ਹਵਾਈ ਫ਼ੌਜ ਨੇ 68 ਹਜ਼ਾਰ ਸੈਨਿਕ ਪੂਰਬੀ ਲੱਦਾਖ ਪਹੁੰਚਾਏ
ਨਵੀਂ ਦਿੱਲੀ, 13 ਅਗਸਤ
ਗਲਵਾਨ ਘਾਟੀ ’ਚ ਝੜਪਾਂ ਮਗਰੋਂ ਅਸਲ ਕੰਟਰੋਲ ਰੇਖਾ ’ਤੇ ਤਾਇਨਾਤੀ ਲਈ ਭਾਰਤੀ ਹਵਾਈ ਸੈਨਾ ਨੇ 68 ਹਜ਼ਾਰ ਸੈਨਿਕਾਂ, 90 ਟੈਂਕਾਂ ਅਤੇ ਹੋਰ ਹਥਿਆਰ ਪ੍ਰਣਾਲੀਆਂ ਨੂੰ ਪੂਰਬੀ ਲੱਦਾਖ ਪਹੁੰਚਾਇਆ ਹੈ। ਭਾਰਤ ਅਤੇ ਚੀਨ ਵਿਚਕਾਰ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਲਈ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਉੱਚ ਪੱਧਰੀ ਵਾਰਤਾ ਦਾ ਅਗਲਾ ਗੇੜ ਸੋਮਵਾਰ ਨੂੰ ਹੋਵੇਗਾ। ਵਾਰਤਾ ਦੌਰਾਨ ਭਾਰਤ ਪੂਰਬੀ ਲੱਦਾਖ ਦੇ ਬਾਕੀ ਰਹਿੰਦੇ ਇਲਾਕਿਆਂ ’ਚੋਂ ਚੀਨੀ ਫ਼ੌਜਾਂ ਦੀ ਫੌਰੀ ਵਾਪਸੀ ਲਈ ਦਬਾਅ ਬਣਾਏਗਾ।
ਰੱਖਿਆ ਅਤੇ ਸੁਰੱਖਿਆ ਅਦਾਰਿਆਂ ਦੇ ਸੂਤਰਾਂ ਨੇ ਦੱਸਿਆ ਕਿ ਖ਼ਿੱਤੇ ’ਚ ਦੁਸ਼ਮਣ ’ਤੇ 24 ਘੰਟੇ ਨਜ਼ਰ ਰੱਖਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਹਵਾਈ ਸੈਨਾ ਨੇ ਸੁਖੋਈ 30 ਐੱਮਕੇਆਈ ਅਤੇ ਜੈਗੁਆਰ ਜੈੱਟ ਵੀ ਤਾਇਨਾਤ ਕੀਤੇ ਹਨ। ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ 15 ਜੂਨ, 2020 ਨੂੰ ਹੋਈਆਂ ਝੜਪਾਂ ਮਗਰੋਂ ਲੜਾਕੂ ਜਹਾਜ਼ਾਂ ਦੀਆਂ ਕਈ ਸਕੁਐਡਰਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸੂਤਰਾਂ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਤਣਾਅ ਵਾਲੇ ਇਲਾਕਿਆਂ ’ਚ ਵਿਸ਼ੇਸ਼ ਅਪਰੇਸ਼ਨ ਤਹਿਤ ਬਹੁਤ ਹੀ ਥੋੜ੍ਹੇ ਵਕਫ਼ੇ ਅੰਦਰ ਹਵਾਈ ਸੈਨਾ ਦੇ ਮਾਲਵਾਹਕ ਬੇੜਿਆਂ ਨੇ ਜਵਾਨ ਅਤੇ ਹਥਿਆਰ ਤਾਇਨਾਤ ਕਰ ਦਿੱਤੇ ਸਨ। ਖ਼ਿੱਤੇ ’ਚ ਲਗਾਤਾਰ ਵਧ ਰਹੇ ਤਣਾਅ ਨੂੰ ਦੇਖਦਿਆਂ ਹਵਾਈ ਸੈਨਾ ਨੇ ਚੀਨੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਵੱਡੀ ਗਿਣਤੀ ’ਚ ਰਿਮੋਟਲੀ ਪਾਇਲੈਟਿਡ ਏਅਰਕ੍ਰਾਫਟ (ਆਰਪੀਏ) ਵੀ ਤਾਇਨਾਤ ਕੀਤੇ ਹਨ। ਉਥੇ ਕਰੀਬ 330 ਬੀਐੱਮਪੀ ਇਨਫੈਂਟਰੀ ਕੰਬੈਟ ਵਹੀਕਲਜ਼, ਰਡਾਰ ਪ੍ਰਣਾਲੀਆਂ, ਤੋਪਾਂ ਅਤੇ ਹੋਰ ਕਈ ਸਾਜ਼ੋ-ਸਾਮਾਨ ਵੀ ਪਹੁੰਚਾਏ ਗਏ ਹਨ। ਸੂਤਰਾਂ ਨੇ ਕਿਹਾ ਕਿ ਹਵਾਈ ਸੈਨਾ ਦੇ ਸੀ-130ਜੇ ਸੁਪਰ ਹਰਕੁਲੀਜ਼ ਅਤੇ ਸੀ-17 ਗਲੋਬਮਾਸਟਰ ਸਮੇਤ ਬੇੜੇ ਦੇ ਹੋਰ ਜਹਾਜ਼ਾਂ ਨੇ ਕੁੱਲ 9 ਹਜ਼ਾਰ ਟਨ ਵਜ਼ਨ ਦੀ ਢੋਆ-ਢੁਆਈ ਕੀਤੀ ਜਿਸ ਨਾਲ ਹਵਾਈ ਸੈਨਾ ਦੀ ਰਣਨੀਤਕ ਤੌਰ ’ਤੇ ਏਅਰਲਿਫਟ ਦੀ ਸਮਰੱਥਾ ਵਧੀ ਹੈ। ਝੜਪਾਂ ਤੋਂ ਬਾਅਦ ਰਾਫ਼ਾਲ ਅਤੇ ਮਿੱਗ-29 ਸਮੇਤ ਕਈ ਲੜਾਕੂ ਜੈੱਟ ਪੂਰਬੀ ਲੱਦਾਖ ’ਚ ਤਾਇਨਾਤ ਕੀਤੇ ਗਏ ਸਨ ਜਦਕਿ ਹਵਾਈ ਸੈਨਾ ਦੇ ਵੱਖ ਵੱਖ ਹੈਲੀਕਾਪਟਰਾਂ ਨੇ ਉੱਚੀ ਚੋਟੀਆਂ ’ਤੇ ਬਣੇ ਫ਼ੌਜੀ ਅੱਡਿਆਂ ’ਚ ਗੋਲੀ-ਸਿੱਕਾ ਅਤੇ ਹੋਰ ਸਾਮਾਨ ਪਹੁੰਚਾਇਆ। ਹਵਾਈ ਸੈਨਾ ਨੇ ਆਪਣੀ ਹਵਾਈ ਰੱਖਿਆ ਸਮਰੱਥਾ ਵਧਾਉਂਦਿਆਂ ਕਈ ਰਡਾਰਾਂ ਸਮੇਤ ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲੇ ਹਥਿਆਰ ਵੀ ਮੂਹਰਲੇ ਮੋਰਚਿਆਂ ’ਤੇ ਲਿਆਂਦੇ। ਥਲ ਸੈਨਾ ਨੇ ਵੀ ਗਲਵਾਨ ਘਾਟੀ ’ਚ ਹੋਈਆਂ ਝੜਪਾਂ ਮਗਰੋਂ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਨਾਲ ਪਹਾੜੀ ਖ਼ਿੱਤਿਆਂ ’ਚ ਐੱਮ-777 ਅਲਟਰਾ-ਲਾਈਟ ਹੋਵਿਟਜ਼ਰ ਤੋਪਾਂ ਤਾਇਨਾਤ ਕੀਤੀਆਂ ਹਨ। -ਪੀਟੀਆਈ