ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਖਿਆ ਦੇ ਨਿੱਜੀਕਰਨ ਖ਼ਿਲਾਫ਼ ਯੂਨਾਨ ਦੇ ਵਿਦਿਆਰਥੀਆਂ ਦਾ ਰੋਹ

06:14 AM Feb 21, 2024 IST

ਹਰਸ਼ਵਿੰਦਰ ਆਸਟਰੇਲੀਆ

Advertisement

ਨਵੀਆਂ ਆਰਥਿਕ ਨੀਤੀਆਂ ਦੇ ਪ੍ਰਭਾਵ ਹੇਠ ਅਕਾਦਮਿਕ ਸਿੱਖਿਆ ਦਾ ਜਿਣਸੀਕਰਨ ਹੁੰਦਿਆ ਹੀ ਸੰਸਾਰ ਮੰਡੀ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਭਰਮਾਰ ਹੋ ਗਈ। ਹੁਣ ਵੀ ਜਿੱਥੇ ਕਿਤੇ ਜਨਤਕ ਸਿੱਖਿਆ ਲਈ ਥੋੜ੍ਹੀ-ਬਹੁਤ ਥਾਂ ਬਚੀ ਹੈ, ਉਹ ਵੀ ਤੇਜ਼ੀ ਨਾਲ ਖ਼ਤਮ ਕੀਤੀ ਜਾ ਰਹੀ ਹੈ। ਨਿੱਜੀਕਰਨ-ਸੰਸਾਰੀਕਰਨ ਦੀਆਂ ਇਨ੍ਹਾਂ ਨੀਤੀਆਂ ਤਹਿਤ ਯੂਨਾਨ (ਗ੍ਰੀਸ) ਦੇ ਰੂੜੀਵਾਦੀ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਟਾਕਿਸ ਦੁਆਰਾ ਸੰਸਦ ਵਿੱਚ ਬਿੱਲ ਪੇਸ਼ ਕੀਤਾ ਗਿਆ ਜੋ ਦੇਸ਼ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹਣ ਦੀ ਇਜਾਜ਼ਤ ਦੇਵੇਗਾ। ਇਸੇ ਬਿੱਲ ਦੇ ਵਿਰੋਧ ਵਿੱਚ ਪਿਛਲੇ ਹਫ਼ਤਿਆਂ ਤੋਂ ਪੂਰੇ ਯੂਨਾਨ ਵਿੱਚ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਯੂਨਾਨੀ ਸੰਵਿਧਾਨ ਦੀ ਧਾਰਾ 16 ਮੁਫ਼ਤ ਸਿੱਖਿਆ ਦੀ ਗਾਰੰਟੀ ਦਿੰਦੀ ਹੈ; ਵਿਸ਼ੇਸ਼ ਤੌਰ ’ਤੇ ਉਨ੍ਹਾਂ ਸੰਸਥਾਵਾਂ ਦੁਆਰਾ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ ਜਿਨ੍ਹਾਂ ਵਿੱਚ ਸਵੈ-ਸ਼ਾਸਨ ਵਾਲੀਆਂ ਜਨਤਕ ਸੰਸਥਾਵਾਂ ਸ਼ਾਮਲ ਹੁੰਦੀਆਂ ਹਨ।
ਮਿਤਸੋਟਾਕਿਸ ਦੀ ਦਲੀਲ ਹੈ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸ਼ੁਰੂਆਤ ਮੁਕਾਬਲੇ ਨੂੰ ਉਤਸ਼ਾਹਿਤ ਕਰੇਗੀ ਅਤੇ ਜਨਤਕ ਤੇ ਨਿੱਜੀ ਸੰਸਥਾਵਾਂ, ਦੋਵਾਂ ਵਿੱਚ ਨਵੀਨਤਾ ਲਿਆਏਗੀ ਅਤੇ ਸੁਧਾਰ ਕਰੇਗੀ। ਪ੍ਰਧਾਨ ਮੰਤਰੀ ਦੇ ਡਿਪਟੀ, ਪਾਵਲੋਸ ਮਾਰੀਨਾਕਿਸ ਦਾ ਵੀ ਕਹਿਣਾ ਹੈ ਕਿ ਜਦੋਂ ਸਿੱਖਿਆ ਦੇ ‘ਆਧੁਨਿਕੀਕਰਨ’ ਦੀ ਗੱਲ ਆਉਂਦੀ ਹੈ ਤਾਂ ਯੂਨਾਨ ‘ਬਹੁਤ ਸਾਲਾਂ ਤੋਂ ਪਛੜ ਰਿਹਾ ਹੈ’। ਧਾਰਾ 16 ਨੇ ਦਹਾਕਿਆਂ ਤੋਂ ਜਨਤਕ ਯੂਨੀਵਰਸਿਟੀਆਂ ਨੂੰ ਨਿੱਜੀਕਰਨ ਤੋਂ ਸੁਰੱਖਿਅਤ ਰੱਖਿਆ ਹੈ ਅਤੇ ਦੋ-ਪੱਧਰੀ, ਜਨਤਕ-ਪ੍ਰਾਈਵੇਟ ਪ੍ਰਣਾਲੀ ਦੇ ਵਿਕਾਸ ਨੂੰ ਵੀ ਰੋਕਿਆ ਹੈ। ਇਸ ਪ੍ਰਣਾਲੀ ਦਾ ਲਾਭ ਸਿਰਫ਼ ਅਮੀਰ ਪਰਿਵਾਰਾਂ ਦੇ ਬੱਚਿਆਂ ਨੂੰ ਹੋਵੇਗਾ। ਇਸ ਲਈ ਵਿਦਿਆਰਥੀਆਂ ਨੇ ਪ੍ਰਸਤਾਵਿਤ ਬਿੱਲ ਦਾ ਵਿਰੋਧ ਕਰਦਿਆਂ ਕਈ ਵਿਦਿਅਕ ਕੈਂਪਸ ’ਤੇ ਕਬਜ਼ੇ ਵੀ ਕਰ ਲਏ ਹਨ। ਵਿਦਿਆਰਥੀਆਂ ਦੇ ਨਾਅਰੇ ਹਨ- ‘ਇੱਕ ਵੀ ਕਦਮ ਪਿੱਛੇ ਨਹੀਂ ਹਟਣਾ’ ਅਤੇ ‘ਸਾਡੀਆਂ ਡਿਗਰੀਆਂ ਸਾਡਾ ਫੈਸਲਾ’। ਇਹ ਨਾਅਰੇ ਵਿਦਿਆਰਥੀਆਂ ਦੇ ਦ੍ਰਿੜ ਇਰਾਦੇ ਅਤੇ ਜਨਤਕ ਸਿੱਖਿਆ ਪ੍ਰਣਾਲੀ ਪ੍ਰਤੀ ਸਰੋਕਾਰ ਦਾ ਸੰਕੇਤ ਹਨ।
ਜ਼ਿਆਦਾਤਰ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਸਮੂਹ ਅਸੈਂਬਲੀਆਂ ਨੇ ਸੰਘਰਸ਼ ਅੱਗੇ ਵਧਾਉਣ ਲਈ ਵੋਟ ਦਿੱਤੀ ਹੈ ਜਿਸ ਦੀ ਮਹੱਤਵਪੂਰਨ ਉਦਾਹਰਨ ਮੈਸੇਡੋਨੀਆ ਯੂਨੀਵਰਸਿਟੀ ਹੈ। ਉੱਥੇ ਪਿਛਲੇ ਹਫ਼ਤੇ 800 ਤੋਂ ਵੱਧ ਵਿਦਿਆਰਥੀਆਂ ਦੀ ਅਸੈਂਬਲੀ ਨੇ 77 ਪ੍ਰਤੀਸ਼ਤ ਦੀ ਬਹੁਮਤ ਵੋਟ ਵਿੱਚ ਯੂਨੀਵਰਸਿਟੀ ’ਤੇ ਕਬਜ਼ੇ ਨੂੰ ਵਧਾਉਣ ਲਈ ਵੋਟ ਦਿੱਤੀ। ਖੱਬੇ ਪੱਖੀ ਨਿਊਜ਼ ਸਾਈਟ ਏਪੋਹੀ ’ਤੇ ਨਸ਼ਰ ਲੇਖ ਵਿਚ ਯੂਨੀਵਰਸਿਟੀ ਯੂਨੀਅਨਾਂ ਦੇ ਚੁਣੇ ਹੋਏ ਨੁਮਾਇੰਦੇ ਫੋਵੋਸ ਜ਼ੈਂਟੇਸ, ਇਓਨਾ ਮਪੌਟਜ਼ਾ ਅਤੇ ਹੈਰਿਸ ਹਲਾਕਟੇਵਾਕਿਸ ਲਿਖਦੇ ਹਨ, “ਸਾਡੀਆਂ ਮੰਗਾਂ ਹਰ ਮਜ਼ਦੂਰ ਯੂਨੀਅਨ ਵਿਚ, ਹਰ ਸੰਗਠਨ ਵਿਚ, ਹਰ ਕੈਫੇ ਵਿਚ, ਹਰ ਰੋਜ਼ ਦੀ ਗੱਲਬਾਤ ਬਣ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਹ (ਮਸਲਾ) ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ।”
ਯੂਨਾਨ ਵਿੱਚ ਸਿੱਖਿਆ ਦੇ ਨਿੱਜੀਕਰਨ ਦੀ ਕੋਸ਼ਿਸ਼ ਕੋਈ ਨਵੀਂ ਗੱਲ ਨਹੀਂ ਹੈ। 2004 ਵਿੱਚ ਪ੍ਰਧਾਨ ਮੰਤਰੀ ਕੋਨਸਟੈਂਟੀਨੋਸ ਕਰਾਮਨਲਿਸ ਦੀ ਰੂੜੀਵਾਦੀ ਸਰਕਾਰ ਮਜ਼ਬੂਤ ਚੁਣਾਵੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਕਾਮਿਆਂ ਅਤੇ ਵਿਦਿਆਰਥੀਆਂ ਵਿਰੁੱਧ ਹਮਲਿਆਂ ਦੀ ਲਹਿਰ ਨੂੰ ਅੰਜਾਮ ਦੇਣ ਲਈ ਤਿਆਰ ਸੀ। ਉਨ੍ਹਾਂ ਹਮਲਿਆਂ ਵਿੱਚੋਂ ਇੱਕ ਸੀ ਧਾਰਾ 16 ਮੁੜ ਲਿਖਣੀ। ਅਪਰੈਲ 2006 ਵਿੱਚ ਯੂਨਾਨੀ ਵਿਦਿਆਰਥੀਆਂ ਨੇ ਸੜਕਾਂ ’ਤੇ ਕਦਮ ਰੱਖਣ ਦੇ ਐਸੇ ਪੂਰਨੇ ਪਾਏ ਕਿ ਅਗਲੇ ਮਹੀਨੇ ਵਿਸ਼ਾਲ ਰੈਲੀ ਤੋਂ ਬਾਅਦ 15 ਯੂਨੀਵਰਸਿਟੀਆਂ ਨੂੰ ਸਿਖਿਆਰਥੀਆਂ ਨੇ ਆਪਣੇ ਅਧੀਨ ਕਰ ਲਿਆ। ਜੂਨ ਤੱਕ ਅਮਲੀ ਤੌਰ ’ਤੇ ਸਾਰੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਪ੍ਰਭਾਵਿਤ ਕਰਨ ਵਾਲੇ 420 ਵਿਦਿਆਰਥੀ ਕੇਂਦਰਾਂ ਉੱਤੇ ਕਬਜ਼ਾ ਕੀਤਾ ਗਿਆ। ਸਤੰਬਰ ਵਿੱਚ ਯੂਨੀਵਰਸਿਟੀ ਅਧਿਆਪਕਾਂ ਨੇ ਸਿੱਖਿਆ ’ਤੇ ਹਮਲਿਆਂ ਵਿਰੁੱਧ ਅਣਮਿੱਥੇ ਸਮੇਂ ਲਈ ਹੜਤਾਲ ਵਿੱਚ ਸ਼ਮੂਲੀਅਤ ਕੀਤੀ। ਹੜਤਾਲ ਛੇ ਹਫ਼ਤਿਆਂ ਬਾਅਦ ਖ਼ਤਮ ਹੋ ਗਈ। ਇਸ ਲਹਿਰ ਨੇ ਸਰਕਾਰ ਨੂੰ ਫੈਸਲਾ ਬਦਲਣ ਲਈ ਮਜਬੂਰ ਕੀਤਾ। ਦਸੰਬਰ ਤੱਕ ਸਪੱਸ਼ਟ ਹੋ ਗਿਆ ਸੀ ਕਿ ਸੰਵਿਧਾਨਕ ਸੋਧ ਦੀ ਤਜਵੀਜ਼ ਕਰਨ ਵਾਲੇ ਬਿੱਲ ਨੂੰ ਸੰਸਦ ਵਿੱਚ ਲੋੜੀਂਦਾ ਸਮਰਥਨ ਨਹੀਂ ਮਿਲੇਗਾ ਜਿਸ ਦਾ ਕਾਰਨ ਜਨਤਕ ਅੰਦੋਲਨ ਨੂੰ ਮੰਨਿਆ ਜਾ ਸਕਦਾ ਹੈ। ਜੱਥੇਬੰਦ ਵਿਦਿਆਰਥੀਆਂ ਨੇ ਜਨਤਕ ਸੰਘਰਸ਼ ਦੀ ਤਾਕਤ ਰਾਹੀਂ ਬਿੱਲ ਨੂੰ ਹਰਾਇਆ।
ਅੱਜ ਦੇ ਵਿਦਿਆਰਥੀ 2006 ਵਾਲੇ ਸੰਘਰਸ਼ ਨੂੰ ਯਾਦ ਕਰਦੇ ਹਨ ਅਤੇ ਇਸ ਤੋਂ ਪ੍ਰੇਰਨਾ ਲੈ ਰਹੇ ਹਨ। ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਵਿਦਿਆਰਥੀਆਂ ਨੇ ਸਰਕਾਰ ਦੀ ਇੱਛਾ ਦੇ ਉਲਟ ਜਨਵਰੀ ਵਿੱਚ ਬਿੱਲ ਪਾਸ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਹੈ। ਜੇਕਰ ਬਿੱਲ ਸੰਸਦ ਵਿੱਚ ਵੋਟਾਂ ਲਈ ਪੇਸ਼ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੀਆਂ ਵਿਦਿਆਰਥੀ ਜੱਥੇਬੰਦੀਆਂ, ਟਰੇਡ ਯੂਨੀਅਨਾਂ ‘ਬਲੈਕਆਊਟ’ ਵਾਸਤੇ ਤਿਆਰ ਰਹਿਣ ਲਈ ਕਹਿ ਰਹੀਆਂ ਹਨ। ਯੂਨੀਵਰਸਿਟੀ ਵਰਕਰਜ਼ ਯੂਨੀਅਨ ਨੇ ਵਿਦਿਆਰਥੀ ਮਾਰਚ ਵਿੱਚ ਸ਼ਾਮਲ ਹੋ ਕੇ ਅਤੇ ਵਿਸ਼ਾਲ ਇਕੱਠਾਂ ਵਿੱਚ ਭਾਸ਼ਣ ਦੇ ਕੇ ਪਹਿਲਾਂ ਹੀ ਹਕੂਮਤ ਨੂੰ ਜਵਾਬ ਦੇ ਦਿੱਤਾ ਹੈ। ਵਿਦਿਆਰਥੀਆਂ ਨੇ ਜਾਣ ਲਿਆ ਹੈ ਕਿ ਜਨਤਕ ਸਿੱਖਿਆ ਉੱਤੇ ਹੁੰਦੇ ਹਮਲਿਆਂ ਨੂੰ ਹਰਾਉਣ ਦਾ ਇੱਕੋ-ਇੱਕ ਤਰੀਕਾ ਹੈ ਸਾਂਝੇ ਤੇ ਵਿਸ਼ਾਲ ਜਨਤਕ ਸੰਘਰਸ਼। ਇਹ ਸੰਘਰਸ਼ ਭਾਵੇਂ ਲੰਮਾ ਚੱਲ ਸਕਦਾ ਹੈ ਪਰ ਉਹ ਜਾਣਦੇ ਹਨ ਕਿ ਉਹ ਜਿੱਤ ਸਕਦੇ ਹਨ ਕਿਉਂਕਿ ਉਹ ਪਹਿਲਾਂ ਵੀ ਅਜਿਹੇ ਲੰਮੇ ਸੰਘਰਸ਼ ਲੜ ਚੁੱਕੇ ਹਨ।
ਕਿਰਤੀਆਂ ਲਈ ਜਨਤਕ ਸਿੱਖਿਆ ਪ੍ਰਬੰਧ ਅਤਿ ਲੋੜੀਂਦਾ ਹੈ, ਮਨੁੱਖ ਨੇ ਪਹੀਆ ਬਣਾਉਣ ਤੋਂ ਲੈ ਕੇ ਪੁਲਾੜ ਤੱਕ ਜਾਣ ਦਾ ਸਫ਼ਰ ਸਾਂਝੇ ਗਿਆਨ ਦੇ ਸੰਕਲਪ ਦੇ ਆਧਾਰ ’ਤੇ ਹੀ ਤੈਅ ਕੀਤਾ ਹੈ। ਅੱਜ ਜਦ ਦੁਨੀਆ ਭਰ ਵਿੱਚ ਬਚੇ-ਖੁਚੇ ਲੋਕਤੰਤਰ ਖ਼ੁਰ ਰਹੇ ਹਨ, ਜਨਤਕ ਸੰਸਥਾਵਾਂ ’ਚ ਪ੍ਰਾਈਵੇਟ ਨਿਵੇਸ਼ ਵਧਾਇਆ ਜਾ ਰਿਹਾ ਹੈ, ਇਸ ਦੌਰ ਅੰਦਰ ਸਿੱਖਿਆ ਨੂੰ ਬਚਾਉਣਾ ਸਾਡਾ ਮੁਢਲਾ ਫਰਜ਼ ਬਣਦਾ ਹੈ।
ਸਿੱਖਿਆ ਜਿਹੇ ਬੁਨਿਆਦੀ ਅਧਿਕਾਰ ਨੂੰ ਕਾਇਮ ਰੱਖਣ ਲਈ ਚਾਹੇ ਥੋੜ੍ਹੀ ਬਹੁਤੀ ਆਵਾਜ਼ ਉੱਠਦੀ ਰਹਿੰਦੀ ਹੈ ਪਰ ਇਸ ਆਵਾਜ਼ ਨੂੰ ਹੋਰ ਜ਼ੋਰ-ਸ਼ੋਰ ਨਾਲ ਉਠਾਉਣ ਦੀ ਜ਼ਰੂਰਤ ਹੈ। ਜਦ ਵੀ ਸਿੱਖਿਆ ਦੇ ਨਿੱਜੀਕਰਨ ਖਿਲਾਫ ਲੜਨ ਵਾਲਿਆਂ ਦੀ ਬਾਤ ਪਾਈ ਜਾਵੇਗੀ ਤਾਂ ਇਨ੍ਹਾਂ ਯੂਨਾਨੀ ਵਿਦਿਆਰਥੀਆਂ ਦਾ ਇਹ ਜਨਤਕ ਅਤੇ ਲੰਮਾ ਸੰਘਰਸ਼ ਰਾਹ-ਦਰਸਾਵਾ ਅਤੇ ਪ੍ਰੇਰਨਾ ਸ੍ਰੋਤ ਬਣਦਾ ਰਹੇਗਾ।
ਸੰਪਰਕਃ 61-0414-101-993

Advertisement
Advertisement