀ ਸੀ ਅਤੇ ਕਹਿਲੂਰ, ਜਸਵਾਲ, ਸਰਮੌਰ ਜਿਹੇ ਕਈ ਰਾਜਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੀ ਚੜ੍ਹਤ ਨਹੀਂ ਸੀ ਭਾਉਂਦੀ। ਉਹ ਆਨੇ-ਬਹਾਨੇ ਕੋਈ ਨਾ ਕੋਈ ਮੁਗਲ ਸਰਕਾਰਾਂ ਤੋਂ ਮਦਦ ਲੈ ਕੇ ਆਨੰਦਪੁਰ ਸਾਹਿਬ ’ਤੇ ਹਮਲੇ ਕਰਦੇ ਰਹੇ। ਇਸ ਨਾਲ ਸਿੰਘ ਸੂਰਮਿਆਂ ਨੂੰ ਆਨੰਦਪੁਰ ਸਾਹਿਬ ਦੀ ਰਣ ਭੂਮੀ ਵਿੱਚ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਰਿਹਾ। ਕੁੱਲ ਮਿਲਾ ਕੇ ਇਸ ਰਣ-ਭੂਮੀ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੀਆਂ ਫੌਜਾਂ ਨੂੰ ਪੰਜ ਧਰਮ ਯੁੱਧ ਲੜਨੇ ਪਏੇ। ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਸੰਨ 1701 ਵਿੱਚ ਲੜੀ ਗਈ। ਸਿੰਘ ਸੂਰਬੀਰ ਮੁਗਲਾਂ ਅਤੇ ਪਹਾੜੀ ਹਿੰਦੂ ਰਾਜਿਆਂ ਦੀ ਸਾਂਝੀ ਫੌਜ ਅੱਗੇ ਜਾ ਟੱਕਰੇ ਅਤੇ ਬੜੇ ਘਮਸਾਨ ਦਾ ਯੁੱਧ ਹੋਇਆ. ਜਿਸ ਵਿੱਚ ਗੁਰੂ ਫੌਜਾਂ ਦੀ ਫ਼ਤਹਿ ਹੋਈ। ਦੂਜੀ ਲੜਾਈ ਨਵੰਬਰ 1701 ਈ: ਵਿੱਚ ਉਦੋਂ ਲੜੀ ਗਈ ਜਦੋਂ ਪਹਾੜੀ ਹਿੰਦੂ ਰਾਜੇ ਫਿਰ ਇਕੱਠੇ ਹੋਏ ਅਤੇ ਆਨੰਦਪੁਰ ਸਾਹਿਬ ’ਤੇ ਚੜ੍ਹ ਕੇ ਆਏ। ਇਸ ਜੰਗ ’ਚ ਭਾਈ ਉਦੈ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਤਲਵਾਰ ਨਾਲ ਸਿਰ ਵੱਢਿਆ ਸੀ ਤੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ। ਮੈਦਾਨ ਸਿੰਘਾਂ ਦੇ ਹੱਥ ਆਇਆ ਤੇ ਖਾਲਸੇ ਦੀ ਜਿੱਤ ਹੋਈ।
ਤੀਜੀ ਲੜਾਈ ਵੀ ਆਨੰਦਪੁਰ ਸਾਹਿਬ ਦੀ ਰਣ-ਭੂਮੀ ਵਿੱਚ ਹੀ ਸੰਨ 1703 ਈ: ਵਿੱਚ ਲੜੀ ਗਈ। ਇਸ ਲੜਾਈ ਵਿੱਚ ਇੱਕ ਪਾਸੇ ਉੱਚ ਜਾਤੀ ਦੇ ਲੋਕ ਸਨ ਤੇ ਗੁਰੂ ਜੀ ਦੀ ਫ਼ੌਜ ਵਿੱਚ ਨੀਵੀਆਂ ਜਾਤੀਆਂ ਕਹੇ ਜਾਣ ਵਾਲੇ ਲੋਕ ਸ਼ਾਮਲ ਸਨ। ਗੁਰੂ ਜੀ ਦੀ ਇਸ ਲੜਾਈ ਵਿੱਚ ਵੀ ਜਿੱਤ ਹੋਈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੀ ਚੌਥੀ ਲੜਾਈ ਵੀ ਬੜੀ ਅਹਿਮ ਰਹੀ ਹੈ। ਇਸ ਲੜਾਈ ਵਿੱਚ ਦਿੱਲੀ ਤੋਂ ਜਰਨੈਲ ਸੈਦ ਖਾਂ ਸਵਾ ਲੱਖ ਦੀ ਵੱਡੀ ਫੌਜ ਲੈ ਕੇ ਸਢੌਰੇ ਵਿੱਚ ਪੀਰ ਬੁੱਧੂ ਸ਼ਾਹ ਦੇ ਸਮਝਾਉਣ ਦੇ ਬਾਵਜੂਦ ਆਨੰਦਪੁਰ ਸਾਹਿਬ ਪਹੁੰਚ ਗਿਆ। ਇਸ ਲੜਾਈ ਵਿੱਚ ਗੁਰੂ ਜੀ ਆਪ ਵੀ ਸ਼ਸਤਰ ਪਹਿਨ ਕੇ ਇੱਕ ਉਚੇ ਟਿੱਬੇ ’ਤੇ ਬੈਠ ਗਏ। ਅਖੀਰ ਜਿੱਤ ਸਿੱਖ ਫੌਜਾਂ ਦੀ ਹੋਈ। ਜਦੋਂ ਫਿਰ ਮੁਗਲਾਂ ਅਤੇ ਪਹਾੜੀ ਹਿੰਦੂ ਰਾਜਿਆਂ ਦੀ ਸਾਂਝੀ ਫੌਜ ਨੇ ਚੜ੍ਹਦੇ ਅਤੇ ਲਹਿੰਦੇ ਦੋਹਾਂ ਪਾਸਿਆਂ ਤੋਂ 20 ਮਈ ਸੰਨ 1704 ਈ. ਨੂੰ ਆਨੰਦਪੁਰ ਸਾਹਿਬ ’ਤੇ ਹੱਲਾ ਬੋਲ ਦਿੱਤਾ ਤਾਂ ਇਸੇ ਰਣ-ਭੂਮੀ ਵਿੱਚ ਪੰਜਵੀਂ ਲੜਾਈ ਲੜੀ ਗਈ। ਇਸ ਲੜਾਈ ਵਿੱਚ ਮੁਗਲ ਫੌਜਾਂ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਈਆਂ। ਗੁਰੂ ਜੀ ਦੀਆਂ ਫੌਜਾਂ ਕੋਲ ਰਾਸ਼ਨ, ਅੰਨ-ਪਾਣੀ ਅਤੇ ਘੋੜਿਆਂ ਲਈ ਦਾਣੇ ਆਦਿ ਦੀ ਤੰਗੀ ਆ ਗਈ। ਛੇ-ਸੱਤ ਮਹੀਨੇ ਸਿੰਘ ਸਿਰ-ਧੜ ਦੀ ਬਾਜੀ ਲਗਾ ਕੇ ਲੜ ਰਹੇ ਸਨ। ਪਹਾੜੀ ਰਾਜਿਆਂ ਦੀ ਸਹੁੰਆਂ, ਬਾਦਸ਼ਾਹ ਵੱਲੋਂ ਕੁਰਾਨ ਦੀ ਕਸਮ ਅਤੇ ਸਿੰਘਾਂ ਦੀਆਂ ਔਕੜਾਂ ਨੂੰ ਦੇਖਦੇ ਹੋਏ ਗੁਰੂ ਜੀ ਨੇ 6 ਅਤੇ 7 ਪੋਹ ਦੀ ਵਿਚਕਾਰਲੀ ਰਾਤ ਸੰਮਤ 1761 ਨੂੰ ਆਨੰਦਪੁਰ ਸਾਹਿਬ ਖਾਲੀ ਕਰ ਦਿੱਤਾ। ਇਸ ਤਰ੍ਹਾਂ ਆਨੰਦਪੁਰ ਸਾਹਿਬ ਵੀ ਪੰਜਵੀਂ ਲੜਾਈ ਦਾ ਅੰਤ ਹੋ ਗਿਆ।
• ਨਿਰਮੋਹਗੜ੍ਹ ਦਾ ਮੈਦਾਨ-ਏ-ਜੰਗ: ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਨਿਰਮੋਹ ਦੀ ਇਸ ਰਣ ਭੂਮੀ ਵਿੱਚ ਇਹ ਲੜਾਈ 1701 ਈ: ਵਿੱਚ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਤੋਂ ਬਾਅਦ ਲੜੀ ਗਈ ਸੀ। ਗੁਰੂ ਜੀ ਨੇ ਇਸ ਜੰਗ ਵਿੱਚ ਪਿੰਡ ਨਿਰਮੋਹ ਦੇ ਨੇੜੇ ਇੱਕ ਉੱਚੀ ਟਿੱਬੀ ’ਤੇ ਡੇਰਾ ਕਰ ਲਿਆ ਪਰ ਪਹਾੜੀ ਰਾਜਿਆਂ ਨੇ ਇਨਾਮ ਦਾ ਲਾਲਚ ਦੇ ਕੇ ਦੋ ਤੋਪਚੀਆਂ ਨੂੰ ਗੋਲੇ ਸੁੱਟਣ ਲਈ ਕਿਹਾ। ਇਕ ਤੋਪਚੀ ਦੇ ਨਿਸ਼ਾਨੇ ਨਾਲ ਗੁਰੂ ਜੀ ਦਾ ਚੌਰ-ਬਰਦਾਰ ਸਿੰਘ ਸ਼ਹੀਦ ਹੋ ਗਿਆ ਪਰ ਗੁਰੂ ਜੀ ਬਚ ਗਏ ਅਤੇ ਉਨ੍ਹਾਂ ਨੇ ਤੁਰੰਤ ਦੋਹਾਂ ਤੋਪਚੀਆਂ ਨੂੰ ਤੀਰ ਮਾਰ ਕੇ ਮਾਰ ਦਿੱਤਾ। ਗੁਰੂ ਜੀ ਸਿੰਘਾਂ ਸਮੇਤ ਸਤਲੁਜ ਪਾਰ ਕਰਕੇ ਬਸਾਲੀ ਦੇ ਰਾਜਾ ਸਲਾਹੀ ਚੰਦ ਦੀ ਇੱਛਾ ਪੂੁਰੀ ਕਰਨ ਲਈ ਉਸ ਦੀ ਰਿਆਸਤ ਵਿੱਚ ਪਹੁੰਚ ਗਏ। ਮੁਗਲ ਅਤੇ ਪਹਾੜੀ ਰਾਜੇ ਆਪਣੇ ਟਿਕਾਣਿਆਂ ਵੱਲ ਚਲੇ ਗਏ।
• ਸਰਸਾ ਨਦੀ ਦਾ ਕੰਢਾ: ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਸੰਮਤ 1761 ਦੇ 6-7 ਪੋਹ ਦੀ ਵਿਚਕਾਰਲੀ ਰਾਤ ਆਨੰਦਪੁਰ ਸਾਹਿਬ ਛੱਡ ਕੇ ਉਥੋਂ 10-11 ਮੀਲ ਦੂਰ ਸਰਸਾ ਨਦੀ ਦੇ ਕੰਢੇ ਪਹੁੰਚ ਗਏ ਤਾਂ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਪਿਛੋਂ ਅਜਮੇਰ ਚੰਦ ਅਤੇ ਸਰਹਿੰਦ ਦੇ ਹਾਕਮ ਵਜ਼ੀਰ ਖਾਂ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ’ਤੇ ਭਿਆਨਕ ਯੁੱਧ ਹੋਇਆ। ਇਸ ਯੁੱਧ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਮਦਨ ਸਿੰਘ ਅਤੇ ਭਾਈ ਉਦੈ ਸਿੰਘ ਨੇ ਮੁਗਲ ਸੈਨਾ ਨੂੰ ਰੋਕਣ ਵਿੱਚ ਅਥਾਹ ਜੋਸ਼ ਦਿਖਾਇਆ। ਇਸ ਲੜਾਈ ਵਿੱਚ ਭਾਈ ਊਦੇ ਸਿੰਘ ਸ਼ਹੀਦ ਹੋ ਗਏ। ਹਫ਼ੜਾ-ਦਫ਼ੜੀ ਵਿੱਚ ਗੁਰੂ ਪਰਿਵਾਰ ਵੀ ਸਾਰੇ ਸਿੰਘਾਂ ਨਾਲ ਸਰਸਾ ਪਾਰ ਕਰ ਕੇ ਰੋਪੜ ਵੱਲ ਚਲਾ ਗਿਆ।
• ਪਿੰਡ ਮਲਕਪੁਰ ਦਾ ਮੈਦਾਨ: ਸਰਸਾ ਨਦੀ ਪਾਰ ਕਰਨ ਮਗਰੋਂ ਜਿਹੜੇ ਸਿੰਘ ਬਚ ਗਏ ਸਨ ਉਹ ਸਭ ਰੋਪੜ ਵੱਲ ਚਲ ਪਏ ਸਨ। ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਦੇ ਜਥੇ ਨੂੰ ਦੁਸ਼ਮਣ ਫੌਜਾਂ ਦਾ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਪਰ ਪਿੰਡ ਮਲਕਪੁਰ ਦੇ ਰੰਗੜਾਂ ਤੇ ਗੁਜਰਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਇੱਥੇ ਗਹਿ-ਗੱਚ ਲੜਾਈ ਹੋਈ। ਭਾਈ ਬਚਿੱਤਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ’ਚ ਬਾਬਾ ਅਜੀਤ ਸਿੰਘ ਅਤੇ ਭਾਈ ਮਦਨ ਸਿੰਘ ਦੇ ਜਥੇ ਨੇ ਉਥੋਂ 6 ਕਿਲੋਮੀਟਰ ਦੂਰ ਕੋਟਲਾ ਨਿਹੰਗ ਪਹੁੰਚਾਇਆ ਜਿੱਥੇ ਬਾਅਦ ਵਿੱਚ ਉਹ ਸ਼ਹੀਦੀ ਪ੍ਰਾਪਤ ਕਰ ਗਏ।
• ਸ੍ਰੀ ਚਮਕੌਰ ਸਾਹਿਬ ਦਾ ਮੈਦਾਨ-ਏ-ਜੰਗ: ਸਿੱਖ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਵਿੱਚ ਦੋ ਵਾਰ ਯੁੱਧ ਲੜਿਆ। ਪ੍ਰੋ. ਸਾਹਿਬ ਸਿੰਘ ਅਨੁਸਾਰ ਸੰਨ 1703 ਈ: ਦੇ ਜਨਵਰੀ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਸੂਰਜ ਗ੍ਰਹਿਣ ਦੇ ਮੇਲੇ ’ਤੇ ਕੁਰੂਕਸ਼ੇਤਰ ਗਏ ਅਤੇ ਵਾਪਸੀ ਸਮੇਂ ਰੋਪੜ ਤੋਂ ਪੰਦਰਾਂ ਕੁ ਮੀਲ ਦੀ ਦੂਰੀ ’ਤੇ ਚਮਕੌਰ ਸਾਹਿਬ ਪਹੁੰਚ ਗਏ ਜਿੱਥੇ ਫੌਜਦਾਰ ਅਲਫ਼ ਖਾਂ ਅਤੇ ਸੈਦ ਬੈਗ ਨੇ ਮੌਕਾ ਦੇਖ ਕੇ ਸਿੰਘਾਂ ’ਤੇ ਹਮਲਾ ਕਰ ਦਿੱਤਾ ਪਰ ਸੈਦ ਬੈਗ ਵੱਲੋਂ ਪਾਸਾ ਪਲਟਨ ਕਰਕੇ ਅਲਫ਼ ਖਾਂ ਬਹੁਤੀ ਦੇਰ ਲੜ ਨਾ ਸਕਿਆ ਅਤੇ ਆਪਣੀ ਫੌਜ ਲੈ ਕੇ ਦਿੱਲੀ ਵੱਲ ਚਲਾ ਗਿਆ। ਗੁਰੂ ਜੀ ਸਿੰਘਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਆ ਗਏ। ਇਸ ਯੁੱਧ ਨੂੰ ਚਮਕੌਰ ਦਾ ਪਹਿਲਾ ਯੁੱਧ ਵੀ ਕਿਹਾ ਜਾਂਦਾ ਹੈ।
ਫਿਰ ਸਰਸਾ ਕੰਢੇ ਯੁੱਧ ਤੋਂ ਬਾਅਦ ਗੁਰੂ ਜੀ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚ ਗਏ ਅਤੇ ਇੱਕ ਕੱਚੀ ਗੜ੍ਹੀ ਵਿੱਚ ਡੇਰਾ ਕਰ ਲਿਆ। ਜਦੋਂ ਅੱਠ ਪੋਹ ਸੰਮਤ 1761 ਦਾ ਦਿਨ ਚੜ੍ਹਿਆ ਤਾਂ ਲਗਪਗ ਦਸ ਲੱਖ ਮੁਗਲ ਸੈਨਾ ਟਿੱਡੀ ਦਲ ਵਾਂਗ ਗੜ੍ਹੀ ਨੂੰ ਚੁਫੇਰਿਓਂ ਘੇਰ ਕੇ ਮਾਰੋ-ਮਾਰ ਬੰਦੂਕਾਂ ਅਤੇ ਸ਼ਸਤਰ ਚਲਾਉਣ ਲੱਗੀ। ਗੁਰੂ ਜੀ ਨੇ ਆਪਣੀ ਯੁੱਧ ਨੀਤੀ ਅਨੁਸਾਰ ਅੱਠ-ਅੱਠ ਸਿੰਘਾਂ ਨੂੰ ਤੀਰਾਂ, ਬੰਦੂਕਾਂ ਅਤੇ ਸ਼ਸਤਰਾਂ ਨਾਲ ਲੈਸ ਕਰ ਗੜ੍ਹੀ ਦੇ ਚਾਰ ਕੋਨਿਆਂ ’ਤੇ ਤਾਇਨਾਤ ਕਰ ਦਿੱਤਾ। ਸਿੰਘਾਂ ਕੋਲ ਹਥਿਆਰ ਅਤੇ ਗੋਲੀ-ਸਿੱਕਾ ਬਹੁਤਾ ਨਹੀਂ ਸੀ ਅਤੇ ਦਸ ਲੱਖ ਫੌਜ ਦਾ ਮੁਕਾਬਲਾ ਕਰਨਾ ਵੀ ਕੋਈ ਸੌਖਾ ਨਹੀਂ ਸੀ। ਆਖਰ ਮੁਗਲਾਂ ਨੇ ਇਕੱਠੇ ਹੋ ਕੇ ਦਰਵਾਜ਼ੇ ਵਾਲੇ ਪਾਸਿਓਂ ਹਮਲਾ ਕਰਨ ਦੀ ਠਾਣੀ ਤਾਂ ਗੁਰੂ ਜੀ ਨੇ ਵੀ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਰਣਖੇਤਰ ਵਿੱਚ ਜੂਝਣ ਦਾ ਫੈਸਲਾ ਕੀਤਾ। ਇਸ ਯੁੱਧ ਵਿੱਚ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ। ਸਿੰਘਾਂ ਦੇ ਹੁਕਮ ਦੇਣ ’ਤੇ ਗੁਰੂ ਜੀ ਸ੍ਰੀ ਚਮਕੌਰ ਸਾਹਿਬ ਛੱਡ ਕੇ ਰਾਤ ਨੂੰ ਮਾਛੀਵਾੜੇ ਵੱਲ ਨਿਕਲ ਗਏ। ਇਸ ਲੜਾਈ ਵਿੱਚ ਗੁਰੂ ਜੀ ਦੇ 40 ਸਿੰਘ ਵੀ ਸ਼ਹੀਦ ਹੋਏ।
• ਪਿੰਡ ਖ਼ਿਦਰਾਬਾਦ ਦੀ ਰਣ ਭੂਮੀ: ਜਦੋਂ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚ ਖਾਲਸੇ ਦੀ ਫਤਹਿ ਹੋ ਗਈ ਤਾਂ ਮੁਗਲ ਫੌਜਾਂ ਅਤੇ ਪਹਾੜੀਏ ਹਿੰਦੂ ਮੈਦਾਨ ਛੱਡ ਕੇ ਭੱਜ ਗਏ। ਉਨ੍ਹਾਂ ਦੇ ਪੈਰ ਚੰਗੀ ਤਰ੍ਹਾਂ ਉੱਖੜ ਗਏ ਸਨ ਪਰ ਸਿੰਘਾਂ ਦੇ ਮਨਾਂ ਵਿੱਚ ਅਥਾਹ ਜੋਸ਼ ਸੀ ਅਤੇ ਉਹ ਉਨ੍ਹਾਂ ਦਾ ਪਿੱਛਾ ਕਰਦੇ ਜ਼ਿਲ੍ਹਾ ਅੰਬਾਲਾ, ਤਹਿਸੀਲ ਖਰੜ ਦੇ ਪਿੰਡ ਖ਼ਿਦਰਾਬਾਦ ਪਹੁੰਚ ਗਏ। ਇਸ ਥਾਂ ’ਤੇ ਸਿੰਘਾਂ ਨੇ ਬਚੇ ਹੋਏ ਮੁਗਲਾਂ ਨਾਲ ਫਿਰ ਯੁੱਧ ਕੀਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਪਛਾੜਿਆ। ਇਸ ਤਰ੍ਹਾਂ ਇਸ ਸਥਾਨ ’ਤੇ ਸੰਨ 1701 ਈ. ਵਿੱਚ ਜੰਗ ਲੜੀ ਗਈ।
• ਚੱਪੜਚਿੜੀ ਦੀ ਰਣ-ਭੂਮੀ: ਖਰੜ-ਬਨੂੜ ਸੜਕ ’ਤੇ ਪੈਂਦੇ ਖਰੜ ਤੋਂ ਚਾਰ ਕੁ ਮੀਲ ਦੂਰ ਚੱਪੜਚਿੜੀ ਦਾ ਮੈਦਾਨ-ਏ-ਜੰਗ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ ਕਿਉਂਕਿ ਇਸ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨਾਲ ਇੱਕ ਫੈਸਲਾਕੁਨ ਲੜਾਈ ਲੜੀ ਸੀ। ਸਿੱਖ ਇਤਿਹਾਸ ਅਨੁਸਾਰ ਸੰਢੋਰੇ ’ਤੇ ਫ਼ਤਹਿ ਪਾਉਣ ਤੋਂ ਬਾਅਦ ਸਿੰਘਾਂ ਦਾ ਮੁੱਖ ਨਿਸ਼ਾਨਾ ਸਰਹਿੰਦ ਹੀ ਸੀ। ਉਧਰ ਜਦੋਂ ਬਨੂੜ ਨੂੰ ਫਤਹਿ ਕਰ ਕੇ ਸਿੰਘ ਅੱਗੇ ਵਧੇ ਤਾਂ ਦੂਜੇ ਪਾਸਿਓਂ ਰੋਪੜ ਕੋਲ ਹੋਈ ਲੜਾਈ ਵਿੱਚ ਸਤਲੁਜ ਪਾਰੋਂ ਆਏ ਸਿੰਘ ਵੀ ਫ਼ਤਹਿ ਪਾ ਕੇ ਬਾਬਾ ਜੀ ਨੂੰ ਮਿਲਣ ਲਈ ਅੱਗੇ ਵਧੇ। ਉਨ੍ਹਾਂ ਦਾ ਮਿਲਣ ਅੰਬਾਲੇ ਤੋਂ ਰੋਪੜ ਨੂੰ ਜਾ ਰਹੀ ਸੜਕ ’ਤੇ ਬਨੂੜ ਅਤੇ ਖਰੜ ਵਿਚਕਾਰ ਹੋਇਆ। ਬਾਬਾ ਜੀ ਆਪਣੀ ਸ਼ਕਤੀ ਵਿੱਚ ਵਾਧਾ ਦੇਖ ਕੇ ਬਹੁਤ ਖੁਸ਼ ਹੋਏ ਅਤੇ ਸਰਹਿੰਦ ’ਤੇ ਹਮਲਾ ਕਰਨ ਲਈ ਚੱਲ ਪਏ। ਉਧਰ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਵੀ ਤੋਪਾਂ, ਹਾਥੀਆਂ ਅਤੇ ਬੰਦੂਕ ਧਾਰੀਆਂ ਦੀ 15000 ਫੌਜ ਲੈ ਕੇ ਚੱਪੜਚਿੜੀ ਦੇ ਮੈਦਾਨ ਪਹੁੰਚ ਗਿਆ। ਬਾਬਾ ਜੀ ਨੇ ਸਿੰਘਾਂ ਦੇ ਦਲ ਦੀ ਕਮਾਨ ਭਾਈ ਫਤਿਹ ਸਿੰਘ, ਧਰਮ ਸਿੰਘ, ਆਲੀ ਸਿੰਘ ਅਤੇ ਸ਼ਾਮ ਸਿੰਘ ਦੇ ਹਵਾਲੇ ਕਰ ਕੇ ਆਪ ਇੱਕ ਉੱਚੀ ਟਿੱਬੀ ’ਤੇ ਬੈਠ ਨਿਗਰਾਨੀ ਕਰਨ ਲੱਗੇ। ਜਿਉਂ ਹੀ ਤੋਪਾਂ ਅਤੇ ਹਾਥੀ ਮਾਰੋ-ਮਾਰ ਕਰਦੇ ਅੱਗੇ ਵਧੇ ਤਾਂ ਸਿੰਘ ਟੁੱਟ ਕੇ ਪੈ ਗਏ। ਬਾਜ ਸਿੰਘ ਨੇ ਸਾਥੀਆਂ ਸਮੇਤ ਹਾਥੀਆਂ ’ਤੇ ਹੱਲਾ ਕੀਤਾ ਅਤੇ ਕਈ ਹਾਥੀ ਮਾਰ ਮੁਕਾਏ। ਹੁਣ ਸਿੰਘ ਹੱਥੋ-ਹੱਥ ਲੜਾਈ ਲੜਨ ਲੱਗੇ ਅਤੇ ਵਜ਼ੀਰ ਖਾਨ ਦਾ ਇਕ ਤੀਰ ਬਾਜ ਸਿੰਘ ਦੀ ਬਾਂਹ ’ਤੇ ਲੱਗਾ। ਉਹ ਤਲਵਾਰ ਨਾਲ ਬਾਜ ਸਿੰਘ ’ਤੇ ਵਾਰ ਕਰਨ ਹੀ ਵਾਲਾ ਸੀ ਕਿ ਫਤਹਿ ਸਿੰਘ ਨੇ ਤੁਰੰਤ ਆਪਣੀ ਤਲਵਾਰ ਨਾਲ ਵਜ਼ੀਰ ਖਾਨ ਨੂੰ ਚੀਰ ਦਿੱਤਾ। ਸਿੰਘਾਂ ਦੀ ਫਤਿਹ ਹੋ ਗਈ। 14 ਮਈ 1710 ਨੂੰ ਸਿੰਘਾਂ ਨੇ ਸਰਹਿੰਦ ਵਿੱਚ ਦਾਖਲ ਹੋ ਕੇ ਸਰਹਿੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਚੱਪੜਚਿੜੀ ਦੀ ਰਣਭੂਮੀ ਸਿੱਖ ਇਤਿਹਾਸ ਵਿੱਚ ਅੱਜ ਵੀ ਬਹੁਤ ਅਹਿਮ ਬਣੀ ਹੋਈ ਹੈ ਅਤੇ ਇਸ ਸਥਾਨ ’ਤੇ ਅੱਜ-ਕੱਲ੍ਹ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਅਤੇ ਇੱਕ ਫਤਹਿ ਮੀਨਾਰ ਬਣਾਈ ਗਈ ਹੈ।

ਸੰਪਰਕ: 98764-52223

Advertisement
Author Image

sukhwinder singh

View all posts

Advertisement
Advertisement
×