ਥਲ ਸੈਨਾ ਮੁਖੀ ਨੇ ਮੋਦੀ ਨੂੰ ਅਤਿਵਾਦੀਆਂ ਖ਼ਿਲਾਫ਼ ਅਪਰੇਸ਼ਨ ਤੋਂ ਜਾਣੂ ਕਰਵਾਇਆ
* ਜਨਰਲ ਦਿਵੇਦੀ ਨੇ ਸ਼ਾਹ ਨਾਲ ਵੀ ਕੀਤੀ ਮੁਲਾਕਾਤ
ਅਜੈ ਬੈਨਰਜੀ
ਨਵੀਂ ਦਿੱਲੀ, 17 ਜੁਲਾਈ
ਜੰਮੂ ਕਸ਼ਮੀਰ ਦੇ ਜੰਮੂ-ਕਠੂਆ-ਡੋਡਾ ਇਲਾਕੇ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਸੁਰੱਖਿਆ ਬਲਾਂ ਵੱਲੋਂ ਵਿੱਢੀ ਤਲਾਸ਼ੀ ਮੁਹਿੰਮ ਦਰਮਿਆਨ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ। ਸੂਤਰਾਂ ਮੁਤਾਬਕ ਥਲ ਸੈਨਾ ਮੁਖੀ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਪਹਿਲਾਂ ਤੋਂ ਨਿਰਧਾਰਿਤ ਸੀ। ਜਨਰਲ ਦਿਵੇਦੀ ਨੇ ਪਹਿਲੀ ਜੁਲਾਈ ਨੂੰ ਥਲ ਸੈਨਾ ਮੁਖੀ ਦਾ ਚਾਰਜ ਸੰਭਾਲਿਆ ਸੀ ਤੇ ਉਹ ਫੌਜ ਦੀ ਉੱਤਰੀ ਕਮਾਂਡ ਦੇ ਕਮਾਂਡਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਕਾਬਿਲੇਗੌਰ ਹੈ ਕਿ 15 ਜੁਲਾਈ ਨੂੰ ਸਲਾਮਤੀ ਦਸਤਿਆਂ ਦੀ ਸਰਚ ਪਾਰਟੀ ’ਤੇ ਕੀਤੇ ਦਹਿਸ਼ਤੀ ਹਮਲੇ ਵਿਚ ਕੈਪਟਨ ਸਣੇ ਥਲ ਸੈਨਾ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਪਿਛਲੇ ਸਾਲ ਅਪਰੈਲ ਤੋਂ ਹੁਣ ਤੱਕ ਜੰਮੂ ਕਸ਼ਮੀਰ ਵਿਚ ਪ੍ਰਮੁੱਖ ਦਹਿਸ਼ਤੀ ਕਾਰਵਾਈਆਂ ਵਿਚ ਘੱਟੋ-ਘੱਟ 28 ਫੌਜੀ ਆਪਣੀ ਜਾਨ ਗੁਆ ਚੁੱਕੇ ਹਨ।
ਥਲ ਸੈਨਾ ਮੁਖੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਵਿਚ ਦਹਿਸ਼ਤੀ ਕਾਰਵਾਈਆਂ ਦੇ ਟਾਕਰੇ ਲਈ ਚੁੱਕੇ ਕਦਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸੰਘਣੇ ਜੰਗਲਾਂ ਵਿਚ ਲੁਕੇ ਦਹਿਸ਼ਤਗਰਦਾਂ ਦਾ ਖੁਰਾ-ਖੋਜ ਲਾਉਣ ਲਈ ਥਲ ਸੈਨਾ ਵੱਲੋਂ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਦਰਖ਼ਤਾਂ ਦੇ ਸੰਘਣੇ ਪੱਤਿਆਂ ਕਰਕੇ ਦਹਿਸ਼ਤਗਰਦਾਂ ਦੇ ਅਸਲ ਟਿਕਾਣੇ ਬਾਰੇ ਪਤਾ ਲਾਉਣ ਵਿਚ ਦਿੱਕਤਾਂ ਜ਼ਰੂਰ ਆ ਰਹੀਆਂ ਹਨ। ਸਰਚ ਪਾਰਟੀਆਂ, ਜੋ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹਨ, ਰਾਤ ਨੂੰ ਦੇਖੇ ਜਾਣ ਵਾਲੀਆਂ ਦੂਰਬੀਨਾਂ ਨਾਲ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀਆਂ ਹਨ। ਥਲ ਸੈਨਾ ਨੇ ਹੁਣ ਤੱਕ ਦੀ ਪੜਚੋਲ ਦੌਰਾਨ ਸਿੱਟਾ ਕੱਢਿਆ ਹੈ ਕਿ ਦਹਿਸ਼ਤਗਰਦ ਥਲ ਸੈਨਾ ਦੇ ਸਾਬਕਾ ਫੌਜੀ ਹੋ ਸਕਦੇ ਹਨ ਤੇ ਭਾੜੇ ਦੇ ਸਿਪਾਹੀ ਵਜੋਂ ਕੰਮ ਕਰ ਰਹੇ ਸਨ। ਜੰਮੂ ਡਿਵੀਜ਼ਨ ਵਿਚਲੇ ਪਹਾੜਾਂ ਵਿਚ ਕਈ ਛੁਪਣਗਾਹਾਂ ਹਨ, ਜਿਨ੍ਹਾਂ ਤੋਂ ਸਥਾਨਕ ਲੋਕ ਬਾਖੂਬੀ ਜਾਣੂ ਹਨ। ਪਿਛਲੇ ਤਿੰਨ ਸਾਲਾਂ ਵਿਚ ਜੰਮੂ ਖਿੱਤੇ ’ਚ ਹੁਣ ਤੱਕ 40 ਦੇ ਕਰੀਬ ਭਾਰਤੀ ਫੌਜੀ ਆਪਣੀ ਜਾਨ ਗੁਆ ਚੁੱਕੇ ਹਨ ਤੇ ਦਸੰਬਰ 2023 ਤੋਂ ਬਾਅਦ ਦਹਿਸ਼ਤੀ ਸਰਗਰਮੀਆਂ ਤੇਜ਼ੀ ਨਾਲ ਵਧੀਆਂ ਹਨ। ਸੂਤਰਾਂ ਨੇ ਕਿਹਾ ਕਿ ਸਲਾਮਤੀ ਦਸਤਿਆਂ ਦੀ ਕੋਈ ਕਮੀ ਨਹੀਂ ਹੈ।
ਉਂਜ ਸੁਰੱਖਿਆ ਬਲਾਂ ਦੀ ਕੁਝ ਬਟਾਲੀਅਨਾਂ ਨੂੰ ਜੰਮੂ ਖਿੱਤੇ ’ਚੋਂ ਪੂਰਬੀ ਲੱਦਾਖ਼ ਵਿਚ ਤਬਦੀਲ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚੁੰਝ ਚਰਚਾ ਜਾਰੀ ਹੈ। ਸੂਤਰਾਂ ਨੇ ਕਿਹਾ ਕਿ ਕਿਸੇ ਵੀ ਵੰਗਾਰ ਦੇ ਟਾਕਰੇ ਲਈ ਚੋਖੀ ਗਿਣਤੀ ’ਚ ਸੁਰੱਖਿਆ ਬਲ ਉਪਲਬਧ ਹਨ।