ਗਾਂਧੀ ਵਲੋਂ ਪਹਿਨੀ ਐਨਕ ਦੀ ਨਿਲਾਮੀ ਨੇ ਰਿਕਾਰਡ ਤੋੜੇ
ਲੰਡਨ, 22 ਅਗਸਤ
ਸੁਨਹਿਰੀ ਫਰੇਮ ਵਾਲੀ ਐਨਕ, ਜਿਸ ਨੂੰ ਮਹਾਤਮਾ ਗਾਂਧੀ ਵਲੋਂ ਪਹਿਨਿਆ ਦੱਸਿਆ ਜਾਂਦਾ ਹੈ, ਦੀ ਵਿਕਰੀ ਨੇ ਯੂਕੇ ਦੇ ਨਿਲਾਮੀ ਘਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਐਨਕ 2,60,000 ਪੌਂਡ ਵਿਚ ਵਿਕੀ। ਇਹ ਐਨਕ 1900ਵਿਆਂ ਵਿੱਚ ਗਾਂਧੀ ਵਲੋਂ ਕਿਸੇ ਨੂੰ ਤੋਹਫ਼ੇ ਵਿੱਚ ਦਿੱਤੀ ਗਈ ਸੀ।
ਦੱਖਣ-ਪੱਛਮੀ ਇੰਗਲੈਂਡ ਦੇ ਹਾਨਹਮ ਵਿੱਚ ਪੂਰਬੀ ਬ੍ਰਿਸਟੋਲ ਔਕਸ਼ਨਜ਼ ਰਾਹੀਂ ਚਾਰ ਹਫ਼ਤੇ ਪਹਿਲਾਂ ਇਹ ਐਨਕ ਨਿਲਾਮੀ ਲਈ ਰੱਖੀ ਗਈ ਸੀ। ਊਦੋਂ ਇਸ ਦੇ 10 ਹਜ਼ਾਰ ਤੋਂ 15 ਹਜ਼ਾਰ ਪੌਂਡ ਵਿੱਚ ਵਿਕਣ ਦਾ ਅਨੁਮਾਨ ਲਾਇਆ ਗਿਆ ਸੀ ਪ੍ਰੰਤੂ ਆਨਲਾਈਨ ਨਿਲਾਮੀ ਦੌਰਾਨ ਇਸ ਦੀ ਵਿਕਰੀ ਲਈ ਬੋਲੀ ਵਧਦੀ ਗਈ। ਨਿਲਾਮੀਕਾਰ ਐਂਡੀ ਸਟੋਅ ਨੇ ਦੱਸਿਆ, ‘‘ਇਹ ਐਨਕ ਪਿਛਲੇ 50 ਸਾਲਾਂ ਤੋਂ ਦਰਾਜ ਵਿੱਚ ਬੰਦ ਪਈ ਸੀ। ਇਸ ਐਨਕ ਦੇ ਮਾਲਕ ਨੇ ਕਿਹਾ ਸੀ ਕਿ ਜੇਕਰ ਇਹ ‘ਕਿਸੇ ਕੰਮ ਦੀ ਨਹੀਂ’ ਤਾਂ ਇਸ ਨੂੰ ਸੁੱਟ ਦਿੱਤਾ ਜਾਵੇ। ਹੁਣ ਊਸ ਨੂੰ ਇਸ ਐਨਕ ਬਦਲੇ ਜ਼ਿੰਦਗੀ ਬਦਲਣ ਵਾਲੀ ਰਕਮ ਮਿਲੀ ਹੈ।’’ ਐਨਕ ਦੇ ਪੁਰਾਣੇ ਮਾਲਕ ਅਨੁਸਾਰ ਊਸ ਦੇ ਪਿਤਾ ਨੇ ਊਸ ਨੂੰ ਦੱਸਿਆ ਸੀ ਕਿ ਇਹ ਐਨਕ ਊਸ ਦੇ ਚਾਚਾ ਨੂੰ ਤੋਹਫ਼ੇ ਵਜੋਂ ਮਿਲੀ ਸੀ ਜਦੋਂ ਊਹ ਦੱਖਣੀ ਅਫਰੀਕਾ ਵਿੱਚ 1910 ਅਤੇ 1930 ਦੌਰਾਨ ਭਾਰਤ ਪੈਟਰੋਲੀਅਮ ਲਈ ਕੰਮ ਕਰਦਾ ਸੀ। ਨਿਲਾਮੀ ਘਰ ਅਨੁਸਾਰ ਇਸ ਐਨਕ ਲਈ ਭਾਰਤ, ਕਤਰ, ਅਮਰੀਕਾ, ਰੂਸ ਅਤੇ ਕੈਨੇਡਾ ਸਣੇ ਵਿਸ਼ਵ ਭਰ ਤੋਂ ਬੋਲੀਕਾਰਾਂ ਨੇ ਹਿੱਸਾ ਲਿਆ। ਇਸ ਐਨਕ ਦਾ ਨਵਾਂ ਮਾਲਕ ਅਮਰੀਕਾ ਵਿੱਚ ਰਹਿੰਦਾ ਹੈ।