ਪਹਿਲਾਂ ਹੀ ਖਸਤਾ ਹਾਲ ਸਕੂਲਾਂ ਨੂੰ ਪਈ ਹੜ੍ਹ ਦੀ ਮਾਰ
ਅਕਾਂਕਸ਼ਾ ਐੱਨ ਭਾਰਦਵਾਜ
ਜਲੰਧਰ, 31 ਜੁਲਾਈ
ਕਸਬਾ ਲੋਹੀਆਂ ਦੇ ਸਰਕਾਰੀ ਸਕੂਲਾਂ ਦੀ ਹਾਲਤ ਪਹਿਲਾਂ ਹੀ ਖਸਤਾ ਸੀ ਤੇ ਹੁਣ ਹੜ੍ਹ ਦੀ ਮਾਰ ਹੇਠ ਆ ਕੇ ਇਨ੍ਹਾਂ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਹੜ੍ਹਾਂ ਤੋਂ ਪਹਿਲਾਂ ਹੀ ਸਥਾਨਕ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਇਨ੍ਹਾਂ ਸਕੂਲਾਂ ਦੀਆਂ ਢਹਿ ਰਹੀਆਂ ਕੰਧਾਂ, ਕਮਰਿਆਂ ਦੀਆਂ ਚੋਂਦੀਆਂ ਛੱਤਾਂ ਤੇ ਟੁੱਟੇ ਹੋਏ ਪਖਾਨਿਆਂ ਦੀ ਮੁਰਮੰਤ ਕਰਨ ਲਈ ਫੰਡ ਮੰਗੇ ਗਏ ਸਨ। ਹੁਣ ਹੜ੍ਹ ਆਉਣ ਮਗਰੋਂ ਜਾਨੀਆ ਚਾਹਲ, ਚੱਕ ਮੰਡਾਲਾ, ਜਲਾਲਪੁਰ ਖੁਰਦ, ਮੁੰਡੀ ਚੋਹਲੀਆਂ ਅਤੇ ਮੁੰਡੀ ਸ਼ਹਿਰੀਆਂ ਸਥਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਹਾਲਤ ਹੋਰ ਵਿਗੜ ਗਈ ਹੈ। ਜਾਣਕਾਰੀ ਅਨੁਸਾਰ ਜਲਾਲਪੁਰ ਖੁਰਦ ਵਾਲੇ ਸਕੂਲ ਵਿੱਚ ਪਖਾਨੇ ਅਤੇ ਸਕੂਲ ਦੇ ਦੋ ਕਮਰੇ ਪਹਿਲਾਂ ਹੀ ਵਰਤਣ ਯੋਗ ਨਹੀਂ ਸਨ ਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ 43 ਵਿਦਿਆਰਥੀਆਂ ਨੂੰ ਬਾਕੀ ਦੋ ਕਮਰਿਆਂ ਵਿੱਚ ਬਿਠਾ ਕੇ ਹੀ ਪੜ੍ਹਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਜਾਨੀਆ ਚਾਹਲ ਦੇ ਪ੍ਰਾਇਮਰੀ ਸਕੂਲ ਵਿੱਚ ਛੱਤ ਤੋਂ ਸੀਮਿੰਟ ਝੜ ਰਿਹਾ ਸੀ, ਛੱਤ ਚੋ ਰਹੀ ਸੀ ਤੇ ਪਖਾਨੇ ਡਿੱਗਣ ਵਾਲੇ ਸਨ। ਹੜ੍ਹ ਦਾ ਪਾਣੀ ਭਰਨ ਮਗਰੋਂ ਇਹ ਹਾਲਤ ਹੋਰ ਵਿਗੜ ਗਈ ਹੈ। ਮੁੰਡੀ ਸ਼ਹਿਰੀਆਂ ਸਕੂਲ ਦੀ ਚਾਰਦੀਵਾਰੀ ਦਾ ਇੱਕ ਹਿੱਸਾ ਪਹਿਲਾਂ 2019 ਵਿੱਚ ਆਏ ਹੜ੍ਹਾਂ ਦੌਰਾਨ ਡਿੱਗ ਗਿਆ ਸੀ, ਜੋ ਹੁਣ ਤੱਕ ਮੁੜ ਉਸਾਰਿਆ ਨਹੀਂ ਗਿਆ ਸੀ। ਜਲਾਲਪੁਰ ਖੁਰਦ ਸਕੂਲ ਵਿੱਚ ਤਾਂ ਹਰ ਹਲਕੇ ਮੀਂਹ ਤੋਂ ਬਾਅਦ ਪਾਣੀ ਭਰ ਜਾਂਦਾ ਰਿਹਾ ਹੈ ਤੇ ਸਕੂਲ ਦੇ ਟੁੱਟੇ ਹੋਏ ਪਖਾਨਿਆਂ ਕਾਰਨ ਬੱਚਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਡਿਪਟੀ ਜ਼ਿਲ੍ਹਾ ਸਿੱਖਿਆ ਸ੍ਰੀ ਮੰਤਰੀ ਮਨੀਸ਼ ਨੇ ਕਿਹਾ ਕਿ ਸਾਰੇ ਸਕੂਲਾਂ ਨੂੰ ਲੋੜੀਂਦੀ ਗਰਾਂਟ ਭੇਜੀ ਜਾਵੇਗੀ ਤੇ ਕੋਈ ਵੀ ਸਕੂਲ ਹੁਣ ਮੁਰੰਮਤ ਤੋਂ ਵਾਂਝਾ ਨਹੀਂ ਰਹੇਗਾ।