ਤੀਆਂ ਦੇ ਬਦਲੇ-ਬਦਲੇ ਰੰਗ
ਜੋਧ ਸਿੰਘ ਮੋਗਾ
ਫ਼ਾਰਸੀ ਭਾਸ਼ਾ ਦਾ ਸ਼ਬਦ ‘ਸਦੀ’ ਅਰਥ ਸੌ ਸਾਲ, ਹੁਣ ਪੂਰੀ ਤਰ੍ਹਾਂ ਪੰਜਾਬੀ ਦੀ ਝੋਲ਼ੀ ਵਿਚ ਪੈ ਚੁੱਕਿਆ ਹੈ। ਅੱਜ ਅਸੀਂ ਇੱਕੀਵੀਂ ਸਦੀ ਵਿਚ ਰਹਿ ਰਹੇ ਹਾਂ। ਪਿਛਲੀ ਵੀਹਵੀਂ ਸਦੀ ਵਿਚ ਮੈਂ ਸੱਤਰ ਸਾਲ ਗੁਜ਼ਾਰੇ ਹਨ। ਉਰਦੂ ਦਾ ਮਸ਼ਹੂਰ ਰਿਸਾਲਾ ‘ਬੀਸਵੀਂ ਸਦੀ’ ਬੜਾ ਪੜ੍ਹਿਆ; ‘ਪ੍ਰੀਤਲੜੀ’, ‘ਮੌਜੀ’ ਵੀ ਪੜ੍ਹੇ। ਹਿਟਲਰ ਤੇ ਚਰਚਲ ਚਰਚਲ ਖੇਡੇ ਅਤੇ ਜੰਗ ਵੀ ਦੇਖੀ। ਐਟਮ ਬੰਬ ਦੇ ਮੀਲਾਂ ਉੱਚੇ ਧੂੰਏਂ ਦੀਆਂ ਮੂਰਤਾਂ ਵੀ ਦੇਖੀਆਂ। ਇਹ ਸਭ ਵੀਹਵੀਂ ਸਦੀ ਦੀਆਂ ਪੁਰਾਣੀਆਂ ਗੱਲਾਂ ਹਨ।
ਅੱਜ ਦੀ ਇੱਕੀਵੀਂ ਸਦੀ ਨੂੰ ਮੈਂ ਮਾਡਰਨ ਸਦੀ ਆਖਦਾ ਹਾਂ ਜਿਸ ਵਿਚ ਸਭ ਕੁਝ ਬਦਲ ਕੇ ਮਾਡਰਨ ਹੋ ਚੱਲਿਆ ਹੈ; ਕੁੱਲੀ, ਜੁੱਲੀ ਅਤੇ ਗੁੱਲੀ ਵੀ, ਤਿੰਨੇ ਹੀ। ਘਰਾਂ ਤੋਂ ਫ਼ਲੱਸ਼ਾਂ ਵਾਲੀਆਂ ਮਾਡਰਨ ਕੋਠੀਆਂ, ਪਜਾਮਿਆਂ ਤੋਂ ਪਾਈਪ ਟਾਈਟ ਪਾਟੀਆਂ ਜੀਨਾਂ, ਸਾਈਕਲ ਤੋਂ ਬਾਈਕ, ਤੱਪੜਾਂ ਵਾਲੇ ਸਕੂਲਾਂ ਤੋਂ ‘ਸਮਾਰਟ’ ਸਕੂਲ। ਬੱਤਿਆਂ ਤੋਂ ਲਿਮਕੇ ਅਤੇ ਕੋਕੇ। ਲਾਵਾਂ ਅਤੇ ਆਨੰਦ ਕਾਰਜ ਵੀ ਜੱਜ ਹੀ ਕਚਹਿਰੀਆਂ ਵਿੱਚ ਕਰਾਉਣ ਲੱਗ ਪਏ ਹਨ; ਹੋਰ ਤਾਂ ਹੋਰ, ਤਿਉਹਾਰ ਵੀ ਮਾਡਰਨ ਹੋ ਚੱਲੇ। ਦੀਵਾਲੀ, ਦਸਹਿਰੇ, ਲੋਹੜੀ ਦੀ ਗੱਲ ਫਿਰ ਕਦੇ ਸਹੀ... ਅੱਜ ਗੱਲ ਤੀਆਂ ਦੀ ਕਰੀਏ।
ਮਾਡਰਨ ਤੀਆਂ ਤੋਂ ਪਹਿਲਾਂ ਵੀਹਵੀਂ ਸਦੀ ਦੀਆਂ ਤੀਆਂ ’ਤੇ ਝਾਤ ਮਾਰ ਲਈਏ। ਮੈਂ ਮੋਗੇ ਦੀਆਂ ਪੁਰਾਣੀਆਂ ਤੀਆਂ ਬੜਾ ਚਿਰ ਦੇਖੀਆਂ ਹਨ। ਸਤਿਆਰਥੀ ਦੇ ‘ਗਿੱਧੇ’ ਵਿੱਚੋਂ ਨਹੀਂ, ਬੋਲੀ ਆਮ ਹੀ ਪੈਂਦੀ ਹੁੰਦੀ ਸੀ:
ਸਾਉਣ ਮਹੀਨਾ ਆਇਆ ਕੁੜੀਓ, ਮੋਗੇ ਲੱਗੀਆਂ ਤੀਆਂ।
ਖੀਰਾਂ ਪੂੜੇ ਅੰਬ, ਗੁਲਗੁਲੇ, ਛਹਿਬਰ ਲਾਈ ਮੀਂਹਾਂ,
ਨੂੰਹਾਂ ਘੱਗਰੇ ਹਰੀ ਛੈਲ ਦੇ ਪੀਂਘਾਂ ਝੂਟਣ ਧੀਆਂ।
ਇਹ ਤੀਆਂ ਪੁਰਾਣੇ ਮੋਗੇ ਇੱਕੋ ਥਾਂ ਲਗਦੀਆਂ ਸਨ। ਜਿੱਥੇ ਅੱਜ ਨਵਾਂ ਮਾਡਰਨ ਪਟਵਾਰਖਾਨਾ ਬਣਿਆ ਹੈ, ਉਸ ਦੇ ਪੂਰਬ ਵੱਲ ਛੋਟਾ ਛੱਪੜ ਹੁੰਦਾ ਸੀ ਜਿਸ ਦੇ ਉਦਾਲੇ ਪੰਜ ਵੱਡੇ ਪਿੱਪਲ ਸਨ। ਅੱਜ ਬੱਸ ਇੱਕੋ ਬਚਿਆ ਹੈ। ਇਨ੍ਹਾਂ ਪਿੱਪਲਾਂ ’ਤੇ ਪੀਂਘਾਂ ਪੈਂਦੀਆਂ ਸਨ। ਚੰਗੇ ਟਾਹਣੇ ਲੋਕੀਂ ਪਹਿਲਾਂ ਹੀ ਮੱਲ ਲੈਂਦੇ ਸਨ ਅਤੇ ਦਸ ਦਿਨ ਮੱਲੀ ਰੱਖਦੇ ਸਨ। ਟਾਹਣਿਆਂ ਪਿੱਛੇ ਲੜਾਈਆਂ ਵੀ ਹੋ ਜਾਂਦੀਆਂ ਸਨ ਕਿਉਂਕਿ ਪੀਂਘਾਂ ਵਾਲੇ ਇਕ ਵਾਰੀ ਦਾ ਆਨਾ ਲੈਂਦੇ ਸਨ ਅਤੇ ਚੰਗੀ ਖੱਟੀ ਹੋ ਜਾਂਦੀ ਸੀ। ਪੀਂਘ ਚੜ੍ਹਾ ਕੇ ਉੱਤੋਂ ਪੱਤਾ ਤੋੜ ਕੇ ਲਿਆਉਣ ਦੀਆਂ ਸ਼ਰਤਾਂ ਵੀ ਲੱਗ ਜਾਂਦੀਆਂ ਸਨ। ਕਈ ਤਕੜੀਆਂ ਨੂੰਹਾਂ ਧੀਆਂ ਚੁੰਨੀਆਂ ਲਾਹ, ਗੁੱਤਾਂ ਬੰਨ੍ਹ, ਜੁੱਤੀਆਂ ਸੁੱਟ, ਜ਼ੋਰ ਲਾ ਕੇ ਸ਼ਰਤਾਂ ਜਿੱਤਦੀਆਂ ਸਨ। ਸ਼ਰਤਾਂ ਪੈਸਿਆਂ ਦੀਆਂ ਨਹੀਂ, ਗੋਲਗੱਪਿਆਂ ਜਾਂ ਪਕੌੜਿਆਂ ਦੀਆਂ। ਦਸ ਦਿਨ ਪੂਰੀ ਰੌਣਕ ਹੁੰਦੀ ਸੀ।
ਤੀਆਂ ’ਚ ਮੁੰਡਿਆਂ ਖੁੰਡਿਆਂ ਨੂੰ ਵੜਨ ਨਹੀਂ ਸੀ ਦਿੱਤਾ ਜਾਂਦਾ। ਦੋ ਸਿਪਾਹੀ ਪਰੇ ਮੰਜੀ ਡਾਹ ਕੇ ਬੈਠੇ ਹੁੰਦੇ ਸਨ ਅਤੇ ਲਾਲ ਪੱਗਾਂ ਦੇਖ ਕੇ ਕੋਈ ਨੇੜੇ ਨਹੀਂ ਸੀ ਲਗਦਾ। ਤੀਆਂ ’ਚ ਆਉਣ ਵਾਲੀਆਂ ਨਵੀਆਂ ਨੂੰਹਾਂ ਨੇ ਹਰੀ ਛੈਲ ਦੇ ਘੱਗਰੇ ਪਾਏ ਹੁੰਦੇ ਸੀ ਅਤੇ ਬਾਜ਼ਾਰ ਵਾਲੇ ਤਖ਼ਤਪੋਸ਼ ’ਤੇ ਬੈਠੇ ਬਾਬਿਆਂ ਨੂੰ ਦੇਖ ਕੇ ਲੰਮੇ ਘੁੰਡ ਕੱਢ ਲੈਂਦੀਆਂ ਸਨ ਪਰ ਤੀਆਂ ’ਚ ਵੜਦੇ ਸਾਰ ਘੱਗਰਿਆਂ ਦੀ ਪੰਡ ਬੱਝ ਜਾਂਦੀ ਸੀ ਅਤੇ ਜਾ ਪੀਂਘਾਂ ਦੁਆਲੇ ਹੰੁਦੀਆਂ ਨਵੀਆਂ ਵਿਆਹੀਆਂ ਕੁੜੀਆਂ ਸਹੇਲੀਆਂ ਨੂੰ ਜੱਫੀ ਪਾ ਕੇ ਮਿਲਦੀਆਂ; ਇਕ ਦੂਜੀ ਦੇ ਸੱਗੀ ਫੁੱਲ, ਕਾਂਟੇ ਅਤੇ ਚੂੜੀਆਂ ਦੇਖਦੀਆਂ, ਮਖੌਲ ਕਰਦੀਆਂ ਅਤੇ ਖਿੜ-ਖਿੜ ਸੱਚੀਂ-ਮੁੱਚੀਂ ਦੇ ਹਾਸੇ ਖਲਾਰਦੀਆਂ। ਖਾਣ ਪੀਣ ਦੀ ਗੱਲ? ਉਸ ਸਮੇਂ ਤਾਂ ਬਹੁਤੇ ਗੋਲਗੱਪੇ, ਭੱਲੇ, ਫਲੌਰੀਆਂ, ਸ਼ਕਰਕੰਦੀ ਦੀ ਚਾਟ, ਪਕੌੜੇ, ਜਾਮਣਾਂ, ਚੂਪਣ ਵਾਲੇ ਅੰਬ, ਖੋਏ ਮਲਾਈ ਕੀ ਬਰਫ਼, ਸੇਵੀਆਂ, ਫਲੂਦਾ, ਘੜੇ ਵਾਲੀ ਕੁਲਫ਼ੀ ਜਾਂ ਬੱਤੇ ਹੀ ਹੁੰਦੇ ਸਨ।
ਆਓ ਹੁਣ ਚੱਲੀਏ ਦੇਖਣ ਅੱਜ ਦੀਆਂ ਮਾਡਰਨ ਤੀਆਂ ਜੋ ਇਕ ਥਾਂ ਨਹੀਂ, ਕਈ ਥਾਂ ਲਗਦੀਆਂ ਹਨ। ਇਹ ਵਿਆਹ ਮਹੱਲ ਤਾਂ ਕਿਸੇ ਨੇ ਆਪਣੀਆਂ ਤੀਆਂ ਵਾਸਤੇ ਬੁੱਕ ਕਰਾਇਆ ਹੋਇਆ ਹੈ। ਕਸ਼ਮੀਰ ਪਾਰਕ ਵਿਚ ਰੁੱਖ ਤਾਂ ਬੜੇ ਹਨ ਪਰ ਪੀਂਘ ਇਕ ਵੀ ਨਹੀਂ। ਪੰਜ ਛੇ ਝੂਲੇ ਲੱਗੇ ਹਨ ਜਿਨ੍ਹਾਂ ਨੂੰ ਬਿਜਲੀ ਜਾਂ ਜੈਨਰੇਟਰ ਧੂੰਏਂ ਸਣੇ ਚਲਾਉਂਦਾ ਹੈ। ਵੱਡਾ ਚੰਡੋਲ ਹੈ, ਪੰਗੂੜੇ ਅਸਮਾਨ ਦੀ ਸੈਰ ਕਰਾਉਂਦੇ ਹਨ, ਕਿਸੇ ਦਾ ਜ਼ੋਰ ਨਹੀਂ ਲਗਦਾ, ਬਿਜਲੀ ਦਾ ਹੀ ਲਗਦਾ ਹੈ। ਨਾਲੇ ਹੁਣ ਕਿਸੇ ਕੁੜੀ ਨੂੰ ਪੀਂਘ ਚੜ੍ਹਾਉਣੀ ਵੀ ਤਾਂ ਨਹੀਂ ਆਉਂਦੀ।
ਅੱਜ ਦੀਆਂ ਤੀਆਂ ਸ਼ਾਇਦ ਸਿਰਫ਼ ਖਾਣ ਪੀਣ ਵਾਸਤੇ ਹੀ ਲਗਦੀਆਂ ਹਨ। ਸਦਾ ਬਹਾਰ ਕਰਾਰੇ ਗੋਲਗੱਪੇ, ਲੰਮੀਆਂ ਮੋਟੀਆਂ ਲਾਲਾਂ ਛਡਦੇ ਪੀਜ਼ੇ, ਬਰਗਰ, ਕੁਲਚੇ ਛੋਲੇ, ਬੰਦ ਸ਼ੀਸ਼ੀਆਂ ’ਚ ਲਾਹੌਰੀ ਜੀਰਾ, ਗੰਨੇ ਦਾ ਰਸ, ਜਲੇਬੀਆਂ, ਚਾਟ, ਰੰਗ-ਬਰੰਗੀਆਂ ਆਈਸ ਕਰੀਮਾਂ, ਫੂਕ ਭਰੇ ਰੰਗ-ਬਰੰਗੇ ਲਫ਼ਾਫਿ਼ਆਂ ’ਚ ਦੋ ਕੁ ਆਲੂ ਦੀਆਂ ਛਿੱਲਾਂ ਜਾਂ ਕੁਰਕੁਰੇ ਹੋਰ ਵੀ ਬੜਾ ਕੁਝ ਹੈ ਪਰ ਸੰਤਰੀ ਨੋਟ ਖਰਚਿਆਂ ਜਾਂਦਾ ਹੈ।
ਸਲਵਾਰਾਂ, ਘੱਗਰੇ, ਚੁੰਨੀਆਂ, ਗੁੱਤਾਂ, ਪਰਾਂਦੇ ਕਿਤੇ ਨਹੀਂ ਦਿਸਦੇ। ਜੀਨਾਂ, ਰੰਗ-ਬਰੰਗੀਆਂ ਪਜਾਮੀਆਂ, ਇਕ ਲੱਤ ਹਰੀ ਇਕ ਲਾਲ। ਵਾਲਾਂ ਦੀ ਗੱਲ ਤਾਂ ਨਾ ਹੀ ਕਰੀਏ ਤਾਂ ਚੰਗਾ ਹੈ। ਅੱਗੇ ਗੁੱਤ ਹੁੰਦੀ ਸੀ ਜਰਗ ਦਾ ਮੇਲਾ ਪਰ ਅੱਜ ਹੋ ਗਏ ਨੇ ਕਈ ਕੱਟ। ਅੱਜ ਵਿਚੇ ਮੁੰਡੇ, ਵਿਚੇ ਕੁੜੀਆਂ। ਕੱਪੜਿਆਂ ਤੋਂ ਪਤਾ ਨਹੀਂ ਲਗਦਾ ਮਾਂ ਹੈ, ਧੀ ਹੈ ਕਿ ਨੂੰਹ; ਕੁਆਰੀ ਹੈ ਕਿ ਵਿਆਹੀ, ਭੈਣ ਹੈ ਕਿ ਘਰਵਾਲੀ ਕਿ ਕੁਝ ਹੋਰ। ਕਈ ਵਾਰੀ ਤਾਂ ਪਤਾ ਨਹੀਂ ਲਗਦਾ ਮੁੰਡਾ ਹੈ ਕਿ ਕੁੜੀ। ਬੜਾ ਕੁਝ ਮਾਡਰਨ ਹੋ ਗਿਆ। ਹਾਂ, ਜੀਨ ਵਾਲੀ ਕੁੜੀ ਤੋਂ ਪੁੱਛ ਬੈਠਾ, “ਓ ਬੇਟੀ, ਤੀਆਂ ਤੀਜ ਦੀਆਂ ਕਿਉਂ ਕਹਿੰਦੇ ਹਾਂ?” ਉਸ ਨੇ ਬੁੱਲ੍ਹ ਜਿਹੇ ਅਟੇਰ ਕੇ ਸਿਰ ਮਾਰ ਦਿੱਤਾ।
ਸਮੇਂ ਅਨੁਸਾਰ ਬਦਲਣਾ, ਮਾਡਰਨ ਹੋਣਾ ਜ਼ਰੂਰੀ ਹੈ ਅਤੇ ਲੋੜ ਵੀ ਹੈ ਪਰ ਮੋਬਾਈਲ ਫੋਨਾ ਵਾਂਗ ਲੋੜ ਤੋਂ ਵੱਧ ਨਾ ਹੋਵੇ।
ਖ਼ਬਰ ਲੱਗੀ ਹੈ ਕਿ ਜੇ ਬਾਈਵੀਂ ਸਦੀ ਆਈ ਤਾਂ ਤੀਆਂ ਚੰਦ ’ਤੇ ਲੱਗਿਆ ਕਰਨਗੀਆਂ। ਚਲੋ ਚੰਗਾ। ਕੁੜੀ ਦੀ ਪੀਂਘ ਛੇ ਗੁਣਾ ਉੱਚੀ ਜਾਵੇਗੀ; ਚੰਦ ’ਤੇ ਭਾਰ ਤੀਹ ਕਿੱਲੋ ਦੀ ਥਾਂ ਪੰਜ ਕਿੱਲੋ ਰਹਿ ਜਾਵੇਗਾ। ਮਹਿੰਗਾਈ ਹੋਰ ਹੋ ਜਾਣੀ ਹੈ, ਅੱਜ ਹੀ ਚੰਦ ’ਤੇ ਪੀਂਘ ਬੁੱਕ ਕਰਵਾ ਲਵੋ...।
ਸੰਪਰਕ (ਵਟਸਐੱਪ): 62802-58057