Mercedes-Benz: ਨਵੇਂ ਸਾਲ ਤੋਂ ਭਾਰਤ ’ਚ ਤਿੰਨ ਫ਼ੀਸਦ ਤੱਕ ਮਹਿੰਗੀਆਂ ਹੋਣਗੀਆਂ ਮਰਸੀਡੀਜ਼-ਬੈਂਜ਼ ਦੀਆਂ ਕਾਰਾਂ
ਨਵੀਂ ਦਿੱਲੀ, 15 ਨਵੰਬਰ
ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪਹਿਲੀ ਜਨਵਰੀ 2025 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ 3 ਫ਼ੀਸਦ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਕਿਹਾ ਕਿ ਲਾਗਤ ਵਿੱਚ ਵਾਧੇ, ਮਹਿੰਗਾਈ ਦੇ ਦਬਾਅ ਅਤੇ ਕਾਫ਼ੀ ਜ਼ਿਆਦਾ ਖ਼ਰਚਿਆਂ ਕਰ ਕੇ ਉਸ ਨੂੰ ਇਹ ਕਦਮ ਉਠਾਉਣਾ ਪੈ ਰਿਹਾ ਹੈ।
ਮਰਸੀਡੀਜ਼-ਬੈਂਜ਼ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਭਾਰਤ ’ਚ ਮਰਸੀਡੀਜ਼-ਬੈਂਜ਼ ਕਾਰਾਂ ਦੀਆਂ ਕੀਮਤਾਂ ਜੀਐੱਲਸੀ (GLC) ਲਈ ਦੋ ਲੱਖ ਰੁਪਏ ਅਤੇ ਮਰਸੀਡੀਜ਼-ਮੇਅਬੈਕ ਐੱਸ (Mercedes-Maybach S) 680 ਲਗਜ਼ਰੀ ਲਿਮੋਜ਼ਿਨ ਲਈ ਨੌਂ ਲੱਖ ਰੁਪਏ ਤੱਕ ਵਧਾਈਆਂ ਜਾਵਣਗੀਆਂ। ਮਰਸੀਡੀਜ਼-ਬੈਂਜ਼ ਇੰਡੀਆ ਦੇ ਐੱਮਡੀ ਅਤੇ ਮੁੱਖ ਕਾਰਜਕਾਰੀ ਅਫ਼ਸਰ ਸੰਤੋਸ਼ ਅਈਅਰ ਨੇ ਕਿਹਾ, ‘‘ਕਾਰੋਬਾਰ ਦੀ ਸਥਿਰਤਾ ਯਕੀਨੀ ਬਣਾਉਣ ਲਈ ਅਸੀਂ ਕੀਮਤਾਂ ’ਚ ਮਾਮੂਲੀ ਵਾਧਾ ਕਰਨ ਦਾ ਫੈਸਲਾ ਲਿਆ ਹੈ।’’
ਉਨ੍ਹਾਂ ਹੋਰ ਕਿਹਾ, "ਭਾਵੇਂ ਅਸੀਂ ਆਪਣੀਆਂ ਸੰਚਾਲਨ ਲਾਗਤਾਂ ਨੂੰ ਅਨੁਕੂਲਿਤ ਕਰ ਕੇ ਅਤੇ ਉੱਚ ਕੁਸ਼ਲਤਾਵਾਂ ਨੂੰ ਚਲਾ ਕੇ ਇਨ੍ਹਾਂ ਲਾਗਤਾਂ ਦੇ ਦਬਾਅ ਨੂੰ ਸਹਿ ਰਹੇ ਹਾਂ ਪਰ ਮੌਜੂਦਾ ਚੁਣੌਤੀਆਂ ਕਾਰਨ ਸਮੁੱਚੀ ਹੇਠਲੀ ਲਾਈਨ ਪ੍ਰਭਾਵਿਤ ਹੋ ਰਹੀ ਹੈ। ਕਾਰੋਬਾਰ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ, ਅਸੀਂ ਕੀਮਤਾਂ ਵਿਚ ਨਾਂਮਾਤਰ ਵਾਧੇ ਦਾ ਫੈਸਲਾ ਕੀਤਾ ਹੈ।’’ ਇਹ ਕੀਮਤ ਵਾਧਾ ਉਨ੍ਹਾਂ ਵਾਹਨਾਂ 'ਤੇ ਲਾਗੂ ਹੋਵੇਗਾ ਜੋ ਵਰਤਮਾਨ ਵਿੱਚ ਸਟਾਕ ਵਿੱਚ ਨਹੀਂ ਹਨ ਅਤੇ ਇਸ ਦਾ 31 ਦਸੰਬਰ, 2024 ਤੱਕ ਦੀਆਂ ਸਾਰੀਆਂ ਮੌਜੂਦਾ ਅਤੇ ਭਵਿੱਖੀ ਬੁਕਿੰਗਾਂ ਲਈ ਕੀਮਤਾਂ ਉਤੇ ਕੋਈ ਅਸਰ ਨਹੀਂ ਪਵੇਗਾ।
ਦੱਸਣਯੋਗ ਹੈ ਕਿ ਵਰਤਮਾਨ ਵਿੱਚ ਮਰਸੀਡੀਜ਼-ਬੈਂਜ਼ ਇੰਡੀਆ ਏ-ਕਲਾਸ ਲਈ 45 ਲੱਖ ਰੁਪਏ ਤੋਂ ਸ਼ੁਰੂ ਹੋ ਕੇ G63 SUV ਲਈ 3.6 ਕਰੋੜ ਰੁਪਏ ਤੱਕ ਦੀਆਂ ਕੀਮਤਾਂ ਵਾਲੇ ਵਾਹਨ ਵੇਚਦੀ ਹੈ। -ਪੀਟੀਆਈ