ਹਮਲਾਵਰ ਵਾਰਦਾਤ ਮਗਰੋਂ ਤਾਰ ਕੱਟ ਕੇ ਡਿਫੈਂਸ ਰੋਡ ਵੱਲ ਨਿਕਲੇ
ਐੱਨ.ਪੀ. ਧਵਨ
ਪਠਾਨਕੋਟ, 21 ਅਗਸਤ
ਨੇੜਲੇ ਪਿੰਡ ਥਰਿਆਲ ਵਿੱਚ 19-20 ਤਰੀਕ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਸੁੱਤੇ ਪਏ ਪਰਿਵਾਰ ਦੇ ਮੈਂਬਰਾਂ ’ਤੇ ਕੀਤੇ ਗਏ ਕਾਤਲਾਨਾ ਹਮਲੇ ਨੂੰ ਲੈ ਕੇ ਪੁਲੀਸ ਨੇ ਜੰਗੀ ਪੱਧਰ ’ਤੇ ਜਾਂਚ ਆਰੰਭ ਦਿੱਤੀ ਹੈ ਜਿਸ ਤਹਿਤ ਉੱਚ-ਅਧਿਕਾਰੀਆਂ ਨੇ ਭਾਵੇਂ ਕਿ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਨਾ ਨੇ ਖੁਦ ਅੱਜ ਐੱਸਪੀ ਪ੍ਰਭਜੋਤ ਸਿੰਘ ਵਿਰਕ, ਡੀਐੱਸਪੀ ਸੁਲੱਖਣ ਸਿੰਘ, ਡੀਐੱਸਪੀ ਰਵਿੰਦਰ ਰੂਬੀ, ਡੀਐੱਸਪੀ ਰਾਜੇਸ਼ ਕੁਮਾਰ, ਡੀਐੱਸਪੀ ਮਨਿੰਦਰ ਪਾਲ, ਐੱਸਐੱਚਓ ਅਵਤਾਰ ਸਿੰਘ, ਸਬ ਇੰਸਪੈਕਟਰ ਅਨੀਤਾ ਠਾਕੁਰ ਆਦਿ ਪੁਲੀਸ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਥਰਿਆਲ ਵਿੱਚ ਘਟਨਾ ਸਥਾਨ ’ਤੇ ਪੁੱਜੇ ਅਤੇ ਉੱਥੇ ਜਾਂਚ ਸਬੰਧੀ ਵਿਸਥਾਰ ਨਾਲ ਯੋਜਨਾ ਬਣਾਈ। ਭਾਵੇਂ ਕਿ ਜਿਸ ਘਰ ਵਿੱਚ ਘਟਨਾ ਵਾਪਰੀ, ਉਹ ਘਰ ਖੇਤਾਂ ਵਿੱਚ ਹੋਣ ਦੇ ਬਾਵਜੂਦ ਪੁਲੀਸ ਅਧਿਕਾਰੀਆਂ ਨੇ ਰਸਤੇ ਵਿੱਚ ਪੈਂਦੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਤਾਂ ਜੋ ਕੋਈ ਸੁਰਾਗ ਮਿਲ ਸਕੇ। ਇੱਕ ਫੁਟੇਜ ਵਿੱਚ ਡਿਫੈਂਸ ਰੋਡ ਤੋਂ ਮਾਧੋਪੁਰ ਜਾਣ ਵਾਲੀ ਸੜਕ ’ਤੇ ਤੜਕੇ 2.58 ਵਜੇ ਨਿਕਲੀ ਇਕ ਇਨੋਵਾ ਕਾਰ ਵੀ ਸ਼ੱਕ ਦੇ ਘੇਰੇ ਵਿੱਚ ਹੈ। ਪੁਲੀਸ ਇਸ ਕਾਰ ਦੀ ਜਾਂਚ ਕਰ ਰਹੀ ਹੈ ਕਿ ਉਕਤ ਇਨੋਵਾ ਦੀ ਸਥਿਤੀ ਕੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਆਪਣੇ ਕੰਮ ਵਿੱਚ ਜੁੱਟੀਆਂ ਹੋਈਆਂ ਹਨ ਅਤੇ ਇਸ ਸਬੰਧੀ ਜਾਂਚ ਜਾਰੀ ਹੈ ਕਿ ਹਮਲਾਵਰ ਲੁੱਟਖੋਹ ਦੇ ਉਦੇਸ਼ ਨਾਲ ਆਏ ਸਨ ਕਿਉਂਕਿ ਉਨ੍ਹਾਂ ਨੇ ਇਸ ਘਰ ਦੇ ਨਾਲ-ਨਾਲ ਚਾਰ-ਪੰਜ ਸੌ ਮੀਟਰ ਦੇ ਘੇਰੇ ਵਿੱਚ ਇਕ-ਦੋ ਹੋਰ ਘਰਾਂ ਵਿੱਚ ਵੜਨ ਦੇ ਯਤਨ ਕੀਤੇ ਸਨ ਪਰ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਅੱਧੀ ਰਾਤ ਉਧਰੋਂ ਨਿਕਲੀ ਇਨੋਵਾ ਗੱਡੀ ਦੀ ਟਾਈਮਿੰਗ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਜਾਨਲੇਵਾ ਹਮਲੇ ਵਿੱਚ ਪਰਿਵਾਰ ਦੇ ਮੁੱਖੀ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਜਦ ਕਿ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਸਨ। ਦੋਨੋਂ ਬੇਟਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਮ੍ਰਿਤਕ ਅਸ਼ੋਕ ਕੁਮਾਰ ਦੀ ਲਾਸ਼ ਪੋਸਟ ਮਾਰਟਮ ਦੇ ਬਾਅਦ ਵਾਪਸ ਅੱਜ ਪਿੰਡ ਆ ਗਈ। ਜਿਸ ਦਾ ਭਲਕੇ ਅੰਤਿਮ ਸੰਸਕਾਰ ਹੋਣ ਦੀ ਸੰਭਾਵਨਾ ਹੈ।