ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੜੂਨੀ ਦੀ ਲੜਾਈ ਹੁਣ ਦੇਸ਼ ਭਰ ਦੀ ਲਹਿਰ ਬਣੇਗੀ: ਟਿਕੈਤ

09:42 PM Jun 23, 2023 IST

ਸਰਬਜੋਤ ਸਿੰਘ ਦੁੱਗਲ

Advertisement

ਕੁਰੂਕਸ਼ੇਤਰ/ਸ਼ਾਹਾਬਾਦ, 7 ਜੂਨ

ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਸ਼ਾਹਬਾਦ ਦੀ ਲਾਡਵਾ ਰੋਡ ‘ਤੇ ਅਨਾਜ ਮੰਡੀ ਚੌਕ ਵਿੱਚ ਧਰਨੇ ‘ਤੇ ਬੈਠੇ ਕਿਸਾਨਾਂ ਕੋਲ ਪਹੁੰਚੇ। ਉਨ੍ਹਾਂ ਕਿਹਾ ਕਿ ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਜੋ ਲੜਾਈ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਸ਼ਾਹਬਾਦ ਮਾਰਕੰਡਾ ਤੋਂ ਸ਼ੁਰੂ ਕੀਤੀ ਗਈ ਹੈ, ਉਹ ਹੁਣ ਦੇਸ਼ ਭਰ ਦੀ ਲਹਿਰ ਬਣੇਗੀ। ਉਨ੍ਹਾਂ ਕਿਹਾ ਕਿ ਐੱਮਐੱਸਪੀ ‘ਤੇ ਇਹ ਦੇਸ਼ ਦਾ ਪਹਿਲਾ ਲਾਠੀਚਾਰਜ ਹੈ ਅਤੇ ਸਰਕਾਰ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਇਹ ਅੰਦੋਲਨ ਹੁਣ ਖ਼ਤਮ ਹੋ ਚੁੱਕਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਚੜੂਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸ ਅੰਦੋਲਨ ਦੀ ਕਮਾਨ ਸੰਯੁਕਤ ਕਿਸਾਨ ਮੋਰਚਾ ਸੰਭਾਲੇਗਾ। ਉਨ੍ਹਾਂ ਦੱਸਿਆ ਕਿ ਹੁਣ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਮੰਗਲਵਾਰ ਨੂੰ ਪੁਲੀਸ ਨੇ ਲਾਠੀਚਾਰਜ ਕੀਤਾ, ਉੱਥੋਂ ਹੀ ਅੰਦੋਲਨ ਹੋਵੇਗਾ। ਸ੍ਰੀ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿੱਚ ਕਈ ਕਿਸਾਨ ਸੰਗਠਨ ਖੜ੍ਹੇ ਕੀਤੇ ਹਨ। ਹੁਣ ਜਾਤੀ ਕਿਸਾਨ ਅਤੇ ਧਾਰਮਿਕ ਕਿਸਾਨ ਸੰਗਠਨ ਵੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨੀਆਂ ਮਰਜ਼ੀ ਜਥੇਬੰਦੀਆਂ ਬਣਾ ਲਵੇ, ਜਦੋਂ ਕੋਈ ਮੁਸ਼ਕਲ ਆਉਂਦੀ ਹੈ, ਤਾਂ ਸਾਰੀਆਂ ਜਥੇਬੰਦੀਆਂ ਇਕਜੁਟ ਹੁੰਦੀਆਂ ਹਨ। ਇਸੇ ਦੌਰਾਨ ਸ਼ਾਹਬਾਦ ਵਿੱਚ ਕਿਸਾਨਾਂ ਨੇ ਮੰਗਲਵਾਰ ਰਾਤ ਤੋਂ ਹੀ ਸਾਰੀਆਂ ਲਿੰਕ ਸੜਕਾਂ ਨੂੰ ਜਾਮ ਕਰ ਦਿੱਤਾ ਹੈ। ਸ਼ਾਹਬਾਦ ਵਿੱਚ ਕਿਸਾਨਾਂ ਨੇ ਲਾਡਵਾ ਰੋਡ, ਪਿੰਡ ਰਾਵਾ ਨੇੜੇ ਬਰਾੜਾ ਰੋਡ, ਪਿੰਡ ਕਲਸਾਣੀ ਚੌਕ ਨੇੜੇ ਨਲਵੀ ਰੋਡ ਅਤੇ ਗਲੈਕਸੀ ਗਲੋਬਲ ਨੇੜੇ ਸਾਹਾ ਰੋਡ ‘ਤੇ ਟਰਾਲੀਆਂ ਖੜ੍ਹੀਆਂ ਕਰਕੇ ਰੋਡ ਜਾਮ ਕੀਤਾ ਹੈ।

Advertisement

ਧਰਨੇ ਵਾਲੀ ਥਾਂ ‘ਤੇ ਐੱਸਡੀਐੱਮ ਕਪਿਲ ਸ਼ਰਮਾ ਪਹੁੰਚੇ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਗੁਰਨਾਮ ਸਿੰਘ ਚੜੂਨੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਐੱਸਡੀਐੱਮ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਨਹੀਂ ਮਿਲਾ ਸਕਦੇ, ਸਿਰਫ਼ ਉਨ੍ਹਾਂ ਨਾਲ ਫੋਨ ‘ਤੇ ਗੱਲ ਕਰਵਾ ਸਕਦੇ ਹਨ। ਪਿਪਲੀ ਪੈਰਾਕੀਟ ਵਿੱਚ ਪ੍ਰਸ਼ਾਸਨ ਨੇ ਟਿਕੈਤ ਦੀ ਗੁਰਨਾਮ ਸਿੰਘ ਚੜੂਨੀ ਨਾਲ ਫੋਨ ‘ਤੇ ਗੱਲ ਕਰਵਾਈ। ਰਾਕੇਸ਼ ਟਿਕੈਤ ਅਨੁਸਾਰ ਚੜੂਨੀ ਨੇ ਕਿਹਾ ਕਿ ਉਹ ਸਰਕਾਰ ਤੋਂ ਉਸ ਦੀ ਰਿਹਾਈ ਦੀ ਮੰਗ ਦੀ ਬਜਾਏ ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲਾਂ ਦੀ ਖਰੀਦ ਦੀ ਮੰਗ ਕਰਨ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਪਲੀ ਵਿੱਚ ਕਿਸਾਨ ਮਹਾਰੈਲੀ 12 ਨੂੰ

ਕੁਰੂਕਸ਼ੇਤਰ/ਸ਼ਾਹਬਾਦ (ਪੱਤਰ ਪ੍ਰੇਰਕ): ਇੱਥੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਸ਼ਾਹਬਾਦ ਦੇ ਕਿਸਾਨ ਰੈਸਟ ਹਾਊਸ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਣੇ ਵੱਖ-ਵੱਖ ਰਾਜਾਂ ਤੋਂ ਕਰੀਬ 34 ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਏ। ਕਰੀਬ ਡੇਢ ਘੰਟੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਦੇ ਪੁੱਤਰ ਅਰਸ਼ਦੀਪ ਸਿੰਘ ਚੜੂਨੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਅੱਜ ਤੋਂ ਹੀ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਲਿੰਕ ਰੋਡ ‘ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਸਮਾਪਤ ਹੋਣਗੇ ਅਤੇ ਸ਼ਾਹਬਾਦ ਦੇ ਲਾਡਵਾ ਰੋਡ ‘ਤੇ ਧਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ 12 ਜੂਨ ਨੂੰ ਪਿਪਲੀ ਦੀ ਅਨਾਜ ਮੰਡੀ ਵਿੱਚ ‘ਐੱਮਐੱਸਪੀ ਲਿਆਓ ਦੇਸ਼ ਬਚਾਓ’ ਦੇ ਨਾਂ ‘ਤੇ ਕਿਸਾਨ ਮਹਾਰੈਲੀ ਕੀਤੀ ਜਾਵੇਗੀ।

ਚੜੂਨੀ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ

ਗੁਰਨਾਮ ਸਿੰਘ ਚੜੂਨੀ ਤੇ ਹੋਰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਂਦੀ ਹੋਈ ਪੁਲੀਸ।

ਕੁਰੂਕਸ਼ੇਤਰ (ਪੱਤਰ ਪ੍ਰੇਰਕ): ਇੱਥੇ ਅੱਜ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅਤੇ ਉਸ ਦੇ ਸਾਥੀਆਂ ਨੂੰ ਕੁਰੂਕਸ਼ੇਤਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੂਰਜਮੁਖੀ ਦੀ ਸਰਕਾਰੀ ਖਰੀਦ ਨੂੰ ਲੈ ਕੇ ਜੀਟੀ ਰੋਡ ਜਾਮ ਕਰਕੇ ਧਰਨਾ ਦੇ ਰਹੇ ਕਿਸਾਨਾਂ ਖ਼ਿਲਾਫ਼ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ ਪੁਲੀਸ ਮੁਲਾਜ਼ਮਾਂ ‘ਤੇ ਪਥਰਾਅ ਕਰਕੇ ਜ਼ਖ਼ਮੀ ਕਰਨ ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ। ਡੀਐੱਸਪੀ ਰਣਧੀਰ ਸਿੰਘ ਨੇ ਦੱਸਿਆ ਕਿ ਕੁੱਝ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

Advertisement