ਭਗਤਾ ਭਾਈ ਵਿੱਚ ਸਾਲਾਨਾ ਭਾਈ ਬਹਿਲੋ ਖੇਡ ਮੇਲਾ ਸਮਾਪਤ
ਪੱਤਰ ਪ੍ਰੇਰਕ
ਭਗਤਾ ਭਾਈ, 31 ਦਸੰਬਰ
ਭਾਈ ਬਹਿਲੋ ਹਾਕੀ ਸੁਸਾਇਟੀ ਭਗਤਾ ਭਾਈ ਵੱਲੋਂ ਭਾਈ ਬਹਿਲੋ ਖੇਡ ਮੇਲਾ-2023 ਹਾਕੀ ਸਟੇਡੀਅਮ ਭਗਤਾ ਭਾਈ ਵਿੱਚ ਕਰਵਾਇਆ ਗਿਆ, ਜਿਸ ਵਿਚ ਹਾਕੀ ਦੀਆਂ 31 ਟੀਮਾਂ, ਬੈਡਮਿੰਟਨ (ਸਿੰਗਲ ਤੇ ਡਬਲਜ਼) ’ਚ 36 ਟੀਮਾਂ ਨੇ ਆਪਣੇ ਜੌਹਰ ਦਿਖਾਏ। ਉਦਘਾਟਨ ਸ਼ਾਸਤਰੀ ਕਮਲਜੀਤ ਸਿੰਘ ਨੇ ਕਰਦਿਆਂ ਪਹੁੰਚੇ ਖਿਡਾਰੀਆਂ ਨੂੰ ਸੁੱਕੇ ਮੇਵੇ ਵਰਤਾਏ ਤੇ ਪ੍ਰਬੰਧਕ ਕਮੇਟੀ ਨੂੰ ਨਗਦ ਰਾਸ਼ੀ ਭੇਟ ਕੀਤੀ। ਵਿਸ਼ੇਸ਼ ਮਹਿਮਾਨ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਤੇ ਗੁਰਪ੍ਰੀਤ ਸਿੰਘ ਮਘੇੜਾ (ਕਨੇਡਾ) ਸਨ। ਭਾਈ ਬਹਿਲੋ ਹਾਕੀ ਸੁਸਾਇਟੀ ਦੇ ਪ੍ਰਧਾਨ ਮਾ. ਜਗਸੀਰ ਸਿੰਘ ਪੰਮਾ ਤੇ ਪ੍ਰੈੱਸ ਸਕੱਤਰ ਰਣਜੀਤ ਸਿੰਘ ਵਕੀਲ ਨੇ ਦੱਸਿਆ ਕਿ ਬੈਡਮਿੰਟਨ (ਸਿੰਗਲ) ’ਚ ਯੋਗੇਸ਼ ਨਿਹਾਲ ਸਿੰਘ ਵਾਲਾ ਅਤੇ ਡਬਲਜ਼ ’ਚ ਮੋਗਾ ਦੀ ਟੀਮ ਜੇਤੂ ਰਹੀ। ਭਾਈ ਬਹਿਲੋ ਹਾਕੀ ਕੱਪ ’ਚ ਬੁੱਟਰ ਕਲਾਂ ਦੀ ਟੀਮ ਨੇ ਛੱਜਾਂਵਾਲ ਦੀ ਟੀਮ ਨੂੰ ਹਰਾਇਆ। ਇਨਾਮ ਵੰਡਣ ਲਈ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾ ਫੂਲ ਨੇ ਕੀਤੀ। ਉਨ੍ਹਾਂ ਹਾਕੀ ਲਈ ਭਗਤਾ ਵਿਖੇ ਐਸਟਰੋਟਰਫ ਲਗਵਾਉਣ ਦਾ ਭਰੋਸਾ ਦਿੱਤਾ। ਹਾਕੀ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 41 ਹਜ਼ਾਰ ਦਰਸ਼ਨ ਸਿੰਘ ਫੌਜੀ ਕੈਨੇਡਾ ਤੇ ਦੂਜਾ ਇਨਾਮ 31 ਹਜ਼ਾਰ ਲੱਖਾ ਅਤੇ ਸੀਰਾ ਯੂਐੱਸਏ ਨੇ ਦਿੱਤਾ। ਸਰਵੋਤਮ ਖਿਡਾਰੀ ਚੁਣੇ ਗੋਲਕੀਪਰ ਗਵੱਈਆ ਢੁੱਡੀਕੇ ਤੇ ਰਵਿੰਦਰ ਘਵੱਦੀ ਕਲਾਂ ਨੂੰ ਸੁੱਖੀ ਨੰਬਰਦਾਰ ਨੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਬੂਟਾ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਸਾਬਕਾ ਪ੍ਰਧਾਨ ਰਾਕੇਸ਼ ਗੋਇਲ, ਸੀਨੀਅਰ ਹਾਕੀ ਖਿਡਾਰੀ ਖੁਸ਼ਵੰਤ ਸਿੰਘ, ਨਛੱਤਰ ਸਿੰਘ ਸਿੱਧੂ, ਰਾਜਵਿੰਦਰ ਭਗਤਾ ਤੇ ਬਹਾਦਰ ਸਿੰਘ ਬਰਾੜ ਹਾਜ਼ਰ ਸਨ।