ਸ਼ਿਵ ਸੈਨਾ ਆਗੂਆਂ ਵਿਚਾਲੇ ਮਾਹੌਲ ਗਰਮਾਇਆ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਕੱਟਰਪੰਥੀਆਂ ਤੋਂ ਧਮਕੀਆਂ ਮਿਲਣ ਦਾ ਹਵਾਲਾ ਦੇ ਕੇ ਪੁਲੀਸ ਪ੍ਰਸ਼ਾਸਨ ਤੋਂ ਸੁਰੱਖਿਆ ਦੇ ਨਾਮ ’ਤੇ ਗੰਨਮੈਨ ਲੈਣ ਵਾਲੇ ਸ਼ਿਵ ਸੈਨਾ ਆਗੂਆਂ ਵਿਚਾਲੇ ਮਾਹੌਲ ਗਰਮਾ ਗਿਆ ਹੈ। ਵੀਰਵਾਰ ਨੂੰ ਆਪਣੇ ਹੀ ਆਗੂਆਂ ਦੇ ਖਿਲਾਫ਼ ਹੋ ਕੇ ਸ਼ਿਵ ਸੈਨਾ ਪੰਜਾਬ ਦੇ ਆਗੂ ਗੰਨਮੈਨ ਵਾਪਸ ਲੈਣ ਦੀ ਸ਼ਿਕਾਇਤ ਲੈ ਕੇ ਪੁਲੀਸ ਅਧਿਕਾਰੀਆਂ ਕੋਲ ਪੁੱਜੇ। ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਨੇ ਆਪਣਾ ਸੁਰੱਖਿਆ ਮੁਲਾਜ਼ਮ ਵਾਪਸ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਆਖਿਆ ਕਿ ਸ਼ਹਿਰ ਵਿੱਚ ਸ਼ਿਵ ਸੈਨਾ ਦੇ ਨਾਮ ’ਤੇ ਬਣੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਗੰਨਮੈਨ ਵੀ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਬਨਿਾਂ ਜਾਂਚ ਪੜਤਾਲ ਕੀਤੇ ਰਿਉੜੀਆਂ ਵਾਂਗੂ ਗੰਨਮੈਨ ਵੰਡੇ ਹੋਏ ਹਨ ਤੇ ਪੁਲੀਸ ਸੁਰੱਖਿਆ ਦੀ ਆੜ ’ਚ ਕਈ ਲੋਕ ਗਲਤ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਹੇਮੰਤ ਠਾਕੁਰ ਨੇ ਦੱਸਿਆ ਕਿ ਉਹ ਆਪਣਾ ਸੁਰੱਖਿਆ ਮੁਲਾਜ਼ਮ ਵਾਪਸ ਕਰਨ ਆਏ ਸਨ, ਪਰ ਅਧਿਕਾਰੀਆਂ ਨੇ ਨਹੀਂ ਲਿਆ। ਉਨ੍ਹਾਂ ਗੁਰਸਿਮਰਨ ਸਿੰਘ ਮੰਡ ’ਤੇ ਦੋਸ਼ ਲਗਾਏ ਕਿ ਮੰਡ ਨੇ ਇੱਕ ਸੰਸਥਾ ਬਣਾਈ ਹੋਈ ਹੈ, ਜਿਸਦਾ ਕੌਮੀ ਚੇਅਰਮੈਨ ਉਹ ਖੁਦ ਹੈ ਤੇ ਪ੍ਰਧਾਨ ਵੀ। ਉਹ ਸਰਕਾਰ ਤੋਂ ਕੱਟਰਪੰਥੀਆਂ ਤੋਂ ਧਮਕੀਆਂ ਮਿਲਣ ਦਾ ਹਵਾਲਾ ਦੇ ਕੇ 10 ਦੇ ਕਰੀਬ ਗੰਨਮੈਨ ਲੈ ਕੇ ਘੁੰਮ ਰਿਹਾ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਪੂਰੀ ਜਾਂਚ ਕਰਨ ਅਤੇ ਉਸ ਤੋਂ ਬਾਅਦ ਜਿਸ ਨੂੰ ਲੋੜ ਹੈ, ਉਸ ਨੂੰ ਹੀ ਗੰਨਮੈਨ ਦੇਣ।
ਮਾਹੌਲ ਖਰਾਬ ਕਰਨ ਵਾਲਿਆਂ ਦੀ ਸੁਰੱਖਿਆ ਹੋਵੇ ਵਾਪਸ: ਮੰਡ
ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ। ਉਹ ਕਿਸੇ ਖਿਲਾਫ਼ ਵੀ ਬਿਆਨ ਦੇ ਦਿੰਦੇ ਹਨ। ਹੁਣ ਸ਼ਿਵ ਸੈਨਾ ਪੰਜਾਬ ਵਾਲੇ ਉਨ੍ਹਾਂ ਦੇ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਦੇ ਸਾਰੇ ਮੈਂਬਰਾਂ ਦੀ ਪੁਲੀਸ ਜਾਂਚ ਕਰੇ ਤੇ ਉਨ੍ਹਾਂ ਦੀ ਸੁਰੱਖਿਆ ਖਤਮ ਕੀਤੀ ਜਾਵੇ।