ਟਰੈਫ਼ਿਕ ਬਾਰੇ ਸ਼ਿਕਾਇਤਾਂ ਲਈ ਕਾਰਗਰ ਸਿੱਧ ਹੋ ਰਹੀ ਹੈ ਐਪ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਨਵੰਬਰ
ਟਰੈਫਿਕ ਪ੍ਰਹਾਰੀ ਐਪਲੀਕੇਸ਼ਨ ਦੇ ਮੁੜ ਸ਼ੁਰੂ ਹੋਣ ਮਗਰੋਂ ਟਰੈਫਿਕ ਉਲੰਘਣਾਵਾਂ ਬਾਰੇ ਜ਼ਿਆਦਾਤਰ ਸ਼ਿਕਾਇਤਾਂ ਹੈਲਮਟ ਨਾ ਪਾਉਣ, ਫੁੱਟਪਾਥਾਂ ’ਤੇ ਪਾਰਕਿੰਗ, ਗੱਡੀ ਚਲਾਉਣ ਵੇਲੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨ, ਗਲਤ ਪਾਰਕਿੰਗ ਅਤੇ ਖਰਾਬ ਨੰਬਰ ਪਲੇਟਾਂ ਬਾਰੇ ਸਨ। ਟਰੈਫਿਕ ਸੈਂਟੀਨੇਲ ਐਪ ਨੂੰ 1 ਸਤੰਬਰ ਨੂੰ ਟਰੈਫਿਕ ਪ੍ਰਹਾਰੀ ਦੇ ਰੂਪ ਵਿੱਚ ਦੁਬਾਰਾ ਲਾਂਚ ਕੀਤਾ ਗਿਆ ਸੀ। 3 ਦਸੰਬਰ ਤੱਕ, 10,114 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, 7,435 ਲੋਕਾਂ ਨੇ ਐਪ ਦੀ ਵਰਤੋਂ ਕੀਤੀ ਅਤੇ ਇਸ ਨੂੰ 14,526 ਵਾਰ ਡਾਊਨਲੋਡ ਕੀਤਾ ਗਿਆ।
ਆਵਾਜਾਈ ਉਲੰਘਣਾ ਬਾਰੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਐਪ ਉਪਭੋਗਤਾਵਾਂ ਨੂੰ ਆਟੋ ਅਤੇ ਟੈਕਸੀ ਡਰਾਈਵਰਾਂ ਵੱਲੋਂ ਦੁਰਵਿਹਾਰ, ਓਵਰਚਾਰਜ, ਜਾਂ ਪ੍ਰੇਸ਼ਾਨੀ ਜਾਂ ਆਵਾਜਾਈ ਸੇਵਾਵਾਂ ਦੇਣ ਤੋਂ ਇਨਕਾਰ ਕਰਨ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੇ ਯੋਗ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਨਾਗਰਿਕਾਂ ਨੂੰ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕਰਕੇ ਰੀਅਲ-ਟਾਈਮ ਟਰੈਫਿਕ ਉਲੰਘਣਾਵਾਂ ਦੀ ਰਿਪੋਰਟ ਕਰਨ ਦੇ ਯੋਗ ਬਣਾਉਂਦੀ ਹੈ।
ਟੋਡਾਪੁਰ ਵਿੱਚ ਟਰੈਫਿਕ ਪੁਲੀਸ ਹੈੱਡਕੁਆਰਟਰ ਐਪਲੀਕੇਸ਼ਨ ਵੱਲੋਂ ਪ੍ਰਾਪਤ ਸਾਰੀਆਂ ਸ਼ਿਕਾਇਤਾਂ ਦੇ ਪ੍ਰਬੰਧਨ ਅਤੇ ਪ੍ਰਕਿਰਿਆ ਦੀ ਨਿਗਰਾਨੀ ਕਰਦਾ ਹੈ। ਅਧਿਕਾਰੀਆਂ ਦੀ ਇੱਕ ਸਮਰਪਿਤ ਟੀਮ ਸਪੁਰਦ ਕੀਤੀਆਂ ਰਿਪੋਰਟਾਂ ਦੀ ਸਮੀਖਿਆ ਕਰਨ, ਉਚਿਤ ਕਾਰਵਾਈ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ ਅਪਰਾਧੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਅਧਿਕਾਰੀ ਨੇ ਕਿਹਾ ਕਿ ਦਿੱਤੀ ਗਈ ਜਾਣਕਾਰੀ ਮੋਟਰ ਵਹੀਕਲ ਐਕਟ ਦੀ ਧਾਰਾ 133 ਦੇ ਤਹਿਤ ਨੋਟਿਸ ਜਾਰੀ ਕਰਨ ਲਈ ਜ਼ਰੂਰੀ ਸੀ। ਜੀਪੀਐੱਸ ਕੋਆਰਡੀਨੇਟਸ, ਤਰੀਕ ਅਤੇ ਸਮਾਂ ਆਪਣੇ ਆਪ ਮੋਬਾਈਲ ਡਿਵਾਈਸ ਤੋਂ ਕੱਢਿਆ ਜਾਂਦਾ ਹੈ। ਰਿਪੋਰਟ ਕੀਤੀ ਗਈ ਟਰੈਫਿਕ ਉਲੰਘਣਾ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਫੈਸਲਾ ਟਰੈਫਿਕ ਪੁਲੀਸ ਹੈੱਡਕੁਆਰਟਰ ਵੱਲੋਂ ਕੀਤਾ ਜਾਂਦਾ ਹੈ।
ਸੜਕ ਸੁਰੱਖਿਆ ਨਿਯਮਾਂ ਸਬੰਧੀ ਮੁਕਾਬਲੇ ਵਿੱਚ ਸਿਮਰਨ ਅੱਵਲ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਆਰੀਆ ਕੰਨਿਆ ਕਾਲਜ ਵਿੱਚ ਰੋਡ ਸੇਫਟੀ ਕਲੱਬ ਸੈਲ ਦੀ ਸੰਯੋਜਿਕਾ ਡਾ. ਹੇਮਾ ਸੁਖੀਜਾ ਤੇ ਹਰਿਆਣਾ ਪੁਲੀਸ ਦੇ ਨਿਰਦੇਸ਼ਨ ਹੇਠ ਬਲਾਕ ਪੱਧਰੀ ਸੜਕ ਸੁਰੱਖਿਆ ਨਿਯਮਾਂ ’ਤੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦਾ ਆਰੰਭ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਤੇ ਕੁਇਜ਼ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਦਾ ਇਕ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਸੜਕ ਸੁਰੱਖਿਆ ਦੇ ਮਹੱਤਵ ਤੇ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ। ਪ੍ਰਤੀਯੋਗਤਾ ਵਿਚ 100 ਵਿਦਿਆਰਥਣਾਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਵਿੱਚ ਸੜਕ ਸੁਰੱਖਿਆ ਨਿਯਮਾਂ ਬਾਰੇ 30 ਸੁਆਲ ਪੁੱਛੇ ਗਏ। ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਨੂੰ ਸੜਕ ਨਿਯਮਾਂ ਬਾਰੇ ਜਾਣਕਾਰੀ ਮਿਲੀ ਤੇ ਉਹ ਰੋਜ਼ਾਨਾ ਜੀਵਨ ਵਿਚ ਇਸ ਦੀ ਪਾਲਣਾ ਕਰਨਗੀਆਂ। ਇਸ ਮੌਕੇ ਐੱਸਆਈ ਮਹੀਪਾਲ, ਟਰੈਫਿਕ ਐੱਸਐੱਚਓ ਨੇ ਪ੍ਰਤੀਯੋਗਤਾ ਦਾ ਜਾਇਜ਼ਾ ਲਿਆ। ਪ੍ਰਤੀਯੋਗਤਾ ਵਿੱਚ ਸਿਮਰਨ ਬੀਏ ਤੀਜਾ ਸਾਲ ਨੇ ਪਹਿਲਾ, ਬੀਏ ਦੂਜਾ ਸਾਲ ਦੀ ਸਲੋਨੀ ਨੇ ਦੂਜਾ ਬੀਏ ਤੀਜੇ ਸਾਲ ਦੀ ਪ੍ਰੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਡਾ. ਪੂਨਮ ਸਿਵਾਚ, ਅਨੁਰਾਧਾ, ਇਸ਼ਕਾ, ਨਿਕੀਤਾ ਨੇ ਅਹਿਮ ਭੂਮਿਕਾ ਨਿਭਾਈ।