ਮਹਾਪੰਚਾਇਤ ਦੌਰਾਨ ਐੱਸਪੀ ਦਫ਼ਤਰ ਬਾਹਰ ਧਰਨਾ ਦੇਣ ਦਾ ਫ਼ੈਸਲਾ
ਸਤਪਾਲ ਰਾਮਗੜ੍ਹੀਆ
ਪਿਹੋਵਾ, 12 ਨਵੰਬਰ
ਪਿੰਡ ਮਲਿਕਪੁਰ ਵਿੱਚ ਲੜਾਈ ਝਗੜੇ ਤੋਂ ਬਾਅਦ ਮਕਾਨਾਂ ਨੂੰ ਢਾਹੁਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ | ਪੁਲੀਸ ਵੱਲੋਂ ਮਾਮਲੇ ਵਿੱਚ ਕਾਰਵਾਈ ਨਾ ਕਰਨ ਤੋਂ ਨਾਰਾਜ਼ ਪਰਿਵਾਰ ਨੇ ਅੱਜ ਪਿੰਡ ਮਲਿਕਪੁਰ ਵਿੱਚ ਮਹਾਂਪੰਚਾਇਤ ਰੱਖੀ ਸੀ। ਪੀੜਤ ਪਰਿਵਾਰ ਦੇ ਮੈਂਬਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਪੰਚਾਇਤ ਵਿੱਚ ਪੁਲੀਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਨਾ ਕਰਨ ’ਤੇ ਗੁੱਸਾ ਜ਼ਾਹਿਰ ਕੀਤਾ। ਪੁਲੀਸ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬੁੱਧਵਾਰ ਨੂੰ ਸਮਾਜ ਦੇ ਲੋਕ ਇਕੱਠੇ ਹੋ ਕੇ ਐੱਸਪੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਸੁਨੀਲ ਨੇ ਦੱਸਿਆ ਕਿ ਐੱਸਪੀ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਸੀ, ਜੋ ਅੱਜ ਪੂਰਾ ਹੋ ਗਿਆ ਹੈ। ਬੁੱਧਵਾਰ ਨੂੰ ਸਮਾਜ ਦੇ ਲੋਕ ਇਕੱਠੇ ਹੋ ਕੇ ਐਸਪੀ ਦਫ਼ਤਰ ਦੇ ਬਾਹਰ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਖਮੀ ਹਨ ਅਤੇ ਦੂਜੇ ਪਾਸੇ ਉਨ੍ਹਾਂ ਦਾ ਘਰ ਬਰਬਾਦ ਹੋਣ ਕਾਰਨ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਅੱਜ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਢਹਿ-ਢੇਰੀ ਹੋਏ ਮਕਾਨ ਦੀ ਸੰਭਾਲ ਕਰਨ ਨਹੀਂ ਆਇਆ। ਇਸ ਕਾਰਨ ਸਮਾਜ ਵਿੱਚ ਭਾਰੀ ਰੋਸ ਹੈ। ਮਹਾਪੰਚਾਇਤ ਵਿੱਚ ਮੁੱਖ ਤੌਰ ’ਤੇ ਐਡਵੋਕੇਟ ਸੋਨੀਆ ਤੰਵਰ ਕਰਨਾਲ, ਰਾਜੇਸ਼ ਕੁਮਾਰ ਮਲਿਕਪੁਰ, ਪ੍ਰਤੀਮ ਸਿੰਘ, ਪ੍ਰਦੀਪ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।